ਪੁਲੀਸ ਵਿਭਾਗ ਦੀ ਵੀਡਿਓ ‘ਤੇ ਉਠੇ ਸਵਾਲ
ਔਕਲੈਂਡ, 10ਜਨਵਰੀ
ਅੱੈਨਜ਼ੈੱਡ ਤਸਵੀਰ ਬਿਊਰੋ
ਬੀਤੇ ਨਵੰਬਰ ਨਿਊਜ਼ੀਲੈਂਡ ਪੁਲੀਸ ਵੱਲੋਂ ਪੁਲੀਸ ਭਰਤੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਜਾਰੀ ਕੀਤੇ ਗਏ ਇੱਕ ਵਿਗਿਆਪਨ ਵਿੱਚ ਇਕ ਸਾਮੋਅਨ ਪੁਲੀਸ ਅਫਸਰ ਨੂੰ ਵੀ ਸ਼ਾਮਲ ਕੀਤਾ ਗਿਆ। ਜਿਸ ਨੂੰ ਪੱਗ ਬੰਨ੍ਹੀਆ ਦਿਖਾਇਆ ਗਿਆ ਸੀ। ਇਸ ਵਿਗਿਆਪਨ ਵਿੱਚ ਉਕਤ ਪੁਲੀਸ ਅਫ਼ਸਰ ਵੱਲੋਂ ਸਹੀ ਢੰਗ ਨਾਲ ਪੱਗ ਨਾ ਬੰਨ੍ਹੇ ਜਾਣ ਕਰਕੇ ਸਿੱਖ ਭਾਈਚਾਰਾ ਨਾਖੁਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਭਾਰਤੀ ਭਾਈਚਾਰੇ ਅਤੇ ਪੱਗਾਂ ਵਾਲਿਆਂ ਤੋਂ ਪ੍ਰਭਾਵਿਤ ਹੈ ਤੇ ਸਿੱਖੀ ਦੀ ਇੱਜਤ ਵੀ ਕਰਦਾ ਹੈ।
ਨਿਊਜ਼ੀਲੈਂਡ ਸੁਪਰੀਮ ਸਿੱਖ ਸੁਸਾਇਟੀ ਦੇ ਸਕੱਤਰ ਰਜਿੰਦਰ ਸਿੰਘ ਨੇ ਇਸ ਨੂੰ ‘ਰਿਵਾਜ ਦੀ ਉਲੰਘਣਾ’ ਕਿਹਾ ਕਿਉਂਕਿ ਸਾਮੋਅਨ ਪੁਲੀਸ ਅਫਸਰ ਅਸਲ ਵਿੱਚ ਸਿੱਖ ਨਹੀਂ ਹੈ ਅਤੇ ਉਸ ਨੇ ਗ਼ਲਤ ਢੰਗ ਨਾਲ ਪੱਗ ਬੰਨ੍ਹੀ ਹੈ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਪੁਲੀਸ ਅਫ਼ਸਰ ਨੇ ਜਿਸ ਤਰੀਕੇ ਨਾਲ ਪੱਗ ਬੰਨ੍ਹੀ ਹੈ ਉਹ ਮਜ਼ਾਕੀਆ ਲੱਗ ਰਿਹਾ ਹੈ, ਕਿਉਂਕਿ ਇਹ ਪੱਗ ਬੰਨ੍ਹਣ ਦਾ ਸਹੀ ਢੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਕਈ ਸਿੱਖ ਅਦਾਕਾਰ ਅਤੇ ਲਗਪਗ 25 ਸਿੱਖ ਪੁਲੀਸ ਅਫ਼ਸਰ ਮੌਜੂਦ ਹਨ ਜਿਨ੍ਹਾਂ ਤੋਂ ਇਹ ਵਿਗਿਆਪਨ ਕਰਵਾਇਆ ਜਾ ਸਕਦਾ ਸੀ, ਪਰ ਸਾਮੋਅਨ ਪੰਜਾਬੀ ਸਿੱਖ ਦੀ ਦਿੱਖ ਨਾਂ ਰੱਖਣ ਵਾਲਾ ਅਫ਼ਸਰ ਹੈ, ਜਿਸ ਕਰਕੇ ਉਹ ਇਸ ਵਿਗਿਆਪਨ ਵਿੱਚ ਢੁਕਵਾਂ ਨਹੀਂ ਬੈਠਦਾ। ਉਨ੍ਹਾਂ ਗਾਸੂ ਨੂੰ ਸਿੱਖ ਅਦਾਕਾਰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਐਡ ਵਿੱਚ ਸਿੱਖ ਅਦਾਕਾਰ ਹੁੰਦਾ ਤਾਂ ਉਸ ਨੂੰ ਪਤਾ ਹੁੰਦਾ ਕਿ ਪੱਗ ਬੰਨ੍ਹਣ ਦਾ ਸਹੀ ਤਰੀਕਾ ਕੀ ਹੈ। ਇਕ ਪੁਲੀਸ ਬੁਲਾਰੇ ਨੇ ਦੱਸਿਆ ਕਿ ਗਾਸੂ ਸਿੱਖ ਨਹੀਂ ਹੈ, ਪਰ ਉਸ ਨੂੰ ਸਿੱਖ ਵਾਂਗ ਹੀ ਪਛਾਣਿਆ ਜਾਂਦਾ ਹੈ।
ਗੌਰਤਲਬ ਹੈ ਕਿ ਇਹ ਪੁਲੀਸ ਅਫ਼ਸਰ ਪੁਲੀਸ ਦੀ ਭੰਗੜਾ ਟੀਮ ਦਾ ਮੈਂਬਰ ਹੈ ਅਤੇ ਪੱਗ ਬੰਨ੍ਹ ਕੇ ਕਈ ਜਗ੍ਹਾਂ ਭੰਗੜਾ ਵੀ ਪਾ ਚੁੱਕਾ ਹੈ ਤੇ ਵੱਡੀ ਗਿਣਤੀ ਲੋਕਾਂ ਵੱਲੋਂ ਇਸ ਦਾ ਸਤਿਕਾਰ ਵੀ ਕੀਤਾ ਗਿਆ ਹੈ।
ਵਿਭਾਗ ਦੀ ਜਾਰੀ ਕੀਤੀ ਵੀਡਿਓ ਬਾਰੇ ਇਕ ਹੋਰ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। ਸ਼ਿਕਾਇਤ ਕਰਤਾ ਨੇ ਇਤਰਾਜ਼ ਜਤਾਇਆ ਹੈ ਕਿ ਵੀਡਿਓ ਵਿੱਚ ਦੋ ਜਗ੍ਹਾ ਫੁੱਟਪਾਥ ‘ਤੇ ਗੱਡੀ ਖੜ੍ਹੀ ਦਿਖਾਈ ਗਈ ਹੈ, ਕਾਨੂੰਨ ਮੁਤਾਬਕ ਫੁੱਟਪਾਥ ‘ਤੇ ਗੱਡੀ ਖੜ੍ਹਾਉਣ ਗਲਤ ਹੈ, ਪਰ ਸ਼ਿਕਾਹਿਤਕਰਤਾ ਨੇ ਦੋਸ਼ ਲਾਇਆ ਹੈ ਕਿ ਵੀਡਿਓ ਰਾਹੀਂ ਲੋਕਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।




