Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸਾਂਝੀ ਖੇਤੀ ’ਚ ਹੈ ਪੰਜਾਬ ਸੰਕਟ ਦਾ ਹੱਲ--ਬਲਦੇਵ ਦੂਹੜੇ


    
  

Share
  ਅਜੋਕੇ ਪੰਜਾਬ ਦੇ ਖੇਤੀ ਸੰਕਟ ਦੀ ਜੜ ਪੰਜਾਬ ਵਿਚ ਹਰਾ ਇਨਕਲਾਬ ਆਉਣ ਨਾਲ ਖੇਤੀ ਦਾ ਮਸ਼ੀਨੀਕਰਨ ਹੋਣਾ ਹੈ। ਇਸ ਨਾਲ ਇਹ ਹੋਇਆ ਕਿ ਜ਼ਮੀਨ ਘਟਦੀ ਗਈ ਤੇ ਮਸ਼ੀਨਰੀ ਵਧਦੀ ਗਈ। ਇਸ ਦਵੰਦ ਨੇ ਖੇਤੀ ਦੀ ਸਨਅਤ ਵਿਚ ਮੁਨਾਫ਼ਾ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਜੱਟਾਂ ਦੇ ਸਿਰ ਕਰਜ਼ਾ ਚੜ੍ਹਨਾ ਸ਼ੁਰੂ ਹੋ ਗਿਆ।
ਸਾਰੇ ਸਰਮਾਏਦਾਰ ਮੁਲਕਾਂ ਵਿਚ ਇਸ ਦਵੰਦ ਕਾਰਨ ਪਰਿਵਾਰਕ ਪੈਲੀ ਮੋਟੇ ਤੌਰ ’ਤੇ ਖ਼ਤਮ ਹੋ ਗਈ ਅਤੇ ਇਸਦੀ ਥਾਂ ਕਾਰਪੋਰੇਟ ਪੈਲੀ ਨੇ ਲੈ ਲਈ। ਹੁਣ ਪੰਜਾਬ ਕੋਲ ਵੀ ਅਜਿਹੀ ਹੀ ਚੋਣ ਹੈ ਜਾਂ ਤਾਂ ਕਾਰਪੋਰੇਟ ਖੇਤੀ ਹੋਵੇ ਜਾਂ ਫਿਰ ਕੋਆਪ (ਸਾਂਝੀ ਖੇਤੀ)। ਕਾਰਪੋਰੇਟ ਫਾਰਮ ਦਾ ਮਤਲਬ ਹੈ ਕਿ ਪਿੰਡਾਂ ਦੇ ਖੇਤੀ ਕਰਦੇ ਲੋਕਾਂ ਨੂੰ ਸ਼ਹਿਰਾਂ ਵੱਲ ਹਿਜਰਤ ਕਰਨੀ ਪਵੇਗੀ ਜਿਸ ਲਈ ਜੱਟ ਤਿਆਰ ਨਹੀਂ। ਜੇ ਕੋਆਪ ਮਾਡਲ ਅਪਣਾਇਆ ਜਾਵੇ ਤਾਂ ਇਹ ਜੱਟਾਂ/ਕਿਸਾਨਾਂ ਦੇ ਜੀਵਨ ਨਾਲ ਮੇਲ ਖਾਂਦਾ ਹੈ। ਇਸ ਨਾਲ ਜੱਟ ਦੀ ਜੂਨ ਘਰ ਬੈਠਿਆਂ ਹੀ ਸੁਧਰ ਸਕਦੀ ਹੈ।
ਪੰਜਾਬ ਹਰੇ ਇਨਕਲਾਬ ਨਾਲ ਸੱਭਿਅਤਾ-ਬਦਲੂ ਤਬਦੀਲੀ ਵਿਚੋਂ ਲੰਘਿਆ ਹੈ। ਅਜਿਹੀ ਤਬਦੀਲੀ ਨੂੰ ਵਿਵਸਥਿਤ ਕਰਨਾ ਪੈਂਦਾ ਹੈ, ਪਰ ਪੰਜਾਬ ਵਿਚ ਇਸ ਨੂੰ ਸਹੀ ਤਰੀਕੇ ਨਾਲ ਵਿਵਸਥਿਤ ਨਹੀਂ ਕੀਤਾ ਗਿਆ। ਨਤੀਜੇ ਵਜੋਂ ਖੇਤੀ ਵਿਚ ਨਾ ਸਿਰਫ਼ ਮੁਨਾਫ਼ੇ ਦੀ ਕਮੀ ਸ਼ੁਰੂ ਹੋ ਕੇ ਕਰਜ਼ੇ ਚੜ੍ਹੇ, ਸਗੋਂ ਵਾਤਾਵਰਨ ਦੀ ਬਰਬਾਦੀ, ਲੱਖਾਂ ਲੋਕਾਂ ਦੀ ਪੰਜਾਬ ਤੋਂ ਬਾਹਰ ਹਿਜਰਤ ਤੇ ਹੋਰ ਅਨੇਕ ਮਾੜੇ ਅਸਰ ਹੋਏ।ਅਸੀਂ ਇਸਦੇ ਸੰਭਾਵੀ ਹੱਲ ਵੱਲ ਸਿੱਧੇ ਜਾਂਦੇ ਹਾਂ। ਜਦੋਂ ਸਪੇਨ ਦੇ ਮੌਂਡਰਾਗਾਨ ਸ਼ਹਿਰ ਵਿਚ ਅਜਿਹੀ ਹੀ ਹਾਲਤ ਸੀ ਕਿ ਕੋਈ ਸਰਮਾਏਦਾਰ ਸਰਮਾਇਆ ਲਾਉਣ ਲਈ ਤਿਆਰ ਨਹੀਂ ਸੀ ਤਾਂ ਫਾਦਰ (ਪਾਦਰੀ) ਐਜ਼ਰਾਮੈਂਡੀ ਨੇ ਲੋਕਾਂ ਨੂੰ ਕਿਹਾ ਕਿ ਸਰਮਾਏਦਾਰਾਂ ਨੂੰ ਉਡੀਕਣ ਦੀ ਥਾਂ ਇਕੱਠੇ ਹੋ ਕੇ ਆਪਣੇ ਸਰਮਾਏਦਾਰ ਆਪ ਬਣੋ। ਕੁਝ ਨੌਜਵਾਨਾਂ ਨੇ ਕੋਆਪ ਬਣਾ ਕੇ ਫੈਕਟਰੀ ਲਾਈ ਜੋ ਅਤਿਅੰਤ ਕਾਮਯਾਬ ਹੋਈ। ਫਿਰ ਉਨ੍ਹਾਂ ਨੇ ਕੋਆਪ ਬਣਾਉਣ ਤੇ ਸਨਅਤ ਲਾਉਣ ਦਾ ਕੰਮ ਜਾਰੀ ਰੱਖਿਆ ਜਿਸ ਨਾਲ ਅੱਜ ਇਹ ਅੰਤਰਰਾਸ਼ਟਰੀ ਕਾਰਪੋਰੇਸ਼ਨ ਬਣ ਚੁੱਕੀ ਹੈ ਜਿਸਦੀ ਕੁੱਲ ਆਮਦਨ 25 ਬਿਲੀਅਨ ਅਮਰੀਕਨ ਡਾਲਰਾਂ (681 ਹਜ਼ਾਰ ਕਰੋੜ ਰੁਪਏ) ਦੇ ਬਰਾਬਰ ਹੈ ਤੇ 80 ਹਜ਼ਾਰ ਵਿਅਕਤੀ ਹਿੱਸੇਦਾਰ ਹਨ। ਇਹ ਹੈ ਲੋਕ-ਸਰਮਾਇਦਾਰੀ ਦੀ ਸ਼ਾਨਦਾਰ ਮਿਸਾਲ।
ਜਦੋਂ ਅਸੀਂ ਇਹ ਕਹਿੰਦੇ ਸੀ ਕਿ ਇਹ ਮਾਡਲ ਪੰਜਾਬ ਲਈ ਬਹੁਤ ਹੀ ਢੁਕਵਾਂ ਮਾਡਲ ਹੈ ਤਾਂ ਸਾਡੇ ਬਹੁਤ ਸਾਰੇ ਵਿਦਵਾਨ ਜਵਾਬ ਦਿੰਦੇ ਸਨ ਕਿ ਪੰਜਾਬ ਵਿਚ ਇਹ ਨਹੀਂ ਹੋ ਸਕਦਾ। ਜੱਟ ਕਦੇ ਰਲਕੇ ਖੇਤੀ ਨਹੀਂ ਕਰ ਸਕਦਾ। ਫਿਰ ਹੁਸ਼ਿਆਰਪੁਰ ਦੇ ਪਿੰਡ ਲਾਂਬੜਾ ਕਾਂਗੜੀ ਦੀ ਰਿਪੋਰਟ ਆਈ ਕਿ ਇੱਥੇ ਚਾਰ ਪਿੰਡਾਂ ਦੀ ਸਹਿਕਾਰੀ ਕਾਰਪੋਰੇਸ਼ਨ ਨੇ ਮੌਂਡਰਾਗਾਨ ਨਾਲੋਂ ਵੀ ਬਿਹਤਰ ਮਾਡਲ ਪੈਦਾ ਕੀਤਾ ਹੈ ਜੋ ਅਜੇ ਸ਼ੁਰੂਆਤ ਹੀ ਹੈ।ਲਾਂਬੜਾ ਕਾਂਗੜੀ ਮਲਟੀਪਰਪਜ਼ ਕੋਆਪਰੇਟਿਵ ਸਰਵਿਸ ਸੁਸਾਇਟੀ ਲਿਮਟਿਡ’ ਵਾਲਿਆਂ ਨੇ ਚਾਰ ਪਿੰਡਾਂ ਦੀ ਸਹਿਕਾਰੀ ਕਾਰਪੋਰੇਸ਼ਨ ਬਣਾ ਕੇ ਅਜਿਹਾ ਕਾਰਜ ਕੀਤਾ ਜਿਸ ਵਿਚ ਪੰਜਾਬ ਦੀ ਆਰਥਿਕ ਸਮੱਸਿਆ ਦੀ ਜੜ ਨੂੰ ਖ਼ਤਮ ਕਰਨ ਦਾ ਸੰਭਾਵੀ ਹੱਲ ਹੈ। ਉਨ੍ਹਾਂ ਦੇ ਚਾਰ ਪਿੰਡਾਂ ਦੀ ਕੁੱਲ ਜ਼ਮੀਨ 3500 ਏਕੜ ਦੇ ਕਰੀਬ ਹੈ। ਕੁਝ ਵੱਡੇ ਜੱਟਾਂ (ਦਸ ਏਕੜ ਦੇ ਕਰੀਬ ਜ਼ਮੀਨ ਵਾਲਿਆਂ) ਨੂੰ ਛੱਡ ਕੇ ਬਾਕੀ ਸਾਰੀ ਜ਼ਮੀਨ ਪੰਜ ਟਰੈਕਟਰਾਂ ਨਾਲ ਵਾਹੀ ਜਾਂਦੀ ਹੈ। ਇਹ ਬੜੀ ਸਾਧਾਰਨ ਲਾਗਤ ਨਾਲ ਛੋਟੇ ਜ਼ਿਮੀਦਾਰਾਂ ਦੀ ਜ਼ਮੀਨ ਵਾਹੁੰਦੇ ਹਨ। ਇਸ ਨਾਲ ਉਨ੍ਹਾਂ ਦੀ ਲਾਗਤ ਬਹੁਤ ਘਟ ਜਾਂਦੀ ਹੈ, ਨਤੀਜੇ ਵਜੋਂ ਉਹ ਕਰਜ਼ੇ ਤੋਂ ਬਚ ਜਾਂਦੇ ਹਨ। ਇਨ੍ਹਾਂ ਨੇ ਹੋਰ ਬਹੁਤ ਕਿਸਮ ਦੀ ਮਸ਼ੀਨਰੀ ਖ਼ਰੀਦ ਰੱਖੀ ਹੈ ਜਿਸ ਨਾਲ ਖੇਤੀ ਵਿਚ ਉਤਪਾਦਕਤਾ ਨੂੰ ਉੱਚਤਮ ਪੱਧਰ ’ਤੇ ਰੱਖਿਆ ਜਾਂਦਾ ਹੈ। ਹੁਣ ਇਹ ਝੋਨਾ ਲਾਉਣ ਵਾਲੀ ਵਧੀਆ ਤਕਨਾਲੌਜੀ ਵਾਲੀ ਨੀਮ-ਸਵੈਚਾਲਕ ਮਸ਼ੀਨਰੀ ਲਿਆ ਰਹੇ ਹਨ।
ਇਨ੍ਹਾਂ ਨੇ ਬਹੁਤ ਸਾਰੀਆਂ ਸੇਵਾਵਾਂ ਲੋਕਾਂ ਤਕ ਪਹੁੰਚਾਉਣ ਲਈ ਵੱਖ-ਵੱਖ ਉੱਦਮ ਕੀਤੇ ਹਨ ਜਿਸ ਨਾਲ ਇਨ੍ਹਾਂ ਦੀ ਆਮਦਨ ਦੇ ਵੀ ਕਈ ਸੋਮੇ ਪੈਦਾ ਹੋਏ ਹਨ, ਉੱਤੇ ਲੋਕਾਂ ਨੂੰ ਵੀ ਫਾਇਦਾ ਹੋਇਆ ਹੈ। ਜਿਵੇਂ ਡੀਜ਼ਲ ਪੰਪ, ਮੀਥੇਨ ਪਲਾਂਟ, ਐਂਬੂਲੈਂਸ ਸੇਵਾ, ਫਿਜ਼ਿਓਥੈਰੇਪੀ ਕਲੀਨਿਕ, ਟਰਾਂਸਪੋਰਟ, ਲੋੜੀਂਦੀਆਂ ਵਸਤਾਂ ਦਾ ਸਪਲਾਈ ਸਟੋਰ ਆਦਿ। ਹੁਣ ਇਹ ਮੀਂਹ ਦੇ ਪਾਣੀ ਦਾ ਟੋਭਾ ਬਣਾ ਰਹੇ ਹਨ ਜਿਸਨੂੰ ਸਿੰਚਾਈ ਲਈ ਵਰਤਿਆ ਜਾਵੇਗਾ। ਇਸਦੇ ਨਾਲ ਹੀ ਪਾਣੀ ਸਾਫ਼ ਕਰਨ ਦਾ ਪਲਾਂਟ ਵੀ ਲਾ ਰਹੇ ਹਨ। ਇੰਨਾ ਹੀ ਨਹੀਂ ਇਨ੍ਹਾਂ ਨੇ ਨੌਂ ਬੱਸਾਂ ਦੇ ਪਰਮਿਟ ਲਈ ਵੀ ਦਰਖ਼ਾਸਤ ਦਿੱਤੀ ਹੈ। ਹੁਣ ਸਬਜ਼ੀਆਂ ਆਦਿ ਦੀ ਮਾਰਕੀਟ ਲਈ ਆਪਣੀ ਹੀ ਮੰਡੀ ਵੀ ਸ਼ੁਰੂ ਕੀਤੀ ਹੈ ਜਿਸ ਨਾਲ ਕਿਸਾਨਾਂ ਨੂੰ ਦੂਰ-ਦੁਰਾਡੇ ਦੀਆਂ ਮੰਡੀਆਂ ਦੇ ਆਸਰੇ ਨਹੀਂ ਰਹਿਣਾ ਪਵੇਗਾ।
ਅਸਲ ਵਿਚ ਇਹ ਸ਼ੁਰੂਆਤ ਹੀ ਹੈ। ਇਸ ਸਹਿਕਾਰੀ ਕਾਰਪੋਰੇਸ਼ਨ ਨੂੰ ਜੇ ਮੌਂਡਰਾਗਾਨ ਵਾਲੇ ਮਾਡਲ ਵਿਚ ਬਦਲਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਇਹੋ-ਜਿਹੇ ਕੋਆਪ ਸਾਰੇ ਪੰਜਾਬ ਵਿਚ ਬਣਾਏ ਜਾਣ ਤੇ ਉਨ੍ਹਾਂ ਸਾਰਿਆਂ ਦਾ ਕੇਂਦਰੀ ਦਫ਼ਤਰ ਹੋਵੇ। ਹਜ਼ਾਰਾਂ ਦੀ ਤਾਦਾਦ ਵਿਚ ਇਹ ਕੋਆਪ ਕੇਂਦਰੀ ਦਫ਼ਤਰ ਨੂੰ ਪੂੰਜੀ ਨਿਵੇਸ਼ ਲਈ ਰਕਮ ਦੇਣ ਜਿਸ ਨਾਲ ਵੱਡੇ ਉਤਪਾਦਨ, ਖੋਜ, ਈਜਾਦਕਾਰੀ ਤੇ ਸੰਸਾਰ ਭਰ ਵਿਚ ਇਨ੍ਹਾਂ ਰਾਹੀਂ ਉਤਪਾਦਤ ਚੀਜ਼ਾਂ ਦੀ ਮਾਰਕੀਟਿੰਗ ਕੀਤੀ ਜਾ ਸਕੇ। ਇਸ ਨਾਲ ਪੰਜਾਬ ਦੇ ਲੋਕਾਂ ਦਾ ਅਰਥਚਾਰਾ ਅੰਤਰਰਾਸ਼ਟਰੀ ਪੱਧਰ ਦੇ ਵਿਕਾਸ ਦੇ ਦਾਇਰੇ ਵਿਚ ਆ ਜਾਵੇਗਾ। ਇਸ ਨਾਲ ਪੰਜਾਬ ਦੇ ਲੋਕ ਸਿਰਫ਼ ਖੇਤੀ ਦੀ ਨਿਰਭਰਤਾ ਤੋਂ ਉਤਾਂਹ ਉਠ ਕੇ ਅਸੀਮ ਬਹੁਲਤਾ ਪੈਦਾ ਕਰ ਸਕਦੇ ਹਨ। ਬਿਨਾਂ ਕੇਂਦਰੀਕਰਨ ਦੇ ਇਹ ਕੋਆਪ ਛੋਟੀ ਪੱਧਰ ਤਕ ਸੀਮਤ ਰਹਿ ਜਾਣਗੇ। ਅੰਤਰਰਾਸ਼ਟਰੀ ਪੱਧਰ ’ਤੇ ਜਾਣ ਲਈ ਇਨ੍ਹਾਂ ਦਾ ਵੱਡੀ ਕਾਰਪੋਰੇਸ਼ਨ ਵਿਚ ਕੇਂਦਰਤ ਹੋਣਾ ਜ਼ਰੂਰੀ ਹੈ। ਫਿਰ ਇਹ ਗ਼ੈਰ-ਸਰਕਾਰੀ ਹੀ ਰਹਿਣੀ ਚਾਹੀਦੀ ਹੈ। ਸਰਕਾਰੀ ਨੌਕਰਸ਼ਾਹੀ ਕਦੇ ਵੀ ਉੱਦਮੀ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਦੀ।
ਕਿਸੇ ਵੀ ਮੁਲਕ ਦਾ ਅਸਲ ਸਰਮਾਇਆ ਲੋਕ ਤੇ ਵਕਤ ਹੁੰਦਾ ਹੈ। ਇਕ ਅਨੁਮਾਨ ਅਨੁਸਾਰ ਪੰਜਾਬ ਵਿਚ ਕੋਈ 60 ਲੱਖ ਲੋਕ ਵਿਹਲੇ ਜਾਂ ਨੀਮ-ਰੁਜ਼ਗਾਰੀ ਹਨ। ਇਸ ਜਨਸ਼ਕਤੀ ਨੂੰ ਵਰਤ ਕੇ ਪੰਜਾਬ ਵਿਚ ਚਮਤਕਾਰ ਕੀਤੇ ਜਾ ਸਕਦੇ ਹਨ। ਇਨ੍ਹਾਂ ’ਤੇ ਪੰਜਾਬ ਦੇ ਹੋਰ ਲੋਕਾਂ ਨੂੰ ਸਨਅਤੀ ਪ੍ਰਾਜੈਕਟਾਂ ਵਿਚ ਲਾ ਕੇ ਮਜ਼ਬੂਤ ਅਰਥਚਾਰਾ ਪੈਦਾ ਕੀਤਾ ਜਾ ਸਕਦਾ ਹੈ। ਲੋੜ ਹੈ ਸਹੀ ਅਦਾਰਿਆਂ ਦੀ ਤੇ ਉੱਦਮੀ ਬੰਦਿਆਂ ਦੀ।
ਕੇਂਦਰੀ ਕੋਆਪ ਨੂੰ ਕੇਂਦਰੀ ਇਨਕਿਊਬੇਸ਼ਨ ਕੇਂਦਰ ਖੋਲ੍ਹਣਾ ਚਾਹੀਦਾ ਹੈ ਜੋ ਨਵੇਂ-ਨਵੇਂ ਬਿਜ਼ਨਸ ਖੋਲ੍ਹਣ ਵਿਚ ਨੌਜਵਾਨਾਂ, ਕਿਸਾਨਾਂ ਤੇ ਕੋਆਪ ਯੂਨਿਟਾਂ ਦੀ ਮਦਦ ਕਰੇ। ਸਨਅਤੀਕਰਨ ਲਈ ਸਭ ਤੋਂਂ ਪਹਿਲਾਂ ਉਹ ਚੀਜ਼ਾਂ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੇ ਗਾਹਕ ਜੱਟ ਆਪ ਹਨ। ਫਿਰ ਅਗਲੀ ਸਟੇਜ ’ਤੇ ਉਹ ਚੀਜ਼ਾਂ ਪੈਦਾ ਕੀਤੀਆਂ ਜਾਣ ਜੋ ਕੌਮੀ ਤੇ ਕੌਮਾਂਤਰੀ ਮੰਡੀਆਂ ਵਿਚ ਵੇਚੀਆਂ ਜਾ ਸਕਣ। ਤੀਜੀ ਸਟੇਜ ’ਤੇ ਮੌਲਿਕ ਖੋਜ ਰਾਹੀਂ ਨਵੀਂ ਤਕਨਾਲੋਜੀ ਪੈਦਾ ਕਰਨ ਵਿਚ ਦੁਨੀਆਂ ਦੀਆਂ ਮੁਹਰਲੀਆਂ ਸਫ਼ਾਂ ਵਿਚ ਪਹੁੰਚਣਾ ਚਾਹੀਦਾ ਹੈ।
ਲਾਂਬੜਾ ਕਾਂਗੜੀ ਦੇ ਜੱਟ ਆਤਮਹੱਤਿਆ ਨਹੀਂ ਕਰ ਰਹੇ ਤੇ ਨਾ ਹੀ ਉਹ ਕਰਜ਼ਿਆਂ ਦੇ ਬੋਝ ਹੇਠ ਦੱਬੇ ਹੋਏ ਹਨ। ਇਸ ਦੇ ਉਲਟ ਇਸ ਸੁਸਾਇਟੀ ਕੋਲ 25 ਕਰੋੜ ਰੁਪਏ ਹਨ ਜਿਸ ਨਾਲ ਇਹ ਆਪਣੇ ਮੈਂਬਰ ਕਿਸਾਨਾਂ ਨੂੰ ਡਿਵੀਡੈਂਡ ਦਿੰਦੇ ਹਨ। ਇਹ ਕਈ ਕਿਸਮ ਦੇ ਨਵੇਂ ਪ੍ਰਾਜੈਕਟਾਂ ਦੀ ਯੋਜਨਾ ਬਣਾ ਰਹੇ ਹਨ। ਲਾਂਬੜਾ ਕਾਂਗੜੀ ਮਾਡਲ ਨੂੰ ਮੌਂਡਰਾਗਾਨ ਦੇ ਮਾਡਲ ਵਾਂਗ ਵਿਕਸਤ ਕਰਨਾ ਇਸ ਲਈ ਜ਼ਰੂਰੀ ਹੈ ਤਾਂ ਕਿ ਪੰਜਾਬ ਵਿਚ ਸਨਅਤੀ ਤੇ ਉਤਰ-ਸਨਅਤੀ ਇਨਕਲਾਬ ਨੂੰ ਤੇਜ਼ ਕੀਤਾ ਜਾ ਸਕੇ। ਸਹਿਕਾਰੀ ਮਾਡਲ ਇਸ ਲਈ ਜ਼ਰੂਰੀ ਹੈ ਕਿ ਇਕੱਲਾ-ਇਕੱਲਾ ਜੱਟ ਉਲਝੇ ਹੋਏ ਸਰਮਾਏਦਾਰੀ ਨਿਜ਼ਾਮ ਨਾਲ ਸਿੱਝਣ ਲਈ ਅਸਮਰੱਥ ਦਿੱਸਦਾ ਹੈ, ਪਰ ਜਦੋਂ ਲੋਕ ਇਕੱਠੇ ਹੋ ਕੇ ਕੁਝ ਕਰਦੇ ਹਨ ਤਾਂ ਗੱਲ ਕੁਝ ਹੋਰ ਹੀ ਹੋ ਜਾਂਦੀ ਹੈ। ਇਸ ਦੀ ਮਿਸਾਲ ਡੱਚ ਈਸਟ ਇੰਡੀਆ ਕੰਪਨੀ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ। ਜਦੋਂ ਇਕੱਲੇ-ਇਕੱਲੇ ਡੱਚ ਸੌਦਾਗਰ ਪੂਰਬੀ ਮੁਲਕਾਂ ਨਾਲ ਤਜਾਰਤ ਕਰਨ ਨਿਕਲੇ ਤਾਂ ਉਹ ਬਹੁਤੇ ਕਾਮਯਾਬ ਨਹੀਂ ਹੋ ਰਹੇ ਸਨ। ਫਿਰ ਇਨ੍ਹਾਂ ਸੌਦਾਗਰਾਂ ਨੇ ਰਲ਼ ਕੇ ਸਾਂਝੀ ਕਾਰਪੋਰੇਸ਼ਨ ਬਣਾਈ ਜਿਸਨੇ ਫੇਲ੍ਹ ਹੋ ਰਹੀ ਤਜਾਰਤ ਨੂੰ ਬਹੁਤ ਤੇਜ਼ੀ ਨਾਲ ਸਾਮਰਾਜੀ ਤਾਕਤ ਵਿਚ ਬਦਲ ਦਿੱਤਾ। ਇਵੇਂ ਹੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਕੀਤਾ ਜਿਸਦੀ ਕੀਮਤ ਭਾਰਤ ਹੁਣ ਤਕ ਤਾਰ ਰਿਹਾ ਹੈ। ਇਹ ਭਾਵੇਂ ਸਾਮਰਾਜੀ ਮਿਸਾਲਾਂ ਹਨ, ਪਰ ਉਹ ਸਾਮਰਾਜ ਬਣਾਉਣ ਨਹੀਂ ਸੀ ਤੁਰੇ, ਕੰਪਨੀਆਂ ਬਣਾ ਕੇ ਤਜਾਰਤ ਕਰਨ ਤੁਰੇ ਸਨ। ਯਾਨੀ ਸਮੂਹਿਕ ਸਹਿਕਾਰੀ ਸ਼ਕਤੀ ਚਮਤਕਾਰ ਕਰ ਸਕਦੀ ਹੈ। ਮੌਂਡਰਾਗਾਨ ਕਾਰਪੋਰੇਸ਼ਨ ਵੀ ਇਸਦੀ ਮਿਸਾਲ ਹੈ।
ਪੰਜਾਬ ਨੂੰ ਅਜਿਹੀਆਂ ਬਹੁਤ ਸਾਰੀਆਂ ਕਾਰਪੋਰੇਸ਼ਨਾਂ ਬਣਾ ਕੇ ਦੁਨੀਆਂ ਦੇ ਆਰਥਿਕ ਵਿਕਾਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਲੱਗਦਾ ਹੈ ਕਿ ਪੰਜਾਬ ਵਿਚ ਇਸ ਮਾਡਲ ਲਈ ਹਾਲਾਤ ਬਹੁਤ ਸਾਜ਼ਗਰ ਹਨ ਤੇ ਸਮੂਹਿਕ ਸੋਚ ਵੀ ਇਸ ਪਾਸੇ ਵੱਲ ਤੁਰਨੀ ਚਾਹੀਦੀ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ