Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਊਠਾਂ ਦਾ ਅਮਰੀਕੀ ਸੌਦਾਗਰ ਤੇ ਖ਼ਾਲਸਾ ਦਰਬਾਰ… ਸੁਰਿੰਦਰ ਸਿੰਘ ਤੇਜ
ਕੌਣ ਸੀ ਜੋਸਾਇਆ ਹਾਰਲਨ? ਕੀ ਸੀ ਲਾਹੌਰ ਦਰਬਾਰ ਨਾਲ ਉਸ ਦਾ ਸਬੰਧ? ਬਲਭੱਦਰ ਕੁੰਵਰ ਨੇਪਾਲੀ ਸੀ; ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਉਸ ਦਾ ਰਿਸ਼ਤਾ ਕਿਵੇਂ ਜੁੜਿਆ? ਕਿਸ ਗ਼ੈਰ-ਪੰਜਾਬੀ ਦੀ ਸ਼ਹਾਦਤ ਨੇ ਅਕਾਲੀ ਫੂਲਾ ਸਿੰਘ ਨੂੰ ਪ੍ਰਭਾਵਿਤ ਕੀਤਾ? ਕੋਹਿਨੂਰ ਹੀਰਾ ਕਿਵੇਂ ਇਕ ਫ਼ਕੀਰ ਲਈ ਪੇਪਰਵੇਟ ਬਣਿਆ ਰਿਹਾ? ਕਿਸ ਫਰਾਂਸੀਸੀ ਜਰਨੈਲ ਦੀ ਮੌਤ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਛੁਪਾ ਕੇ ਰੱਖਿਆ ਗਿਆ?
ਇਨ੍ਹਾਂ ਸਾਰੇ ਰੌਚਕ ਸਵਾਲਾਂ ਦੇ ਓਨੇ ਹੀ ਰੌਚਕ ਜਵਾਬ ਪੇਸ਼ ਕਰਦੀ ਹੈ ਸਰਬਪ੍ਰੀਤ ਸਿੰਘ ਦੀ ਕਿਤਾਬ ‘ਦਿ ਕੈਮਲ ਮਰਚੈਂਟ ਆਫ਼ ਫਿਲੇਡੈਲਫ਼ੀਆ’ (ਟਰੈਂਕੁਏਬਾਰ ਵੈਸਟਲੈਂਡ; 242 ਪੰਨੇ; 699 ਰੁਪਏ)। ਸਰਬਪ੍ਰੀਤ ਸਿੰਘ ਕਵੀ, ਲੇਖਕ ਤੇ ਪੌਡਕਾਸਟਰ ਹੈ। ਇਤਿਹਾਸਕਾਰ ਦੇ ਰੂਪ ਵਿਚ ਉਸ ਦੀਆਂ ਲਿਖਤਾਂ ਦਾ ਇਹ ਪਹਿਲਾ ਸੰਗ੍ਰਹਿ ਹੈ। ਉਸ ਦਾ ਬਾਲਪਣ ਸਿੱਕਿਮ ਵਿਚ ਗੁਜ਼ਰਿਆ। ਫਿਰ ਉਹ ਅਮਰੀਕਾ ਜਾ ਵਸਿਆ। ਉੱਥੇ ਟੈਕਨਾਲੋਜੀ ਦੇ ਖੇਤਰ ਵਿਚ ਉਹਨੇ ਚੰਗਾ ਨਾਮ ਕਮਾਇਆ। ਗੁਰਮਤਿ ਸੰਗੀਤ ਪਰੰਪਰਾ ਦੀ ਸੰਭਾਲ ਸਬੰਧੀ ਪ੍ਰਾਜੈਕਟ ਦਾ ਉਹ ਸੰਸਥਾਪਕ ਹੈ। ਨਾਲ ਹੀ ‘ਹਫਿੰਗਟਨ ਪੋਸਟ’, ‘ਬੋਸਟਨ ਹੈਰਲਡ’ ਅਤੇ ਹੋਰ ਅਮਰੀਕੀ ਪ੍ਰਕਾਸ਼ਨਾਵਾਂ ਵਿਚ ਉਸ ਦੇ ਲੇਖ ਨਿਯਮਿਤ ਤੌਰ ’ਤੇ ਛਪਦੇ ਆ ਰਹੇ ਹਨ। ‘ਦਿ ਸਟੋਰੀ ਆਫ ਦਿ ਸਿੱਖਸ’ ਨਾਮ ਵਾਲਾ ਉਸ ਦਾ ਪੌਡਕਾਸਟ ਅੱਸੀ ਮੁਲਕਾਂ ਵਿਚ ਸੁਣਿਆ ਜਾਂਦਾ ਹੈ। ਬਾਣੇ, ਬਿਰਤੀ ਤੇ ਬਿਬੇਕ ਪੱਖੋਂ ਸਿੱਖੀ ਨੂੰ ਪਰਣਾਏ ਕਿਸੇ ਵੀ ਲੇਖਕ ਦੀਆਂ ਲਿਖਤਾਂ ਉੱਤੇ ਮਜ਼ਹਬੀ ਚਾਸ਼ਨੀ ਚੜ੍ਹੇ ਹੋਣ ਦੇ ਤੌਖ਼ਲੇ ਮਨ ਵਿਚ ਉੱਠਣੇ ਸੁਭਾਵਿਕ ਹਨ, ਪਰ ਸਰਬਪ੍ਰੀਤ ਦਾ ਕਿਤਾਬੀ ਉੱਦਮ ਇਨ੍ਹਾਂ ਤੌਖ਼ਲਿਆਂ ਨੂੰ ਨਿਰਮੂਲ ਸਾਬਤ ਕਰਦਾ ਹੈ। ਲਿਖਣ ਸ਼ੈਲੀ, ਖੋਜ ਤੇ ਵਿਆਖਿਆ, ਅਤੇ ਇਤਿਹਾਸਕ ਤੱਥਾਂ ਦੀ ਸਲੀਕੇਦਾਰ ਪੇਸ਼ਕਾਰੀ ਵਰਗੇ ਤੱਤਾਂ ਪੱਖੋਂ ਬੜੀ ਮਿਆਰੀ ਹੈ ਉਸ ਦੀ ਕਿਤਾਬ। ਇਸ ਦਾ ਪੰਜਾਬੀ ਵਿਚ ਅਨੁਵਾਦ ਅਵੱਸ਼ ਹੋਣਾ ਚਾਹੀਦਾ ਹੈ। ਜੇਕਰ ਖ਼ੁਦ ਲੇਖਕ ਵੱਲੋਂ ਹੋਵੇ ਤਾਂ ਹੋਰ ਵੀ ਚੰਗਾ; ਤਕਨੀਕੀ ਤੇ ਤੱਥ-ਮੂਲਕ ਬਾਰੀਕੀਆਂ ਦੀ ਸ਼ਿੱਦਤ ਤੇ ਸੁਹਜ ਉਹ ਬਿਹਤਰ ਢੰਗ ਨਾਲ ਬਰਕਰਾਰ ਰੱਖ ਸਕਦਾ ਹੈ।ਹੁਣ ਗੱਲਾਂ ਜੋਸਾਇਆ ਹਾਰਲਨ, ਬਲਭੱਦਰ ਕੁੰਵਰ, ਲਹੂਰਿਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ। ਮਹਾਰਾਜੇ ਦੇ ਇਕ ਅਮਰੀਕੀ ਅਹਿਲਕਾਰ ਦਾ ਜ਼ਿਕਰ ਇਤਿਹਾਸ ਦੀਆਂ ਕਿਤਾਬਾਂ ਵਿਚ ਅਕਸਰ ਹੀ ਆਉਂਦਾ ਹੈ; ਪਰ ਇਹ ਅਮਰੀਕੀ ਕਿੰਨਾ ਤਿਕੜਮਬਾਜ਼, ਕਿੰਨਾ ਰੰਗੀਲਾ ਤੇ ਕਿੰਨਾ ਮੌਕਾਪ੍ਰਸਤ ਸੀ, ਇਸ ਦਾ ਖੁਲਾਸਾ ਪੇਸ਼ ਕਰਦੀ ਹੈ ਊਠਾਂ ਦੇ ਅਮਰੀਕੀ ਸੌਦਾਗਰ ਵਾਲੀ ਨਾਟਕੀ ਗਾਥਾ। ਸਾਦਗੀ ਤੇ ਅਹਿੰਸਾ ਨੂੰ ਪਰਣਾਈ ਇਸਾਈ ‘ਕੁਏਕਰ’ ਸੰਪਰਦਾ ਨਾਲ ਸਬੰਧਿਤ ਸੀ ਜੋਸਾਇਆ ਹਾਰਲਨ। 1799 ’ਚ ਅਮਰੀਕੀ ਸੂਬੇ ਪੈਨਸਿਲਵੇਨੀਆ ਵਿਚ ਜਨਮੇ ਜੋਸਾਇਆ ਦੇ ਪੈਰਾਂ ਵਿਚ ਚੱਕਰ ਸੀ ਅਤੇ ਦਿਮਾਗ਼ ’ਤੇ ਸਵਾਰ ਸੀ ਧਨ-ਕੁਬੇਰ ਤੇ ਦਿੱਗਜ ਬਣਨ ਦਾ ਫ਼ਿਤੂਰ। ਇਹ ਦੋਵੇਂ ਤੱਤ ਉਸ ਨੂੰ ਭਾਰਤ ਲਿਆਏ। ਖੁਰਾਫ਼ਾਤੀ ਦਿਮਾਗ਼ ਨੇ ਉਸ ਨੂੰ ਬਿਨਾਂ ਕਿਸੇ ਡਿਗਰੀ ਜਾਂ ਸਿਖਲਾਈ ਦੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫ਼ੌਜ ਵਿਚ ਡਾਕਟਰ ਬਣਾ ਦਿੱਤਾ। ਇਸੇ ‘ਡਾਕਟਰੀ’ ਨੇ ਉਸ ਨੂੰ ਪਹਿਲਾਂ ਕਰਨਾਲ, ਫਿਰ ਕਾਬੁਲ ਅਤੇ ਫਿਰ ਲਾਹੌਰ ਪਹੁੰਚਾਇਆ। ਇਸੇ ਦੀ ਬਦੌਲਤ ਉਹ ਮਹਾਰਾਜੇ ਦੀ ਨਜ਼ਰੀਂ ਚੜ੍ਹਿਆ; ਪਹਿਲਾਂ ਨੂਰਪੁਰ ਤੇ ਜਸਰੋਟਾ ਦਾ ਹਾਕਮ ਥਾਪਿਆ ਗਿਆ ਅਤੇ ਫਿਰ ਗੁਜਰਾਤ ਦਾ ਗਵਰਨਰ। ਇਹੋ ਤਿਕੜਮਬਾਜ਼ੀ ਕੁਝ ਵਰ੍ਹਿਆਂ ਬਾਅਦ ਉਸ ਪ੍ਰਤੀ ਮਹਾਰਾਜੇ ਦੀ ਨਾਰਾਜ਼ਗੀ ਅਤੇ ਫਿਰ ਪੰਜਾਬ ਤੋਂ ਬੇਦਖ਼ਲੀ ਦੀ ਵਜ੍ਹਾ ਬਣੀ।
ਅਮਰੀਕਾ ਪਰਤਣ ’ਤੇ ਉਸ ਨੇ ਬ੍ਰਿਟਿਸ਼ ਇੰਡੀਆ ਤੇ ਅਫ਼ਗਾਨਿਸਤਾਨ ਵਿਚਲੇ ਆਪਣੇ ਤਜ਼ਰਬੇ ਨੂੰ ਅਮਰੀਕੀ ਫ਼ੌਜ ’ਚ ਰੁਤਬੇਦਾਰੀ ਦੇ ਰੂਪ ਵਿਚ ਭੁਨਾਇਆ, ਪਰ ਅਮਰੀਕੀ ਗ੍ਰਹਿ ਯੁੱਧ ਦੌਰਾਨ ਉਸ ਨੂੰ ਕੋਰਟ ਮਾਰਸ਼ਲ ਵਰਗੀ ਨਮੋਸ਼ੀ ਝਾਗਣੀ ਪਈ। ਬਾਅਦ ’ਚ ਫ਼ੌਜ ਵਿਚ ਉਸ ਦੀ ਬਹਾਲੀ ਹੋ ਗਈ, ਪਰ ਚੌਧਰ ਦੇਰ ਤਕ ਨਾ ਚੱਲੀ। ਨਾ ਉਹ ਧਨ ਕੁਬੇਰ ਬਣ ਸਕਿਆ, ਨਾ ਹੀ ਵੱਡ-ਚੌਧਰੀ। ਅਮਰੀਕੀ ਫ਼ੌਜ ਦੀ ਬੋਤਾ ਰੈਜਮੈਂਟ ਲਈ ਬੋਤਿਆਂ ਦੀ ਸੌਦਾਗਰੀ ਕਰਨ ਦੇ ਹੀਲੇ-ਉਪਰਾਲੇ ਵੀ ਨਿਹਫ਼ਲ ਸਾਬਤ ਹੋਏ। ਅੰਤ ਮੁਫ਼ਲਿਸਾਂ ਵਾਲੀ ਮੌਤ ਹੀ ਪੱਲੇ ਪਈ।
ਜੋਸਾਇਆ ਵਰਗੀਆਂ ਹੀ ਹੈਰਤਅੰਗੇਜ਼ ਕਹਾਣੀਆਂ ਹਨ ਮਹਾਰਾਜੇ ਦੀ ਫ਼ੌਜ ਦੀ ਗੋਰਖ਼ਾ ਰੈਜਮੈਂਟ ਦੇ ਸੰਸਥਾਪਕ, ਕੁੰਵਰ ਬਲਭੱਦਰ ਸਿੰਘ ਅਤੇ ਫਰਾਂਸੀਸੀ ਜਰਨੈਲ ਯਾਂ ਫਰਾਂਸਵਾ ਐਲਾਰਡ (ਫਰੈਂਚ ਉਚਾਰਨ ਔਲੋਰ) ਦੀਆਂ। ਬਲਭੱਦਰ ਨੇ ਕਿਰਪਾਨ ਤੇ ਖੁਖਰੀ ਦਾ ਸੁਮੇਲ ਸਾਬਤ ਕਰ ਦਿਖਾਇਆ। ਇਸ ਕਾਰਨਾਮੇ ਨੇ ਵਿਦੇਸ਼ੀ ਧਰਤੀ ’ਤੇ ਫ਼ੌਜੀਆਂ ਵਜੋਂ ਕੰਮ ਕਰਨ ਵਾਲੇ ਗੋਰਖਿਆਂ ਲਈ ‘ਲਹੂਰੇ’ ਸ਼ਬਦ ਦਾ ਮੁੱਢ ਬੰਨ੍ਹਿਆ। ਹੁਣ ਲਹੂਰਿਆਂ ਬਾਰੇ ਦੰਦ-ਕਥਾਵਾਂ ਨੇਪਾਲੀ ਲੋਕਧਾਰਾ ਦਾ ਹਿੱਸਾ ਹਨ। ਨੌਸ਼ਹਿਰੇ ਦੀ ਲੜਾਈ ਵਿਚ ਬਲਭੱਦਰ ਦੀ ਸ਼ਹਾਦਤ ਨੇ ਅਕਾਲੀ ਫੂਲਾ ਸਿੰਘ ਅੰਦਰ ਏਨਾ ਰੋਹ ਜਗਾਇਆ ਕਿ ਇਸ ਅਕਾਲੀ ਜਥੇਦਾਰ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਅਫ਼ਗਾਨ ਫ਼ੌਜ ਨੂੰ ਖਦੇੜਿਆ। ਸ਼ੁਕਰਚਕੀਆ ਮਿਸਲ ਦੇ ਉਭਾਰ, ਸਰਦਾਰਨੀ ਸਦਾ ਕੌਰ ਦੀ ਸ਼ਖ਼ਸੀਅਤ, ਰਾਣੀ ਮੋਰਾਂ ਤੇ ਮਹਾਰਾਜੇ ਦੀ ਪ੍ਰੇਮ ਕਥਾ, ਡੋਗਰਿਆਂ ਦੀ ਭੂਮਿਕਾ ਅਤੇ ਸਿੱਖ ਰਾਜ ਦੇ ਪਤਨ ਦੇ ਬਿਰਤਾਂਤ ਵਰਗੇ ਅਧਿਆਇ ਵੀ ਇਸ ਕਿਤਾਬ ਦਾ ਸ਼ਿੰਗਾਰ ਹਨ। ਕਿਉਂਕਿ ਕਿਤਾਬ ਪਹਿਲਾਂ ਪ੍ਰਕਾਸ਼ਿਤ ਲੇਖਾਂ ਦਾ ਸੰਗ੍ਰਹਿ ਹੈ, ਇਸ ਲਈ ਇਸ ਵਿਚਵਿਸ਼ਾ-ਸਮੱਗਰੀ ਦਾ ਦੁਹਰਾਅ ਮੌਜੂਦ ਹੈ। ਇਹ ਦੁਹਰਾਅ ਖਟਕਦਾ ਹੈ। ਚੁਸਤ-ਦਰੁਸਤ ਸੰਪਾਦਨ ਰਾਹੀਂ ਇਹ ਖ਼ਾਮੀ ਸਹਿਜੇ ਹੀ ਢਕੀ ਜਾ ਸਕਦੀ ਸੀ। ਫਿਰ ਵੀ, ਜੋ ਕੁਝ ਪਰੋਸਿਆ ਗਿਆ ਹੈ, ਉਹ ਖੋਜ, ਅਧਿਐਨ ਤੇ ਮੁਸ਼ੱਕਤ ਦੀ ਨਿੱਗਰਤਾ ਦੇ ਫ਼ਲ ਦੇ ਰੂਪ ਵਿਚ ਹੈ। ਅਜਿਹਾ ਫ਼ਲ ਸਦਾ ਹੀ ਮਿੱਠਾ ਹੁੰਦਾ ਹੈ
ਨੂਰ ਮੁਹੰਮਦ ਨੂਰ ਹੁਰਾਂ ਵੱਲੋਂ ਕੀਤੀ ਜਾ ਰਹੀ ਪੁਸਤਕ ਸੇਵਾ ਦੀ ਚਰਚਾ ਇਸ ਕਾਲਮ ਵਿਚ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ। ਉਹ ਪੇਸ਼ੇ ਵੱਲੋਂ ਬੈਂਕਰ ਰਹੇ ਹਨ, ਪਰ ਹੁਣ ਪੰਜਾਬੀ ਤੇ ਇਸਲਾਮੀ ਲੋਕਧਾਰਾ, ਇਤਿਹਾਸ ਅਤੇ ਅਜਿਹੇ ਹੋਰ ਵਿਸ਼ਿਆਂ ਬਾਰੇ ਖੋਜ ਕਾਰਜ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ‘1857 ਦੇ ਆਜ਼ਾਦੀ ਘੁਲਾਟੀਏ’ (ਲੋਕਗੀਤ ਪ੍ਰਕਾਸ਼ਨ; 347 ਪੰਨੇ; 395 ਰੁਪਏ) ਉਨ੍ਹਾਂ ਦੀ ਨਵੀਂ ਕਿਤਾਬ ਹੈ। ਇਸ ਵਿਚ 70 ਦੇ ਕਰੀਬ ਆਜ਼ਾਦੀ ਘੁਲਾਟੀਆਂ ਦੀਆਂ ਜੀਵਨੀਆਂ ਪੇਸ਼ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 60 ਦੇ ਕਰੀਬ ਜੀਵਨੀਆਂ ਮੁਸਲਿਮ ਆਜ਼ਾਦੀ ਘੁਲਾਟੀਆਂ ਦੀਆਂ ਹਨ। ਇਨ੍ਹਾਂ ਘੁਲਾਟੀਆਂ ਵਿਚੋਂ ਮੌਲਵੀ ਅਜ਼ੀਮਉੱਲਾ ਖ਼ਾਨ, ਮੁਹੰਮਦ ਜਅਫ਼ਰ ਥਾਨੇਸਰੀ, ਮੌਲਵੀ ਅਬਦੁਲ ਕਾਦਿਰ ਦੇਹਲਵੀ ਜਾਂ ਦੀਵਾਨ ਰਹਿਮਤੁੱਲਾਹ ਖਾਂ ਦਾ ਜ਼ਿਕਰ 1857 ਦੇ ਸੰਗਰਾਮ ਨਾਲ ਜੁੜੀਆਂ ਕਿਤਾਬਾਂ ਵਿਚ ਪੜ੍ਹਨ ਨੂੰ ਮਿਲਦਾ ਆਇਆ ਹੈ, ਪਰ ਬਾਕੀ ਨਾਮ ਕਦੇ ਵੀ ਪਾਠ ਪੁਸਤਕਾਂ ਦਾ ਹਿੱਸਾ ਨਹੀਂ ਬਣੇ। ਨੂਰ ਹੁਰਾਂ ਨੇ ਆਪਣੇ ਉੱਦਮ ਰਾਹੀਂ ਉਨ੍ਹਾਂ ਨੂੰ ਪੰਜਾਬੀ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਇਹ ਉੱਦਮ ਸਹੀ ਮਾਅਨਿਆਂ ਵਿਚ ਸਲਾਮ ਦਾ ਹੱਕਦਾਰ ਹੈ।
ਵਿਵਿਧ ਭਾਰਤੀ ਤੋਂ ਫਿਲਮ ਸੰਗੀਤਕਾਰ ਸ਼ੰਕਰ (ਜੈਕਿਸ਼ਨ ਦੇ ਜੋੜੀਦਾਰ) ਦੀ ਪੁਰਾਣੀ ਇੰਟਰਵਿਊ ਸੁਣੀ। ਭੂਮਿਕਾ ’ਚ ਦੱਸਿਆ ਗਿਆ ਕਿ ਉਹ ਹੈਦਰਾਬਾਦ ਦਾ ਜੰਮਪਲ ਸੀ। ਇੰਟਰਨੈੱਟ ਉੱਤੇ ਮੌਜੂਦ ਸ਼ਬਦ-ਚਿੱਤਰਾਂ ਵਿਚ ਵੀ ਉਸ ਨੂੰ ਹੈਦਰਾਬਾਦੀ ਦੱਸਿਆ ਗਿਆ ਹੈ, ਪਰ ਮੇਰੀ ਜਾਣਕਾਰੀ ਮੁਤਾਬਿਕ ਸ਼ੰਕਰ ਸਿੰਘ ਰਘੂਵੰਸ਼ੀ ਪੰਜਾਬੀ ਸੀ। ਉਸ ਦੀ ਪੈਦਾਇਸ਼ ਰਾਵਲਪਿੰਡੀ ’ਚ ਰਾਮ ਸਿੰਘ ਰਘੂਵੰਸ਼ੀ ਦੇ ਆਰੀਆ ਸਮਾਜੀ ਪਰਿਵਾਰ ’ਚ ਹੋਈ। ਨਿੱਕੀ ਉਮਰੇ ਹੀ ਸ਼ੰਕਰ ਨੂੰ ਚਾਚੇ ਨਾਲ ਹੈਦਰਾਬਾਦ ਭੇਜ ਦਿੱਤਾ ਗਿਆ। ਉੱਥੇ ਸਕੂਲੀ ਸਿੱਖਿਆ ਦੇ ਨਾਲ ਨਾਲ ਉਸ ਨੇ ਉਸਤਾਦ ਬਾਬਾ ਨਾਸਿਰ ਖਾਂ ਤੋਂ ਤਬਲਾ ਵਾਦਨ ਤੇ ਸ਼ਾਸਤਰੀ ਗਾਇਨ ਦੀ ਤਾਲੀਮ ਲਈ। ਨਾਲੋ ਨਾਲ ਭਲਵਾਨੀ ਵੀ ਕੀਤੀ। ਅਠਾਰਾਂ ਸਾਲ ਦੀ ਉਮਰ ’ਚ ਬੰਬਈ ਪੁੱਜਣ ’ਤੇ ਸੰਗੀਤਕਾਰ (ਖਵਾਜਾ) ਖੁਰਸ਼ੀਦ ਅਨਵਰ ਦੀ ਸਰਪ੍ਰਸਤੀ ਹਾਸਿਲ ਹੋ ਗਈ। ਉੱਥੋਂ ਫਿਲਮੀ ਸਫ਼ਰ ਦਾ ਮੁੱਢ ਬੱਝ ਗਿਆ। ਬਹਰਹਾਲ, ਇੰਟਰਵਿਊ ’ਚ ਸ਼ੰਕਰ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਉਸ ਦੀ ਪੋਠੋਹਾਰੀ ਲਹਿਜੇ ਵਾਲੀ ਹਿੰਦੀ ਨੇ ਦਰਸਾ ਦਿੱਤਾ ਕਿ ਮੇਰੀ ਜਾਣਕਾਰੀ ਠੀਕ ਸੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback