ਸਲੋਅ ਕੂਕਰ ਵਿੱਚ ਖਾਣਾ ਖਾਣ ਨਾਲ 2 ਔਕਲੈਂਡ ਨਿਵਾਸੀ ਹਸਪਤਾਲ ਵਿੱਚ ਦਾਖਲ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ)-ਸਲੋਅ ਕੂਕਰ ਵਿੱਚ ਘਰ ਦੇ ਬਣੇ ਕੈਸਰੋਲਸ ਖਾਣ ਤੋਂ ਬਾਅਦ 2 ਔਕਲੈਂਡ ਨਿਵਾਸੀਆਂ ਨੂੰ ਪਿਛਲੇ ਦਿਨੀ ਮਿਡਲਮੋਰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ|  ਉਹਨਾ ਨੂੰ ਚੱਕਰ, ਉਲਟੀਆਂ, ਦਿਲ ਦੀ ਧੜਕਣ ਤੇਜ, ਸੁੱਜੀ ਹੋਈ ਜੀਭ ਅਤੇ ਚਿਹਰਾ ਲਾਲ ਅਜਿਹੀਆਂ ਅਲਾਮਤਾਂ ਸਮੇਤ ਹਸਪਤਾਲ ਦਾਖਲ ਕਰਵਾਉਣਾ ਪਿਆ|  ਇਸ ਸਬੰਧੀ ਆਕਲੈਂਡ ਰੀਜਨਲ ਪਬਲਿਕ ਹੈਲਥ ਵੱਲੋਂ ਬਾਕੀ ਬਚੇ ਕੈਸਰੋਲਸ ਦੇ ਸੈਂਪਲ ਲਏ ਗਏ ਪਰ ਉਸ ਵਿੱਚ ਕੋਈ ਵੀ ਜਹਿਰੀਲਾ ਅੰਸ਼ ਹੋਣ ਦੀ ਪੁਸ਼ਟੀ ਨਹੀਂ ਹੋਈ ਅਤੇ ਉਸਤੋਂ ਬਾਅਦ ਡ੍ਰਗ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਇਹਨਾ ਦੋਹਾਂ ਕੈਸਰੋਲਾਂ ਵਿੱਚ ਮਿਥਐਮਫੀਟਾਮੀਨ ਦੇ ਅੰਸ਼ ਮੌਜੂਦ ਹਨ ਅਤੇ ਇਹ ਅੰਸ਼ ਕੁੱਕਰ ਵਿੱਚ ਢੱਕਣ ਅਤੇ ਅੰਦਰ ਵੀ ਹਨ| ਇਹ ਅਕਤੂਬਰ 13 ਵਿੱਚ ਈ ਐਸ ਆਰ ਫਾਰ ਮਨਿਸਟਰੀ ਆਫ ਹੈਲਥ ਦੇ ਪਬਲਿਕ ਹੈਲਥ ਸਰਵੇਲੈਂਸ ਰਿਪੋਰਟ ਵਿੱਚ ਵੀ ਦਰਜ ਹੈ| ਪੁਲੀਸ ਨੂੰ ਇਸ ਸਬੰਧੀ ਇਤਲਾਹ ਦਿੱਤੀ ਗਈ ਪਰ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ| ਇਹ ਕੇਸ ਆਪਣੇ ਆਪ ਵਿੱਚ ਇਕ ਮਿਸਟਰੀ ਬਣਿਆ ਹੋਇਆ ਹੈ|

ਲਓ ਜੀ, ਭੱਜੀ ਬਣ ਗਏ ਆਟੋ ਡਰਾਈਵਰ

ਕੋਲੰਬੋ- ਸ਼੍ਰੀਲੰਕਾ ਖਿਲਾਫ ਦੂਜਾ ਟੈਸਟ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਸੁੱਖ ਦਾ ਸਾਹ ਲਿਆ ਹੈ। ਹੁਣ ਭਾਰਤੀ ਟੀਮ ਤੀਜੇ ਮੁਕਾਬਲੇ ਤੋਂ ਪਹਿਲਾਂ ਆਪਣੇ ਵਿਹਲੇ ਸਮੇਂ ‘ਚ ਮੌਜ ਮਸਤੀ ਕਰ ਰਹੀ ਹੈ।
ਭਾਰਤੀ ਸਪਿਨਰ ਹਰਭਜਨ ਸਿੰਘ ਨੇ ਟੀਮ ਦੇ ਬਾਕੀ ਖਿਡਾਰੀਆਂ ਵਿਰਾਟ ਕੋਹਲੀ, ਸਟੁਅਰਟ ਬਿੰਨੀ ਨਾਲ ਮਿਲ ਕੇ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਸ਼੍ਰੀਲੰਕਾ ‘ਚ ਚੱਲਣ ਵਾਲੇ ਆਟੋ ਰਿਕਸ਼ਾ ”ਟੁਕਟੁਕ” ਦੀ ਸਵਾਰੀ ਕਰ ਰਹੇ ਹਨ। ਇਸ ਤਸਵੀਰ ‘ ਹਰਭਜਨ ਸਿੰਘ ਡਰਾਈਵਰ ਦੀ ਸੀਟ ‘ਤੇ ਬੈਠੇ ਹਨ ਅਤੇ ਵਿਰਾਟ, ਬਿੰਨੀ ਪਿੱਛੇ ਬੈਠੇ ਦਿਖਾਈ ਦੇ ਰਹੇ ਹਨ।
ਹਰਭਜਨ ਸਿੰਘ ਨੇ ਤਸਵੀਰ ਨਾਲ ਲਿੱਖਿਆ, ”ਟੁਕਟਰਕ ਦੀ ਸਵਾਰੀ, ਵਿਰਾਟ ਅਤੇ ਬਿੰਨੀ ਦੇ ਨਾਲ” ਭਾਰਤੀ ਗੇਂਦਬਾਜ਼ ਦੇ ਇਸ ਟਵੀਟ ‘ਤੇ ਟਿੱਪਣੀ ਕਰਦੇ ਹੋਏ ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਜੋਂਟੀ ਰੋਡਜ਼ ਨੇ ਲਿੱਖਿਆ, ”ਕੋਈ ਸ਼ੱਕ ਨਹੀਂ ਹੈ ਕਿ ਭੱਜੀ ਵਧੀਆ ਡਰਾਈਵਰ ਹਨ, ਕਿਉਂਕਿ ਉਹ ਨੈੱਟ ‘ਤੇ ਵੀ ਡਰਾਈਵ ਦੀ ਪ੍ਰੈਕਟਿਸ ਕਰਦੇ ਹਨ।” ਰੋਡਜ਼ ਕਮੈਂਟਰੀ ਟੀਮ ਦਾ ਹਿੱਸਾ ਹਨ ਅਤੇ ਇਸ ਸਮੇਂ ਕੋਲੰਬੋ ‘ਚ ਹੀ ਹਨ। ਇਸ ਤੋਂ ਇਲਾਵਾ ਉਹ ਆਈ. ਪੀ. ਐਲ. ‘ਚ ਮੁੰਬਈ ਇੰਡੀਅਨਜ਼ ਦੇ ਸਟਾਫ ਦਾ ਹਿੱਸਾ ਹਨ, ਜਿਸ ‘ਚ ਹਰਭਜਨ ਸਿੰਘ ਵੀ ਸ਼ਾਮਿਲ ਹਨ।Capture6

ਨਿਊਜੀਲੈਂਡ ਵਿੱਚ 15 ਅਗਸਤ ਬੜੀ ਧੂੰਮ-ਧਾਮ ਨਾਲ ਮਨਾਇਆ ਗਿਆ

photoshop1ਔਕਲੈਂਡ (ਐਨ ਜੈਡ ਤਸਵੀਰ ਬਿਊਰੋ)- ਪੰਜਾਬੀਆਂ ਦੇ ਗੜ੍ਹ  ਪਾਪਾਟੋਏਟੋਏ ਵਿਖੇ ਇੰਡੀਅਨ ਕੀਵੀ ਹਾਲ ਵਿੱਚ ਭਾਰਤ ਦੀ ਅਜਾਦੀ ਦਾ 69ਵਾਂ ਅਜਾਦੀ ਦਿਹਾੜਾ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ| ਜਿਸ ਵਿੱਚ 5 ਭਰਾਤਰੀ ਜਥੇਬੰਦੀਆਂ ਨੇ ਮਿਲਕੇ ਯੋਗਦਾਨ ਪਾਇਆ| ਜਿਸ ਵਿੱਚ ਇੰਡੋ ਐਨ ਜੈਡ ਸੀਨੀਅਰ ਸਿਟੀਜਨ ਐਸੋਸੀਏਸਨ, ਵੂਮੈਨ ਕੇਅਰ ਟ੍ਰਸਟ, ਗੋਪੀਓ (ਗਲੋਬਲ ਆਰਗੇਨਾਈਜੇਸਨ ਆਫ ਇੰਡੀਅਨ ਓਰੀਜਨ), ਕੀਵੀ ਇੰਡੀਅਨ ਟ੍ਰਸਟ, ਪਾਪਾਟੋਏਟੋਏ ਬਿਜਨਸ ਐਂਡ ਰਿਟੇਲਰ ਐਸੋਸੀਏਸਨ ਅਤੇ ਔਕਲੈਂਡ ਐਥਨਿਕ ਐਸੋਸੀਏਸਨ ਦੇ ਸਮੂੰਹ ਮੈਂਬਰ ਸਾਮਲ ਹੋਏ| ਇਸ ਮੌਕੇ ਲਗਭਗ 150 ਭਾਰਤੀ ਮਰਦ ਅਤੇ ਔਰਤਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ| ਇਸ ਸਮੇਂ ਗੋਪੀਓ ਸਾਉਥ ਦੇ ਪ੍ਰਧਾਨ ਨਰਿੰਦਰ ਸਿੰਗਲਾ ਨੇ ਬੋਲਦਿਆਂ ਜਿਥੇ ਸਮੂਹ ਵਾਸੀਆਂ ਨੂੰ ਅਜਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਉਥੇ ਉਹਨਾ ਸੰਖੇਪ ਵਿੱਚ ਕਿਸ ਤਰਾਂ ਭਾਰਤੀ ਮਹਾਨ ਯੋਧਿਆਂ ਨੇ ਲਸਾਨੀ ਕੁਰਬਾਨੀਆਂ ਦੇ ਕੇ ਭਾਰਤ ਨੂੰ ਅਜਾਦ ਕਰਵਾਇਆ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਦੱਸਿਆ| ਇਸ ਤੋਂ ਬਾਅਦ ਨਿਰਮਲਜੀਤ ਸਿੰਘ ਗੁਣੀਆ ਕੀਵੀ ਇੰਡੀਅਨ ਟ੍ਰਸਟ, ਦਰਸ਼ਨ ਸਿੰਘ ਪ੍ਰਧਾਨ ਸੀਨੀਅਰ ਸਿਟੀਜਨ ਐਸੋਸੀਏਸਨ, ਰਜੇਸ ਗੋਇਲ ਪ੍ਰਧਾਨ ਪਾਪਾਟੋਏਟੋਏ ਰਿਟੇਲ ਐਸੋਸੀਏਸਨ ਨੇ ਵੀ ਸਵਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸੰਖੇਪ ਵਿੱਚ ਇਤਿਹਾਸ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸੁਮਨ ਅਤੇ ਰਮਨ ਨੇ ਰਾਸਟਰੀ ਗੀਤ ਗਾਇਨ ਕੀਤਾ| ਛੋਟੇ ਬੱਚਿਆਂ ਵੱਲੋਂ ਗਿੱਧਾ ਭੰਗੜਾ ਅਤੇ ਇਕ ਛੋਟੇ ਬੱਚੇ ਵੱਲੋਂ ਢੋਲ ਦੇ ਡਗੇ ਤੇ ਬਹੁਤ ਹੀ ਖੂਬਸੂਰਤ ਭੰਗੜਾ ਪਾਇਆ| ਅਖੀਰ ਵਿੱਚ ਬਲਜੀਤ ਢੇਲ ਵੂਮੇਨ ਕੇਅਰ ਟ੍ਰਸਟ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਸਮੁੱਚੀ ਕਾਰਵਾਈ ਡਾ ਕਮਲ ਮਹਿੰਦਰਾ ਨੇ ਚਲਾਈ| ਸਾਰੇ ਆਏ ਸੱਜਣਾ ਵੱਲੋਂ ਸੁਖਵਿੰਦਰ ਬਸਰਾ ਕੀਵੀ ਇੰਡੀਅਨ ਟ੍ਰਸਟ ਦਾ ਕੀਤੇ ਹੋਏ ਸੁਚੱਜੇ ਪ੍ਰਬੰਧਾਂ ਲਈ ਧੰਨਵਾਦ ਕੀਤਾ ਗਿਆ| ਬਿਜਨਸ ਰਿਟੇਲ ਐਸੋਸੀਏਸਨ ਵੱਲੋਂ ਹਾਜਰੀਨ ਵਿੱਚੋਂ ਸਟੇਜ ਪ੍ਰਫੋਰਮੈਂਸ ਕਰਨ ਵਾਲਿਆਂ ਲਈ ਵਿਸੇਸ ਇਨਾਮ ਦਿੱਤੇ ਗਏ| ਮਾਹੌਲ ਇੰਨਾ ਰੰਗੀਨ ਸੀ ਕਿ ਭਾਸਣਾਂ, ਗਿੱਧੇ ਅਤੇ ਦੇਸ ਭਗਤੀ ਦੇ ਗੀਤਾਂ ਨਾਲ ਗੜੁੱਚੇ ਮਾਹੋਲ ਨੇ ਇਕ ਵਾਰ ਤਾਂ ਭਾਰਤ ਵਿੱਚ ਹੋ ਰਹੇ ਅਜਾਦੀ ਦਿਵਸ ਦੇ ਜਸਨਾਂ ਦੀ ਯਾਦ ਨੂੰ ਅੱਖਾਂ ਅੱਗੇ ਲੈ ਆਂਦਾ| ਸਾਰੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਚਾਹ, ਪਕੋੜੇ ਅਤੇ ਜਲੇਬੀਆਂ ਸਨੈਕ ਵਜੋਂ ਦਿੱਤੀਆਂ ਗਈਆਂ|
ਔਕਲੈਂਡ ਦੇ ਹੋਰਨਾਂ ਭਾਗਾਂ ਤੋਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਭਾਰਤੀ ਅਜਾਦੀ ਦਾ 69ਵਾਂ ਦਿਹਾੜਾ ਮਨਾਉਣ ਦੀਆਂ ਖਬਰਾਂ ਆਈਆਂ ਹਨ| ਜਿਸ ਵਿੱਚ ਮੈਨੁਕਾਊ ਇੰਡੀਅਨ ਐਸੋਸੀਏਸਨ ਵੱਲੋਂ ਪਾਪਾਟੋਏਟੋਏ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀਆਂ ਖਬਰਾਂ ਮਿਲੀਆਂ ਹਨ| ਇਸ ਤੋਂ ਬਾਅਦ ਭਾਰਤੀਆ ਸਮਾਜ ਸੰਸਥਾ ਵੱਲੋਂ ਵੀ ਔਕਲੈਂਡ ਵਿਖੇ ਅਜਾਦੀ ਦਿਹਾੜਾ ਮਨਾਇਆ ਗਿਆ ਅਤੇ ਰੰਗਾ ਰੰਗ ਪ੍ਰੋਗਰਾਮ ਕੀਤੇ ਗਏ|

40 ਝੰਡੇ ਅਤੇ ਸਿਰਫ ਇਕ ਹੀ ਯੂਨੀਅਨ ਜੈਕ ਦੇ ਨਿਸ਼ਾਨ ਨਾਲ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ) – 10292 ਡਿਜਾਇਨਾਂ ਵਿੱਚੋਂ 40 ਡਿਜਾਇਨਾਂ ਨੂੰ ਫਲੈਗ ਡਿਜਾਇਨ ਪੈਨਲ ਵੱਲੋਂ ਹਾਲੇ ਤੱਕ ਚੁਣਿਆ ਗਿਆ ਹੈ| ਪ੍ਰਧਾਨ ਮੰਤਰੀ ਜੋਹਨ ਕੀ ਦਾ ਮੰਨਣਾ ਹੈ ਕਿ ਉਹਨਾਂ ਦੀ ਪਸੰਦੀਦਾ ਝੰਡਾ ਸਿਲਵਰ ਫਰਨ ਵਾਲਾ ਹੈ| ਉਹਨਾਂ ਇਹ ਵੀ ਕਿਹਾ ਕਿ ਲਾਲ ਅਤੇ ਨੀਲੇ ਡਿਜਾਇਨ ਜੋ ਕਿ ਕਾਲਿ ਵੁੱਲ ਵੱਲੋਂ ਫਰਨ ਅਤੇ ਸਦਰਨ ਕਰਾਸ ਨਾਲ ਡਿਜਾਇਨ ਪੇਸ਼ ਕੀਤਾ ਗਿਆ ਹੈ ਨੂੰ ਉਹ ਵੱਧ ਪਸੰਦ ਕਰਦੇ ਹਨ| ਇਹਨਾਂ 40 ਡਿਜਾਇਨਾਂ ਵਿੱਚੋਂ ਸਤੰਬਰ ਵਿੱਚ ਫਲੈਗ ਕੰਸਡਰੇਸ਼ਨ ਪੈਨਲ 4 ਡਿਜਾਇਨਾਂ ਦੀ ਚੋਣ ਕਰੇਗਾ ਜੋ ਕਿ ਮੌਜੂਦਾ ਝੰਡੇ ਨੂੰ ਬਦਲਣ ਸਬੰਧੀ ਹੋਣਗੇ| ਇਹ 40 ਝੰਡੇ 30 ਡਿਜਾਇਨਰਾਂ ਵੱਲੋਂ ਦਿੱਤੇ ਗਏ ਹਨ ਅਤੇ ਚੁਣੇ ਹੋਏ 4 ਝੰਡਿਆਂ ਤੇ ਪਬਲਿਕ ਵੋਟ ਹੋਵੇਗੀ| ਜਿਹੜੇ 40 ਝੰਡੇ ਚੁਣੇ ਗਏ ਹਨ ਉਹਨਾਂ ਵਿੱਚੋਂ 20 ਝੰਡਿਆਂ ਉੱਤੇ ਸਦਰਨ ਕਰਾਸ ਹੈ ਜੋ ਕਿ ਮੌਜੂਦਾ ਝੰਡੇ ਤੇ ਵੀ ਹਨ ਅਤੇ 19 ਝੰਡੇ ਕੋਰੂ ਪੈਟਰਨ ਮੁਤਾਬਕ ਹਨ, 11 ਵਿੱਚ ਫਰਨ ਹੈ ਅਤੇ 2 ਝੰਡਿਆਂ ਵਿੱਚ ਮੈਟਰਿਕੀ ਦੇ 7 ਤਾਰੇ ਹਨ ਅਤੇ 14 ਝੰਡਿਆਂ ਵਿੱਚ 2 ਤਰਾਂ ਦੀ ਕੰਬੀਨੇਸ਼ਨ ਬਣਾਏ ਗਏ ਹਨ| ਨਵੰਬਰ ਵਿੱਚ ਜੋ ਰੈਫਰੈਂਡਮ ਹੋਵੇਗਾ ਉਹ ਪੋਸਟਲ ਬੈਲਟ ਰਾਹੀਂ ਹੋਵੇਗਾ ਜੋ ਕਿ 4 ਵਿੱਚੋਂ ਸਭ ਤੋਂ ਵਧੀਆ ਇਕ ਝੰਡੇ ਨੂੰ ਚੁਣੇਗਾ ਅਤੇ ਦੂਜੀ ਵੋਟ ਮਾਰਚ ਵਿੱਚ ਹੋਵੇਗੀ ਜੋ ਕਿ ਮੌਜੂਦਾ ਝੰਡੇ ਅਤੇ ਨਵੰਬਰ ਵਿੱਚ ਪਬਲਿਕ ਵੋਟ ਰਾਹੀਂ ਝੰਡੇ ਵਿਚਕਾਰ ਵੋਟ ਹੋਵੇਗੀ| 12 ਮੈਂਬਰੀ ਪੈਨਲ ਨੇ ਆਪਣਾ ਸੁਝਾਅ ਦਸਦਿਆਂ ਇਕ ਖੁੱਲੇ ਪੱਤਰ ਰਾਹੀਂ ਦੱਸਿਆ ਕਿ ਉਹਨਾਂ ਮੁਤਾਬਕ ਝੰਡੇ ਦੀ ਬਣਤਰ ਕਿਹੋ ਜਿਹੀ ਹੋਣੀ ਚਾਹੀਦੀ  ਹੈ ਅਤੇ ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਹ ਝੰਡਾ ਆਪਣੇ ਆਪ ਵਿੱਚ ਖਾਸ ਹੋਣਾ ਚਾਹੀਦਾ ਹੈ ਅਤੇ ਇੰਨਾ ਸਧਾਰਣ ਹੋਣਾ  ਚਾਹੀਦਾ ਹੈ ਕਿ ਇਕ ਬੱਚਾ ਵੀ ਇਸ ਨੂੰ ਡ੍ਰਾ ਕਰ ਸਕੇ|SCCZEN_100815SPLFLAGS1_620x311

ਨਿਊਜੀਲੈਂਡ ਵਿੱਚ ਇਕ ਭਾਰਤੀ ਡਾਕਟਰ ਨਕਲੀ ਡਿਗਰੀ ਲੈ ਕੇ ਕਰਦਾ ਰਿਹਾ ਲਗਾਤਾਰ ਸੇਵਾ ਵਿੱਚ ਠੱਗੀ

ਔਕਲੈਂਡ (ਐਨ ਜੈਡ ਤਸਵੀਰ ਬਿਊਰੋ) – ਆਪਣੇ ਆਪ ਨੁੰ ਮਾਨਸਿਕ ਰੋਗਾਂ ਦਾ ਮਾਹਰ ਡਾਕਟਰ ਅਖਵਾਉਣ ਵਾਲਾ ਇਕ ਭਾਰਤੀ ਵਿਅਕਤੀ ਮੁਹੰਮਦ ਸਕੀਲ ਸਦੀਕ ਜਿਸ ਦਾ ਅਦਾਲਤ ਵੱਲੋਂ ਪਿਛਲੇ ਕਈ ਦਿਨਾ ਤੋਂ ਨਾਮ ਸਪਰੈਸ਼ਨ ਚੱਲ ਰਿਹਾ ਸੀ ਨੂੰ ਨਾਮ ਤੋਂ ਸਪਰੈਸ਼ਨ ਉਠਾਉਣ ਨਾਲ ਉਸ ਦਾ ਨਾਮ ਨਿਊਜੀਲੈਂਡ ਦੀਆਂ ਮੁੱਖ ਅਖਬਾਰਾਂ ਵਿੱਚ ਆਇਆ ਜਿਸ ਨੇ ਜਾਅਲੀ ਕਿਸੇ ਹੋਰ ਨਾਮ ਦੇ ਦਸਤਾਵੇਜਾਂ ਨੁੰ ਪੇਸ਼ ਕਰਕੇ ਵਾਇਕੈਟੋ ਜਿਲਾ ਹੈਲਥ ਬੋਰਡ ਵਿੱਚ ਨੌਕਰੀ ਹਾਸਲ ਕਰ ਲਈ ਸੀ ਅਤੇ 6 ਮਹੀਨੇ ਤੱਕ ਲਗਾਤਾਰ ਨੌਕਰੀ ਕਰਦਾ ਰਿਹਾ| ਉਸ ਵੱਲੋਂ ਇਕ ਮਰੀਜ ਨੁੰ ਗਲਤ ਦਵਾਈਆਂ ਲਿਖਣ ਤੇ ਉਸ ਦੇ ਸੁਪਰਵਾਈਜਰ ਨੂੰ ਸ਼ੱਕ ਪੈਣ ਉੱਤੇ ਮਾਮਲਾ ਧਿਆਨ ਵਿੱਚ ਆਇਆ ਅਤੇ ਉਸ ਦੀ ਘੋਖ ਪੜਤਾਲ ਹੋਣੀ ਸ਼ੁਰੂ ਹੋਈ| ਇਸ ਸਬੰਧੀ ਪੁਲਸ ਨੇ ਉਸਦੇ ਘਰ ਦੀ ਤਲਾਸ਼ੀ ਲਈ ਅਤੇ ਉਸ ਕੋਲ 2 ਵੱਖੋ ਵੱਖਰੇ ਜਨਮ ਤਰੀਖਾਂ ਵਾਲੇ ਪਾਸਪੋਰਟ ਪ੍ਰਾਪਤ ਹੋਏ| ਇਥੇ ਇਹ ਦੱਸਣਯੋਗ ਹੈ ਕਿ ਇਸ ਠੱਗ ਨਕਲੀ ਡਾਕਟਰ ਦਾ ਮੁੰਡਾ ਅਤੇ ਧੀਅ ਅਮਰੀਕਾ ਵਿਖੇ ਪੜ ਰਹੇ ਹਨ ਅਤੇ ਅਮਰੀਕਾ ਵਿੱਚ ਇਸ ਡਾਕਟਰ ਦੇ ਨਾਮ ਦਾ ਕੋਈ ਹੋਰ ਡਾਕਟਰ ਸੀ ਜਿਸ ਦੇ ਦਸਤਾਵੇਜ ਇਸ ਨੇ ਚੋਰੀ ਕਰਕੇ ਧੋਖੇ ਨਾਲ ਆਪਣੇ ਨਾਮ ਥੱਲੇ ਵਰਤ ਲਏ| ਪਰ ਇਸ ਡਾਕਟਰ ਦੇ ਵਕੀਲ ਦਾ ਕਹਿਣਾ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ| ਇਸ ਨੇ ਆਪਣੀ ਡਾਕਟਰੀ ਦੀ ਡਿਗਰੀ ਡੈਕਨ ਕਾਲਜ ਆਫ ਮੈਡੀਸਨ ਸਾਈੰਸ ਹੈਦਰਾਬਾਦ ਤੋਂ ਕੀਤੀ ਹੈ ਅਤੇ ਅਮਰੀਕਾ ਵਾਲੇ ਡਾਕਟਰ ਦੇ ਨਾਮ ਕਰਕੇ ਇਹ ਸਭ ਗਲਤਫਹਿਮੀ ਉਪਜੀ ਹੈ| ਪਰ ਜਦੋਂ ਅਦਾਲਤ ਵਿੱਚ 24 ਜੁਲਾਈ ਨੁੰ ਇਸ ਦਾ ਕੇਸ ਲੱਗਿਆ ਤਾਂ ਇਹ ਨਕਲੀ ਠੱਗ ਡਾਕਟਰ ਇਕ ਦਿਨ ਪਹਿਲਾਂ ਹੀ ਅਸਤੀਫਾ ਦੇ ਗਿਆ ਸੀ ਅਤੇ ਕਿਹਾ ਕਿ ਉਸ ਦੀ ਮਾਂ ਬਿਮਾਰ ਹੈ ਅਤੇ ਉਸ ਨੇ ਵਾਪਸ ਜਾਣਾ ਹੈ| ਆਪਣੀ ਪ੍ਰੈਕਟਿਸ ਦੇ ਦੌਰਾਨ ਇਸ ਨੇ 20-25 ਦੇ ਕਰੀਬ ਮਾਨਸਿਕ ਰੋਗੀਆਂ ਦਾ ਇਲਾਜ ਕੀਤਾ ਸੀ| ਇਸ ਨਕਲੀ ਡਾਕਟਰ ਨੇ ਇਕ ਮਰੀਜ ਦੀ ਦਵਾਈ ਜੋ ਕਿ ਉਹ ਲਗਾਤਾਰ ਕਈ ਸਾਲਾਂ ਤੋਂ ਖਾ ਰਿਹਾ ਸੀ ਬਦਲ ਦਿੱਤੀ ਸੀ ਜਿਸ ਕਾਰਨ ਉਹ ਹੋਰ ਪਰੇਸ਼ਾਨੀ ਦੀ ਹਾਲਤ ਵਿੱਚ ਆ ਗਿਆ ਸੀ ਅਤੇ ਸੁਪਰਵਾਇਜਰ ਨੂੰ ਸ਼ੱਕ ਪੈਣ ਉੱਤੇ ਇਹ ਮਾਮਲਾ ਧਿਆਨ ਵਿੱਚ ਆਇਆ| ਫਿਰ ਇਸ ਮਰੀਜ ਨੂੰ ਕਿਸੇ ਨਵੇਂ ਡਾਕਟਰ ਕੋਲ ਦਖਾਇਆ ਗਿਆ ਜਿਸਨੇ ਉਸਨੂੰ ਲੋੜੀਂਦੀ ਦਵਾਈ ਪ੍ਰੀਸਕਰਾਈਬ ਕਰਕੇ ਦਿੱਤੀ ਅਤੇ ਉਸ ਤੋਂ ਬਾਅਦ ਉਹ ਮਰੀਜ ਆਪਣੀ ਪੁਰਾਣੀ ਸਥਿਤੀ ਵਿੱਚ ਆਉਣ ਦੇ ਯੋਗ ਹੋ ਸਕਿਆ| ਇਸ ਨਕਲੀ ਡਾਕਟਰ ਨੂੰ ਹੈਮਿਲਟਨ ਦੀ ਅਦਾਲਤ ਵਿੱਚ ਇਸ ਦੀ ਵਕੀਲ ਵੱਲੋਂ ਬੜੀ ਕੋਸਿਸ ਬਾਅਦ ਜਮਾਨਤ ਕਰਵਾ ਲੈਣ ਦੀ ਵੀ ਖਬਰ ਆਈ ਹੈ ਪਰ ਇਸ ਸਬੰਧੀ ਮਾਣਯੋਗ ਜੱਜ ਨੇ ਉਸ ਦੀ ਜਮਾਨਤ ਇਸ ਸਰਤ ਤੇ ਮਨਜੂਰ ਕੀਤੀ ਹੈ ਕਿ ਉਹ ਜਿਲਾ ਹੈਲਥ ਬੋਰਡ ਦੇ ਕਿਸੇ ਵੀ ਕੰਮ ਕਾਜ ਵਿੱਚ ਦਖਲਅੰਦਾਜੀ ਨਹੀਂ ਕਰੇਗਾ ਅਤੇ ਆਪਣਾ ਪਾਸਪੋਰਟ ਵੀ ਪੁਲਿਸ ਕੋਲ ਜਮਾਂ ਕਰਾਵੇਗਾ|

ਲੰਬੀ ਉਮਰ ਭੋਗਣ ਦਾ ਰਹੱਸ

ਲੰਬੀ ਆਯੂ ਦਾ ਅਰਥ ਜਾਣੇ ਬਿਨਾਂ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਲੰਬੀ ਆਯੂ ਭੋਗਣ ਦੀ ਅਸੀਸ ਦੇਣ ਦੇ ਆਦੀ ਹਾਂ। ਅਸੀਸ ਕਬੂਲ ਕਰ ਕੇ ਕੁਝ ਮਨਾਂ ਅੰਦਰੋਂ ਇਸ ਅਨੁਭਵ ਦਾ ਉਠਣਾ ਵੀ ਸੁਭਾਵਿਕ ਹੈ:
‘ਜ਼ਿੰਦਗੀ ਦੀ ਦੁਆ ਨਾ ਦੇ ਐ ਜ਼ਾਲਿਮ,
ਯਹ ਜ਼ਿੰਦਗੀ ਕਿਸ ਕੋ ਰਾਸ ਆਈ ਹੈ।’
ਜਦ ਅਸੀਂ ਹੋਸ਼ ਸੰਭਾਲਿਆ ਤੇ ਸੋਚਣਾ ਵਿਚਾਰਨਾ ਆਰੰਭ ਕੀਤਾ, ਤਦ ਲੰਬੀ ਆਯੂ ਭੋਗਣ ਦੀ ਤਾਂਘ ਵੀ ਸਾਡੇ ‘ਚ ਜਾਗੀ। ਅੱਜ ਇਸੇ ਸੁਪਨੇ ਨੂੰ ਸਾਕਾਰ ਕਰਨ ਦੇ ਯਤਨ ਸਭ ਕਰ ਰਹੇ ਹਨ। ਕਿਸੇ ਵੀ ਮੰਤਵ ਦੀ ਪੂਰਤੀ ਲਈ ਇਸ ਨਾਲ ਸਬੰਧਤ ਸਭ ਕੁਝ ਪ੍ਰਤੀ ਗਿਆਨਵਾਨ ਹੋਣ ਦੀ ਲੋੜ ਹੁੰਦੀ ਹੈ। ਇਸ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਆਯੂ ਜੇ ਅਲਪ ਬੀਤਦੀ ਹੈ ਤਾਂ ਕਿਉਂ ਤੇ ਇਹ ਜੇ ਲੰਬੀ ਬੀਤਦੀ ਹੈ ਤਾਂ ਕਿਉਂ ਅਤੇ ਕਿਉਂ ਅਸੀਂ ਹੋਰਨਾਂ ਪ੍ਰਾਣੀਆਂ ਦੇ ਟਾਕਰੇ ਲੰਬੀ ਆਯੂ ਭੋਗ ਰਹੇ ਹਾਂ? ਅਜਿਹਾ ਕਿਉਂ ਅਤੇ ਅਜਿਹੀ ਵੀ ਕਿਉਂਕਿ ਸਾਡੇ ‘ਚੋਂ ਕੁਝ ਆਪਣੇ ਸਾਥੀਆਂ ਨਾਲੋਂ ਵੱਧ ਸਮਾਂ ਸੰਸਾਰੋਂ ਵਿਦਾ ਹੋਣ ਲਈ ਲੈ ਰਹੇ ਹਨ?
ਅਸੀਂ ਹੋਰ ਪ੍ਰਾਣੀਆਂ ਜਿਹੇ ਪ੍ਰਾਣੀ ਹਾਂ, ਸਰੀਰਕ ਪੱਖੋਂ ਵੀ ਤੇ ਕਿਰਿਆਸ਼ੀਲਤਾ ਪੱਖੋਂ ਵੀ। ਜੇ ਅਜਿਹਾ ਹੈ ਅਤੇ ਉਨ੍ਹਾਂ ਜਿਹੀਆਂ ਕੁਦਰਤੀ ਪ੍ਰਵਿਰਤੀਆਂ ਦੇ ਅਸੀਂ ਵੀ ਮਾਲਕ ਹਾਂ, ਫਿਰ ਆਯੂ ਦੇ ਪ੍ਰਸੰਗ ‘ਚ ਸਾਡਾ ਅਨੋਖਾਪਣ ਕਿਉਂ? ਇਹ ਅਨੋਖਾਪਣ ਹੋਰ ਵੀ ਰਹੱਸਮਈ ਲੱਗਦਾ ਹੈ, ਜਦ ਅਸੀਂ ਹੋਰ ਪ੍ਰਾਣੀਆਂ ਦੇ ਟਾਕਰੇ ਸਾਡਾ, ਕਿਸੇ ਵੀ ਪ੍ਰਕਾਰ ਦੇ ਬਚਾਓ ਸਾਧਨ ਦੁਰਲੱਭ ਸਰੀਰ ਹੈ, ਜਿਹੜਾ ਕੁਦਰਤੀ ਆਫਤਾਂ ਦੀ ਤਾਬ ਝੱਲਣ ਯੋਗ ਵੀ ਨਹੀਂ। ਅਸੀਂ ਨਾ ਚੀਤੇ ਬਿੱਲੀ ਜਿਹੇ ਛੋਹਲੇ ਹਾਂ ਅਤੇ ਨਾ ਹਿਰਨ ਜਿਹਾ ਤੇਜ਼ ਨੱਠ ਸਕਦੇ ਹਾਂ। ਤੈਰਾਕ ਵੀ ਅਸੀਂ ਮੱਛੀ ਨਾਲੋਂ ਘਟੀਆ ਹਾਂ ਅਤੇ ਗੈਂਡੇ, ਹਾਥੀ ਜਿਹੇ ਬਲਵਾਨ ਵੀ ਅਸੀਂ ਨਹੀਂ। ਫਿਰ ਵੀ ਇਨ੍ਹਾਂ ਸਭਨਾਂ ਪ੍ਰਾਣੀਆਂ ਦੇ ਟਾਕਰੇ ਅਸੀਂ ਸਫਲ ਜੀਵਨ ਭੋਗ ਰਹੇ ਹਾਂ ਅਤੇ ਇਨ੍ਹਾਂ ਸਭਨਾਂ ਉਪਰ ਹਾਵੀ ਹੋਏ ਅਸੀਂ ਵਿਚਰ ਰਹੇ ਹਾਂ ਅਤੇ ਇਨ੍ਹਾਂ ਲਗਭਗ ਸਭਨਾਂ ਨਾਲੋਂ ਲੰਬੀ ਆਯੂ ਭੋਗ ਰਹੇ ਹਾਂ। ਲਗਭਗ ਇਸ ਲਈ, ਕਿਉਂਕਿ ਪ੍ਰਾਣੀਆਂ ‘ਚੋਂ ਕੱਛੂ ਸਭਨਾਂ ਤੋਂ ਵੱਧ ਲੰਬੀ ਆਯੂ ਭੋਗ ਰਿਹਾ ਹੈ, ਜਿਹੜੀ 200 ਵਰ੍ਹਿਆਂ ਦੀ ਭਾਵੇਂ ਨਹੀਂ, ਪਰ ਇਸ ਦੇ ਨੇੜੇ ਤੇੜੇ ਪੁੱਜਦੀ ਹੋ ਸਕਦੀ ਹੈ।
ਅਠ੍ਹਾਰਾਂ ਸੌ ਬੱਤੀ ਵਿੱਚ ਗਲਾਪੈਗਸ ਟਾਪੂਆਂ ਵਿਖੇ ਜਿਨ੍ਹਾਂ ਕੱਛੂਆਂ ਨਾਲ ਡਾਰਵਿਨ ਦੀ ਪਛਾਣ ਹੋਈ ਸੀ, ਉਨ੍ਹਾਂ ‘ਚੋਂ ਇੱਕ ਦੋ ਅੱਜ ਵੀ ਜਿਉਂ ਰਹੇ ਹਨ। ਹੋਰ ਪ੍ਰਾਣੀ ਆਯੂ ਪ੍ਰਸੰਗ ਦੇ ‘ਚ ਸਾਡੇ ਨਾਲ ਨਹੀਂ ਨਿਭ ਰਹੇ। ਕੁਝ ਰੁੱਖ ਹਨ, ਜਿਹੜੇ ਸਦੀਆਂ ਬੱਧੀ ਹਰੇ ਭਰੇ ਰਹਿੰਦੇ ਹਨ। ਇਨ੍ਹਾਂ ਦੀ ਲੰਬੀ ਆਯੂ ਦਾ ਭੇਦ ਇਨ੍ਹਾਂ ਦੀ ਅਹਿਲਤਾ ਹੈ ਅਤੇ ਇਨ੍ਹਾਂ ਦੀਆਂ ਜੀਵਨ ਦਾ ਆਧਾਰ ਬਣਦੀਆਂ ਸਰਗਰਮੀਆਂ ਦੀ ਮੱਧਮ ਚਾਲ ਹੈ। ਕੱਛੂਆਂ ਦੇ ਲੰਬੀ ਆਯੂ ਭੋਗਣ ਦਾ ਵੀ ਭਾਵੇਂ ਇਹੋ ਕਾਰਨ ਹੈ। ਤੁਰਦੇ ਹੋਏ ਵੀ ਇੰਜ ਲੱਗਦੇ ਹਨ, ਜਿਵੇਂ ਖਲੋਤੇ ਹੋਏ ਹਨ ਅਤੇ ਤੁਰਨ ਦੀ ਤਿਆਰੀ ਕਰ ਰਹੇ ਹਨ। ਕੱਛੂ ਦਾ ਦਿਲ ਵੀ ਮਿੰਟ ‘ਚ ਚਾਰ-ਪੰਜ ਵਾਰ ਧੜਕਦਾ ਹੈ ਅਤੇ ਇਹੋ ਹਾਲ ਸਰੀਰ ਅੰਦਰਲੀਆਂ ਹੋਰਨਾਂ ਸਰਗਰਮੀਆਂ ਦਾ ਵੀ ਹੈ। ਅਸੀਂ ਅਜਿਹੇ ਪ੍ਰਾਣੀ ਹਾਂ, ਜਿਹੜੇ ਅਤੀ ਰੁਝਿਆ ਜੀਵਨ ਭੋਗਦੇ ਹੋਏ ਵੀ, ਸ਼ਤਾਬਦੀ ਪੂਰੀ ਕਰੀਏ ਭਾਵੇਂ ਨਾ, ਸ਼ਤਾਬਦੀ ਪੂਰੀ ਕਰ ਕੇ ਪੂਰੇ ਹੋਣ ਯੋਗ ਹਾਂ।
ਅਸੀਂ ਰੋਮਾਂ ਨਾਲ ਢੱਕੇ ਸਰੀਰ ਵਾਲੇ ਦੁਧਾਰੂ ਪਸ਼ੂਆਂ ‘ਚੋਂ ਹਾਂ, ਜਿਨ੍ਹਾਂ ਦੀ ਆਯੂ ਦਾ ਸਿੱਧਾ ਸੰਬੰਧ ਸਰੀਰ ਦੇ ਆਕਾਰ ਨਾਲ ਹੈ। ਜਿੰਨਾ ਵੱਡਾ ਪਸ਼ੂ ਪ੍ਰਾਣੀ ਦਾ ਆਕਾਰ, ਓਨੀ ਲੰਬੀ ਆਯੂ ਇਹ ਭੋਗਣ ਯੋਗ ਹੈ। ਪਸ਼ੂਆਂ ‘ਚੋਂ ਸਭਨਾਂ ਤੋਂ ਛੋਟਾ ਆਕਾਰ ਸ਼ਿਰਿਊ ਦਾ ਹੈ। ਚਕਚੂੰਦਰ ਜਿਹਾ ਜੀਵਨ ਭੋਗ ਰਹੇ ਇਸ ਪਸ਼ੂ ਦੀ ਵਰ੍ਹੇ ਤੋਂ ਕੁਝ ਮਹੀਨੇ ਉਪਰ ਆਯੂ ਹੈ। ਸਰੀਰ ਦੇ ਆਕਾਰ ‘ਚ ਇਸ ਤੋਂ ਵੱਡੀ ਚੂਹੀ ਦਾ ਚਾਰ ਪੰਜ ਵਰ੍ਹਿਆਂ ਦਾ ਜੀਵਨ ਕਾਲ ਹੈ, ਜਦ ਕਿ ਖਰਗੋਸ਼ ਦਾ ਪੰਦਰਾਂ ਵਰ੍ਹਿਆਂ ਦਾ, ਕੁੱਤੇ ਦਾ ਅਠ੍ਹਾਰਾਂ ਵਰ੍ਹਿਆਂ ਦਾ ਅਤੇ ਜੰਗਲੀ ਸੂਰ ਦਾ ਵੀਹ ਵਰ੍ਹਿਆਂ ਦਾ ਜੀਵਨ ਕਾਲ ਹੈ। ਘੋੜਾ ਚਾਲੀ ਵਰ੍ਹੇ ਅਤੇ ਹਾਥੀ ਲਗਭਗ ਸੱਠ ਵਰ੍ਹੇ ਪੂਰੇ ਕਰ ਕੇ ਪੂਰੇ ਹੋ ਰਹੇ ਹਨ। ਸਪੱਸ਼ਟ ਹੈ ਕਿ ਇਹ ਪ੍ਰਾਣੀ ਆਪੋ ਆਪਣੇ ਸਰੀਰਕ ਆਕਾਰ ਅਨੁਕੂਲ ਉਮਰ ਭੋਗ ਰਹੇ ਹਨ।
ਦਿਲ ਦੀ ਧੜਕਣ ਦਾ ਸੰਬੰਧ ਵੀ ਆਯੂ ਨਾਲ ਹੈ, ਪਰ ਆਕਾਰ ਵਾਂਗ ਇਹ ਸਿੱਧਾ ਸੰਬੰਧ ਨਹੀਂ, ਉਲਟਾ ਸੰਬੰਧ ਹੈ। ਜਿੰਨੀ ਤੇਜ਼ ਗਤੀ ਨਾਲ ਪ੍ਰਾਣੀ ਦਾ ਦਿਲ ਧੜਕਦਾ ਹੈ, ਓਨੇ ਹੀ ਘੱਟ ਸਮੇਂ ਲਈ ਦਿਲ ਦਾ ਮਾਲਕ ਪ੍ਰਾਣੀ ਜਿਊਂਦਾ ਰਹਿੰਦਾ ਹੈ। ਸ਼ਿਰਿਊ ਦਾ ਦਿਲ ਪ੍ਰਤੀ ਮਿੰਟ ਹਜ਼ਾਰ ਵਾਰ ਧੜਕਦਾ ਹੈ ਅਤੇ ਹਾਥੀ ਦਾ ਪ੍ਰਤੀ ਮਿੰਟ ਕੇਵਲ ਵੀਹ ਵਾਰ। ਜਿੰਨੀ ਵਾਰ ਸ਼ਿਰਿਊ ਦਾ ਦਿਲ ਦਿਨ ਭਰ ‘ਚ ਧੜਕਦਾ ਹੈ, ਉਨੀ ਵਾਰ ਧੜਕਣ ਲਈ ਹਾਥੀ ਦਾ ਦਿਲ 49 ਦਿਨਾਂ ਦਾ ਸਮਾਂ ਲੈ ਲੈਂਦਾ ਹੈ। ਦਿਲ ਪ੍ਰਤੀ ਮੋਟਾ ਅਨੁਮਾਨ ਹੈ ਕਿ ਇੱਕ ਅਰਬ ਵਾਰ ਧੜਕ ਲੈਣ ਉਪਰੰਤ ਇਹ ਕਾਰਜ ਮੁਕਤ ਹੋ ਕੇ ਧੜਕਣਾ ਬੰਦ ਕਰ ਦਿੰਦਾ ਅਤੇ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ।
ਹੋਰਨਾਂ ਪ੍ਰਾਣੀਆਂ ‘ਚ ਦਿਲ ਦੀ ਧੜਕਣ ਦੇ ਅਤੇ ਸਰੀਰਕ ਆਕਾਰ ਦੇ ਉਮਰ ਨਾਲ ਅਸਿੱਧੇ ਜਾਂ ਸਿੱਧੇ ਸਬੰਧ ਹੋਣ ਬਾਰੇ ਅਨੁਮਾਨ, ਪਰ ਮਨੁੱਖ ਦੇ ਦਰ ‘ਤੇ ਆ ਕੇ ਠਠੰਬਰ ਜਾਂਦੇ ਹਨ। ਸਾਡਾ ਦਿਲ ਪ੍ਰਤੀ ਮਿੰਟ 72 ਵਾਰ ਧੜਕਦਾ ਹੈ। ਇਸ ਹਿਸਾਬ ਨਾਲ ਸੱਤਰ ਵਰ੍ਹੇ ਦੀ ਆਯੂ ਪਾਰ ਕਰੀ ਬੈਠੇ ਵਿਅਕਤੀ ਦਾ ਦਿਲ ਢਾਈ ਅਰਬ ਵਾਰ ਧੜਕ ਚੁੱਕਾ ਹੁੰਦਾ ਹੈ, ਅਨੁਮਾਨ ਨਾਲੋਂ ਢਾਈ ਗੁਣ ਵੱਧ ਵਾਰ। ਸਾਡੀ ਵੱਸੋਂ ਵਿੱਚ ਸੱਤਰ ਵਰ੍ਹੇ ਬਿਤਾ ਬੈਠੇ ਵਿਅਕਤੀ ਥੋੜ੍ਹੇ ਨਹੀਂ, ਅਣਗਿਣਤ ਹਨ, ਜਿਨ੍ਹਾਂ ‘ਚੋਂ ਕੁਝ ਚੋਣਵੇਂ ਹਾਲੀ 20 ਜਾਂ 30 ਵਰ੍ਹੇ ਦੇ ਹੋਰ ਆਪਣੀ ਆਯੂ ਨਾਲ ਜੋੜ ਛੱਡਣੇ ਹਨ। 100 ਵਰ੍ਹੇ ਭੋਗ ਬੈਠੇ ਵਿਅਕਤੀ ਦਾ ਦਿਲ ਪੌਣੇ ਚਾਰ ਅਰਬ ਵਾਰ ਧੜਕ ਚੁੱਕਾ ਹੁੰਦਾ ਹੈ। ਓਧਰ ਸਰੀਰਕ ਆਕਾਰ ਦੇ ਪ੍ਰਸੰਗ ਵਿੱਚ ਅਨੁਮਾਨ ਦੀ ਉਲੰਘਣਾ ਵੀ ਅਸੀਂ ਕਰ ਰਹੇ ਹਾਂ। ਅਸੀਂ ਘੋੜੇ ਨਾਲੋਂ ਛੋਟੇ ਹਾਂ ਤੇ ਹਾਥੀ ਲਾਗੇ ਖਲੋਤੇ ਤਾਂ ਤੁੱਛ ਦਿਖਾਈ ਦਿੰਦੇ ਹਾਂ। ਫਿਰ ਵੀ ਇਨ੍ਹਾਂ ਤੋਂ ਬਹੁਤ ਵੱਧ ਉਮਰ ਅਸੀਂ ਭੋਗ ਰਹੇ ਹਾਂ। ਹੋਰਨਾਂ ਪ੍ਰਾਣੀਆਂ ‘ਤੇ ਢੁਕ ਰਹੇ ਇਹ ਅਨੁਮਾਨ ਸਾਡੇ ਉਪਰ ਕਿਉਂ ਲਾਗੂ ਨਹੀਂ ਹੋ ਰਹੇ?
ਅਸੀਂ ਅਤੇ ਹੋਰ ਸਾਰੇ ਪ੍ਰਾਣੀ ਸੈਲਾਂ ਦੇ ਬਣੇ ਹੋਏ ਹਾਂ, ਜਿਹੜੇ ਸਰੀਰ ਅੰਦਰ ਇੰਜ ਚਿਣੇ ਹੋਏ ਹਨ, ਜਿਵੇਂ ਇਮਾਰਤ ਅੰਦਰ ਇੱਟਾਂ। ਸਭਨਾਂ ਸੈਲਾਂ ਦੀ ਬਣਤਰ ਦਾ ਇੱਕ ਆਧਾਰ ਹੈ ਅਤੇ ਇੱਕ ਪ੍ਰਾਣੀ ਦੇ ਸਾਰੇ ਦੇ ਸਾਰੇ ਸੈਲ, ਇੱਕੋ ਇੱਕ ਮੁੱਢਲੇ ਸੈਲ ਦੀ ਸੰਤਾਨ ਹੁੰਦੇ ਹਨ, ਜਿਸ ਨਾਲ ਇਸ ਪ੍ਰਾਣੀ ਦੇ ਜੀਵਨ ਦਾ ਆਰੰਭ ਹੋਇਆ ਹੁੰਦਾ ਹੈ ਅਤੇ ਜਿਹੜਾ ਨਰ ਦੇ ਸ਼ੁਕਰਾਣੂ ਦੇ, ਮਦੀਨ ਦੇ ਅੰਡੇ ‘ਚ ਸਮੋਏ ਜਾਣ ਉਪਰੰਤ ਹੋਂਦ ਵਿੱਚ ਆਇਆ ਹੁੰਦਾ ਹੈ। ਪ੍ਰਾਣੀ ਸਰੀਰ ਦੇ ਹਰ ਇੱਕ ਸੈਲ ਦੇ ਹਿੱਸੇ, ਜੀਨਾਂ ਦੇ ਰੂਪ ਵਿੱਚ ਉਹ ਜਾਣਕਾਰੀ ਆਈ ਹੁੰਦੀ ਹੈ, ਜਿਹੜੀ ਮੁੱਢਲੇ ਸੈਲ ਨੂੰ ਨਰ ਅਤੇ ਮਦੀਨ ਨੇ ਆਪੋ ਆਪਣੇ ਪ੍ਰਜਣਨ ਸੈਲਾਂ ਦੁਆਰਾ ਸੌਂਪੀ ਹੁੰਦੀ ਹੈ। ਇਸੇ ਰਲੀ ਮਿਲੀ ਜਾਣਕਾਰੀ ਅਨੁਕੂਲ ਪ੍ਰਾਣੀ ਦਾ ਸਰੀਰ ਉਸਰਦਾ ਹੈ ਅਤੇ ਇਸ ਦੇ ਜੀਵਨ ਦਾ ਆਧਾਰ ਬਣਦੀਆਂ ਕਿਰਿਆਵਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ। ਸਰੀਰ ਦੀ ਛਿੜੀ ਪ੍ਰਗਤੀ ਦੌਰਾਨ ਮੁੱਢਲਾ ਸੈਲ ਲਗਾਤਾਰ ਵਾਰ ਵਾਰ ਵੰਡਿਆ ਜਾ ਰਿਹਾ ਹੁੰਦਾ ਹੈ, ਜਿਸ ਦੇ ਫਲ ਸਰੂਪ ਨਵੇਂ ਸੈਲ ਉਪਜ ਅੰਗਾਂ ਅਤੇ ਪ੍ਰਣਾਲੀਆਂ ਵਿੱਚ ਵਿਉਂਤਬੱਧ ਹੁੰਦੇ ਰਹਿੰਦੇ ਹਨ, ਲੱਤਾਂ ‘ਚ ਬਾਜ਼ੂਆਂ, ਦਿਲ ‘ਚ, ਦਿਮਾਗ ‘ਚ, ਗੁਰਦਿਆਂ ਵਿੱਚ, ਫੇਫੜਿਆਂ ‘ਚ, ਪਿੰਜਰ ਆਦਿ ‘ਚ। ਇਨ੍ਹਾਂ ਅੰਗਾਂ ਦੁਆਰਾ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ ਦਾ ਸਮੂਕਿ ਪ੍ਰਗਟਾਵਾ ਪ੍ਰਾਣੀ ਦੇ ਜੀਵਨ ਦਾ ਆਧਾਰ ਹੁੰਦਾ ਹੈ। ਸਰੀਰ ਵਿੱਚ ਵੱਖ ਵੱਖ ਕਿਰਿਆਵਾਂ ਨਿਭਾਅ ਰਹੇ ਅੰਗਾਂ ਤੇ ਪ੍ਰਣਾਲੀਆਂ ਵਿਚਕਾਰ ਸਹਿਯੋਗ ਦਾ ਬਣਿਆ ਰਹਿਣਾ ਜ਼ਰੂਰੀ ਹੈ ਅਤੇ ਜਦ ਤੱਕ ਇਹ ਬਣਿਆ ਰਹਿੰਦਾ ਹੈ, ਪ੍ਰਾਣੀ ਜੀਵਨ ਭੋਗਦਾ ਰਹਿੰਦਾ ਹੈ। ਸਰੀਰਕ ਅੰਗਾਂ ਤੇ ਪ੍ਰਣਾਲੀਆਂ ਵਿਚਕਾਰ ਸਹਿਯੋਗੀ ਸੰਤੁਲਨ ਰੱਖਣ ਲਈ ਦਿਮਾਗ ਜ਼ਿੰਮੇਵਾਰ ਹੁੰਦਾ ਹੈ। ਅੰਗਾਂ ਪ੍ਰਣਾਲੀਆਂ ਵਿਚਕਾਰ ਸਹਿਯੋਗ ਜਦ ਭੰਗ ਹੋ ਜਾਂਦਾ ਹੈ, ਤਦ ਪ੍ਰਾਣੀ ਦੀ ਮੌਤ  ਹੋ ਜਾਂਦੀ ਹੈ। ਇਸ ਪ੍ਰਕਾਰ, ਆਯੂ ਦਾ ਦਿਮਾਗ ਨਾਲ ਵੀ ਸਬੰਧ ਹੈ, ਦਿਲ ਅਤੇ ਆਕਾਰ ਨਾਲੋਂ ਵੱਧ ਪੀਢਾ ਸਬੰਧ।
ਪ੍ਰਾਣੀਆਂ ਵਿੱਚ ਸੈਲ ਇਨ੍ਹਾਂ ਦੇ ਸਰੀਰਕ ਆਕਾਰ ਅਨੁਕੂਲ, ਛੋਟੇ ਜਾਂ ਵੱਡੇ ਨਹੀਂ ਹੁੰਦੇ, ਪਰ ਗਿਣਤੀ ਵਿੱਚ ਇਹ ਜ਼ਰੂਰ ਘੱਟ ਜਾਂ ਵੱਧ ਹੁੰਦੇ ਹਨ। ਸ਼ਰਿਊ ਦਾ ਸਰੀਰ ਸੱਤ ਅਰਬ ਦੇ ਗਭਗ ਸੈਲਾਂ ਦੁਆਰਾ ਉਸਰਿਆ ਹੋਇਆ ਹੈ, ਜਦ ਕਿ ਹਾਥੀ ਦਾ 65 ਹਜ਼ਾਰ ਖਰਬ ਸੈਲਾਂ ਦੁਆਰਾ। ਸਾਡਾ ਸਰੀਰ ਪੰਜਾਹ ਖਰਬ ਸੈਲਾਂ ਦਾ ਸਮੂਹ ਹੈ, ਜਿਹੜੇ ਅੰਗਾਂ-ਪ੍ਰਾਣੀਆਂ ਵਿੱਚ ਵਿਉਂਤਬੱਧ ਹਨ ਤੇ ਜਿਨ੍ਹਾਂ ਦੇ ਸਹਿਯੋਗ ‘ਚੋਂ ਸਾਡਾ ਜੀਵਨ ਪੁੰਗਰ ਰਿਹਾ ਹੈ। ਅਸੀਂ ਜੇ ਹੋਰਨਾਂ ਪ੍ਰਾਣੀਆਂ ਦੇ ਟਾਕਰੇ ਲੰਬੀ ਆਯੂ ਭੋਗ ਰਹੇ ਹਾਂ, ਤਦ ਆਪਣੇ ਦਿਮਾਗ ਕਰ ਕੇ, ਹੋਰਨਾਂ ਤੋਂ ਵੱਧ ਵਿਕਸਤ ਦਿਮਾਗ ਕਰ ਕੇ। ਸਾਡਾ ਦਿਮਾਗ ਹੋਰ ਪ੍ਰਾਣੀਆਂ ਦੇ ਟਾਕਰੇ ਆਕਾਰ ਵਿੱਚ ਵੱਡਾ ਹੈ ਅਤੇ ਇਸ ਦੀ ਕਿਧਰੇ ਵੱਧ ਪੇਚੀਦਾ ਬਣਤਰ ਹੈ। ਇਸੇ ਕਾਰਨ ਇਸ ਨੂੰ ਵਿਸ਼ਵ ਦੀ ਸਭਨਾਂ ਤੋਂ ਵੱਧ ਗੁੰਝਲਦਾਰ ਹੋਂਦ ਵਜੋਂ ਸਨਮਾਨਿਆ ਜਾ ਰਿਹਾ ਹੈ। ਆਪਣੀ ਪੇਚੀਦਾ ਬਣਤਰ ਕਾਰਨ ਇਹ ਅਤੀ ਕਿਰਿਆਸ਼ੀਲ ਹੈ ਤੇ ਲੰਬੇ ਸਮੇਂ ਤੱਕ ਇਹ ਕਿਰਿਆਸ਼ੀਲ ਬਣਿਆ ਵੀ ਰਹਿੰਦਾ ਹੈ। ਵਧਦੀ ਆਯੂ ਨਾਲ ਪਰ, ਸਾਡਾ ਦਿਮਾਗ ਨਾਲੋ ਨਾਲ ਸੁੰਗੜਦਾ ਵੀ ਰਹਿੰਦਾ ਹੈ। ਵਧਦੀ ਆਯੂ ਨਾਲ ਉਹ ਸੈਲ, ਜਿਹੜੇ ਵਰਤੋਂ ਵਿੱਚ ਨਹੀਂ ਆ ਰਹੇ, ਮਰਦੇ ਅਤੇ ਸ਼ਟ ਹੁੰਦੇ ਰਹਿੰਦੇ ਹਨ। ਦਿਮਾਗ ਦਾ ਸੁੰਗੜਨਾ ਅਨੁਭਵ ਨਾ ਹੋ ਸਕਣ ਵਾਲੀ ਧੀਮੀ ਗਤੀ ਨਾਲ ਲਗਾਤਾਰ ਜਾਰੀ ਰਹਿੰਦਾ ਹੈ। ਇਸ ਕਾਰਨ ਹੁਸੜਦੀਆਂ ਜਾ ਰਹੀਆਂ ਦਿਮਾਗੀ ਸਰਗਰਮੀਆਂ ਦੇ ਸੰਕੇਤ ਸਰੀਰ ਦੇ ਬੁੱਢਾ ਹੋ ਰਹੇ ਹੋਣ ਤੋਂ ਮਿਲਦੇ ਰਹਿੰਦੇ ਹਨ। ਹੌਲੀ ਹੌਲੀ ਬੁੱਢਾ ਹੋ ਰਿਹਾ ਸਰੀਰ ਕੇਵਲ ਸਾਡੀ ਵਿਸ਼ੇਸ਼ਤਾ ਹੈ। ਹੋਰ ਪ੍ਰਾਣੀ ਨਾ ਸਾਡੇ ਵਾਂਗ ਲੰਬਾ ਬਚਪਨ ਭੋਗਦੇ ਹਨ ਅਤੇ ਨਾ ਲੰਬਾ ਬੁਢੇਪਾ। ਆਪਣੇ ਆਪ ਯੋਗ ਹੋਣ ਵਿੱਚ ਇਹ ਘੱਟ ਸਮਾਂ ਲੈਂਦੇ ਹਨ ਅਤੇ ਅਲਪ ਬਿਰਧ ਅਵਸਥਾ ਭੋਗ ਕੇ ਸੰਸਾਰੋ ਵਿਦਾ ਹੁੰਦੇ ਰਹਿੰਦੇ ਹਨ।
ਜੇ ਅਨੋਖਾ ਦਿਮਾਗ ਸਾਨੂੰ ਵਿਰਸੇ ਵਿੱਚ ਮਿਲਿਆ ਹੈ, ਤਦ ਇਸ ਅਨੋਖੇਪਣ ਦੀ ਉਦਾਰ ਵਰਤੋਂ ਕਰਨ ਤੋਂ ਝਿਜਕ ਕਿਉਂ ਦਿਮਾਗ ਦੀ ਉਦਾਰ ਵਰਤੋਂ ਹੀ ਲੰਬੀ ਆਯੂ ਦਾ ਭੇਦ ਹੈ, ਜਿਹੜੀ ਸ਼ਾਂਤ ਭਾਵੇਂ ਨਾ ਵੀ ਬੀਤੀ। ਇਸੇ ਕਾਰਨ ਲੰਬੀ, ਉਮਰ ਤੋਂ ਉਕਤਾਏ ਕਈ ਇਹ ਵੀ ਸੋਚਦੇ ਰਹਿੰਦੇ ਹਨ:
”ਯਿਹ ਕਿਸ ਮੁਕਾਮ ਪੇ ਲੇ ਆਈ ਹੈ ਜ਼ਿੰਦਗੀ,
ਕਿ ਹਰ ਕਦਮ ਪੇ ਬੇਵਸੀ ਕਾ ਆਲਮ ਹੈ।”

ਫਰਾਰ ਫਿਲਮ ਦਾ ਨਿਊਜੀਲੈਂਡ ਵਿੱਚ ਹੋਇਆ ਪੋਸਟਰ ਰਲੀਜ

fa1ਔਕਲੈਂਡ (ਐਨ ਜੈਡ ਤਸਵੀਰ ਬਿਊਰੋ) – ਮੰਗਲਵਾਰ ਸ਼ਾਮ ਨੂੰ ਰੇਡੀਓ ਸਪਾਈਸ ਦੇ ਦਫਤਰ ਵਿੱਚ ਫਰਾਰ ਪੰਜਾਬੀ ਫਿਲਮ ਜੋ ਕਿ 28 ਅਗਸਤ ਨੂੰ ਦੁਨੀਆ ਭਰ ਦੇ ਸਾਰੇ ਮੁਲਕਾਂ ਵਿੱਚ ਇਕੋ ਦਿਨ ਰਲੀਜ ਹੋ ਰਹੀ ਹੈ ਦਾ ਪੋਸਟਰ ਪੰਜਾਬੀ ਭਾਈਚਾਰੇ ਦੇ ਪਤਵੰਤੇ ਸੱਜਣਾ ਅਤੇ ਮੀਡੀਆ ਕਰਮੀਆਂ ਦੀ ਹਾਜਰੀ ਵਿੱਚ ਰਲੀਜ ਕੀਤਾ ਗਿਆ| ਇਹ ਫਿਲਮ ਸਿੱਪੀ ਗਰੇਵਾਲ ਪ੍ਰੋਡਕਸਨ ਕੰਪਨੀ ਦੇ ਸਿੱਪੀ ਗਰੇਵਾਲ, ਨਿਤਨ ਤਲਵਾਰ, ਇੰਦਰਜੀਤ ਕਲਕਟ ਅਤੇ ਮਾਨਕ ਤਲਵਾਰ ਹੋਰਾਂ ਬਲਜੀਤ ਸਿੰਘ ਦਿਓਲ ਦੇ ਨਿਰਦੇਸ਼ਣ ਹੇਠ ਤਿਆਰ ਕੀਤੀ ਗਈ ਹੈ| ਜਿਸ ਵਿੱਚ ਅਦਾਕਾਰ ਦੀ ਭੂਮਿਕਾ ਗਿੱਪੀ ਗਰੇਵਾਲ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ਹੈ| ਇਸ ਫਿਲਮ ਦੀ ਸ਼ੂਟਿੰਗ ਲਾਸ ਐਂਜਲਸ ਵਿਖੇ ਹੋਈ ਹੈ ਅਤੇ ਹੁਣ ਤੱਕ ਪੰਜਾਬੀ ਫਿਲਮਾਂ ਜੋ ਵੀ ਬਣੀਆਂ ਹਨ ਦੇ ਬਜਟ ਪੱਖੋਂ ਸਭ ਤੋਂ ਮਹਿੰਗੀ ਫਿਲਮ ਹੈ| ਜਿਕਰਯੋਗ ਹੈ ਕਿ ਨਿਊਜੀਲੈਂਡ ਦੇ ਸਹਿਰ ਪਾਰਮਸਟਨ ਨੋਰਥ ਵਿਖੇ ਕੋਈ ਪੰਜਾਬੀ ਫਿਲਮ ਪਹਿਲੀ ਵਾਰ ਲੱਗ ਰਹੀ ਹੈ| ਇਸ ਫਿਲਮ ਦੇ ਪੋਸਟਰ ਰਲੀਜ ਮੌਕੇ ਪਰਮਿੰਦਰ ਸਿੰਘ ਪਾਪਾਟੋਏਟੋਏ, ਨਵਤੇਜ ਸਿੰਘ ਰੰਧਾਵਾ, ਹਰਪਾਲ ਸਿੰਘ ਪਾਲ ਪਾਲ ਵੀਡੀਓ, ਨਰਿੰਦਰ ਸਿੰਗਲਾ ਐਨ ਜੈਡ ਤਸਵੀਰ ਨਿਊਜ, ਡਾ ਕਮਲ ਮਹਿੰਦਰਾ, ਪਰਮਿੰਦਰ ਤੱਖਰ, ਇੰਦਰਜੀਤ ਕਾਲਕਟ, ਅਮਰੀਕ ਸਿੰਘ ਐਨ ਜੈਡ ਫਲੇਮ, ਜੱਗੀ ਮਾਲਵਾ ਕਲੱਬ, ਹਰਜੀਤ ਕੌਰ, ਅਮਨ ਬੈਨੀਪਾਲ, ਸੁੱਖ, ਨਵਦੀਪ ਕਟਾਰੀਆ, ਬਲਿਹਾਰ ਮਹਿਲ, ਬਿਕਰਮਜੀਤ ਮਟਰਾ, ਸੰਦੀਪ ਬਾਠ, ਮਾਨਕ ਤਲਵਾਰ, ਹਰਪ੍ਰੀਤ ਹੈਪੀ, ਸ੍ਰ ਮਨਪ੍ਰੀਤ ਸਿੰਘ, ਜੁਗਰਾਜ ਮਾਨ, ਜਸਪ੍ਰੀਤ ਸਿੰਘ, ਅਮਰਜੀਤ ਸਿੰਘ ਕੂਕ ਸਮਾਚਾਰ, ਮਾਸਟਰ ਜੀ, ਅਤੇ ਹੋਰ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਪਤਵੰਤੇ ਸੱਜਣ ਪਹੁੰਚੇ ਹੋਏ ਸਨ| ਮਾਨਕ ਤਲਵਾਰ ਨੇ ਇਸ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 28 ਅਗਸਤ ਨੂੰ ਨਿਊਜੀਲੈਂਡ ਦੇ 10 ਵੱਖੋ ਵੱਖਰੇ ਸਹਿਰਾਂ ਵਿੱਚ ਇਹ ਫਿਲਮ ਲੱਗਣ ਜਾ ਰਹੀ ਹੈ ਜੋ ਕਿ ਇਕ ਪਰਿਵਾਰਕ ਫਿਲਮ ਹੈ ਅਤੇ ਉਹਨਾਂ ਨੇ ਦਰਸਕਾਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਇਸ ਫਿਲਮ ਨੂੰ ਦੇਖ ਕੇ ਹੁੰਗਾਰਾ ਦੇਣ ਤਾਂ ਜੋ ਕਿ ਇਸ ਫਿਲਮ ਨੂੰ ਬਣਾਉਣ ਵਾਲੇ ਜੋ ਕਿ ਨਿਊਜੀਲੈਂਡ ਵਾਸੀ ਹੀ ਹਨ ਦਾ ਉਤਸਾਹ ਵਧ ਸਕੇ|

ਨਿਊਜੀਲੈਂਡ ਵਿਚ ਬੇ ਆਫ਼ ਪਲੈਂਨਟੀ ਸ਼ਹਿਰ ਵਿਚ ਲਗਾਤਾਰ ਬਰਫ਼ਬਾਰੀ

9ਅਗਸਤ[ਐਨ.ਜੈਡ.ਤਸਵੀਰ.ਬਿਊਰੋ]

ਅਜ ਨਿਊਜੀਲੈਂਡ ਵਿਚ ਬੇ ਆਫ਼ ਪਲੈਂਨਟੀ ਦੇ ਪੰਜਾਬੀ ਬਹੁਗਿਣਤੀ ਵਾਲੇ ਕਸਬੇ ਟੀ ਪੁਕੀ ਵਿਚ ਕੁਦਰਤੀ ਕਰਿਸ਼ਮਾ ਦੇਖਣ ਨੂੰ ਮਿਲਿਆ ।ਜਦੋਂ ਘੰਟਾ ਭਰ ਲਗਾਤਾਰ ਬਰਫ਼ਬਾਰੀ ਨੇ ਪੂਰੇ ਸ਼ਹਿਰ ਵਿਚ ਨੂੰ ਆਪਣੇ ਕਲਾਵੇ ਵਿਚ ਲੈ ਲਿਆ । ਜਿਸ ਕਰਕੇ ਅਚਨਚੇਤ ਕੰਮਾਂ ਕਾਰ ਵਿਚ ਰੁਝੇ ਹੋਏ ਲੋਕ ਅਚੰਬਿਤ ਹੋ ਗਏ। ਕਿਉਕਿ ਟੀ ਪੁਕੀ ਕਸਬੇ ਵਿਚ ਬਰਫ਼ਬਾਰੀ ਪਹਿਲੀ ਬਾਰ ਦੇਖਣ ਨੂੰ ਮਿਲੀ । ਜਿਸ ਕਰਕੇ ਟੀ ਪੁਕੀ ਦਾ ਆਮ ਜਨ ਜੀਵਨ ਇਕ ਬਾਰ ਅਸਤ ਵਿਅਸਤ ਹੋ ਗਿਆ । ਆਮ ਲੋਕ ਸੜਕਾਂ ਉਪਰ ਉਤਰ ਆਏ ਅਤੇ ਬਰਫ਼ਬਾਰੀ ਦਾ ਅਨੰਦ ਮਾਨਣ ਲਗੇ। ਉਪਰੋਕਤ ਬਰਫ਼ਬਾਰੀ ਨੂੰ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਦੇ ਰੂਪ ਵਿਚ ਦੇਖ ਰਹੇ ਹਨ। ਨਿਊਜੀਲੈਂਡ ਵੀ ਸੰਸਾਰ ਭਰ ਵਿਚ ਆ ਰਹੀਆਂ ਮੌਸਮੀ ਤਬਦੀਲੀਆਂ ਦੇ ਕਲਾਵੇ ਵਿਚ ਆ ਰਿਹਾ ਹੈ।ਕਿਉਕਿ ਇਸ ਸਮੇਂ ਸੰਸਾਰ ਦੇ ਸਾਰੇ ਮੁਲਕ ਵਾਤਾਵਰਣੀ ਤਬਦੀਲੀਆਂ ਤੋਂ ਆ ਰਹੀਆਂ ਸਮਸਿਆਵਾਂ ਤੋਂ ਜੂਝ ਰਹੇ ਹਨ।final