Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕੁਦਰਤੀ ਆਫ਼ਤਾਂ ਅਤੇ ਸਾਡਾ ਵਤੀਰਾ-- ਪ੍ਰੋ. ਰਾਕੇਸ਼ ਰਮਨ
ਕੁਦਰਤੀ ਆਫ਼ਤਾਂ ਬਾਰੇ ਸਾਡਾ ਵਤੀਰਾ ਅਜੇ ਵੀ ਪੁਰਾਣੇ ਸਮੇਂ ਵਾਲਾ ਹੈ। ਅਸੀਂ ਸੋਚਦੇ ਹਾਂ ਕਿ ਮੁਸੀਬਤ ਦੀ ਘੜੀ ਭਗਵਾਨ ਆਪ ਬੰਦੇ ਦੀ ਮਦਦ ਲਈ ਬਹੁੜਦਾ ਹੈ। ਜੇ ਅਜਿਹਾ ਹੁੰਦਾ ਤਾਂ ਭਗਵਾਨ ਭਗਵਾਨਪੁਰੇ ਵੀ ਜ਼ਰੂਰ ਬਹੁੜਦਾ ਜਿੱਥੇ ਦੋ ਸਾਲ ਦੇ ਮਾਸੂਮ ਬੱਚੇ ਦੀ ਬੋਰਵੈੱਲ ਵਿਚ ਡਿੱਗ ਕੇ ਦੁਖਦ ਮੌਤ ਹੋ ਗਈ। ਭਗਵਾਨ ਸਿਰ ਬਹੁਤ ਸਾਰਾ ਦਾਰੋਮਦਾਰ ਛੱਡ ਕੇ ਅਸੀਂ ਨਾ ਕੇਵਲ ਕੁਦਰਤੀ ਆਫ਼ਤਾਂ ਦੇ ਸਮੇਂ ਆਪਣੇ ਆਪ ਨੂੰ ਲਾਚਾਰ ਪਾਉਂਦੇ ਹਾਂ ਸਗੋਂ ਬਹੁਤ ਵਾਰ ਤਾਂ ਕੁਦਰਤੀ ਆਫ਼ਤਾਂ ਨੂੰ ਸੱਦਾ ਵੀ ਖੁਦ ਹੀ ਦਿੰਦੇ ਹਾਂ।ਸਾਡੀਆਂ ਅੱਖਾਂ ਤਾਂ ਉਦੋਂ ਵੀ ਨਹੀਂ ਖੁੱਲ੍ਹਦੀਆਂ ਜਦੋਂ ਸਾਡੀਆਂ ਆਪਣੀਆਂ ਲਾਪ੍ਰਵਾਹੀਆਂ ਕਾਰਨ ਵੱਡੀਆਂ ਦੁਰਘਟਨਾਵਾਂ ਹੋ ਚੁੱਕੀਆਂ ਹੁੰਦੀਆਂ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਬੀਤੇ ਸਮੇਂ ਦੌਰਾਨ ਬੋਰਵੈੱਲ ਵਿਚ ਬੱਚਿਆਂ ਦੇ ਡਿੱਗ ਪੈਣ ਦੀਆਂ ਕਈ ਦੁਰਘਟਨਾਵਾਂ ਹੋਈਆਂ ਹਨ। ਬੋਰਵੈੱਲ ਨੂੰ ਅਣਢਕਿਆ ਛੱਡਣਾ ਖਤਰੇ ਤੋਂ ਖਾਲੀ ਨਹੀਂ। ਫਿਰ ਵੀ ਭਗਵਾਨਪੁਰੇ ਤੋਂ ਇਲਾਵਾ ਹੋਰ ਵੀ ਕਿੰਨੀਆਂ ਥਾਵਾਂ ਹੋਣਗੀਆਂ ਜਿੱਥੇ ਬੋਰਵੈੱਲ ਅਣਢਕੇ ਹਨ। ਅਸੀਂ ਸੋਚਦੇ ਹੀ ਨਹੀਂ ਕਿ ਜੇ ਸਾਡਾ ਬੱਚਾ ਨਹੀਂ ਤਾਂ ਕੋਈ ਹੋਰ ਮੌਤ ਦੇ ਇਸ ਮੂੰਹ ਵਿਚ ਡਿੱਗ ਸਕਦਾ ਹੈ। ਪਿੰਡਾਂ, ਕਸਬਿਆਂ, ਸ਼ਹਿਰਾਂ ਵਿਚ ਸੀਵਰੇਜ ਦੇ ਮੈਨਹੋਲ ਸਾਨੂੰ ਅਕਸਰ ਅਣਢਕੇ ਮਿਲ ਜਾਣਗੇ। ਅਸੀਂ ਮਨ ਹੀ ਮਨ ਇਸ ਲਈ ਜ਼ਿੰਮੇਵਾਰ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕੋਸ ਕੇ ਅੱਗੇ ਲੰਘ ਜਾਂਦੇ ਹਾਂ। ਬੰਦੇ ਤੋਂ ਲੈ ਕੇ ਪ੍ਰਸ਼ਾਸਨ ਤੱਕ ਲਾਪ੍ਰਵਾਹੀਆਂ ਦਾ ਵਿਸ਼ਾਲ ਸਾਮਰਾਜ ਫੈਲਿਆ ਹੋਇਆ ਹੈ ਜਿਸ ਨੇ ਮੁਲਕ ਵਿਚ ਜੀਵਨ ਨੂੰ ਅਸੁਰੱਖਿਅਤ ਬਣਾ ਦਿੱਤਾ ਹੈ।
ਨਗਰਾਂ-ਸ਼ਹਿਰਾਂ ਵਿਚ ਲਾਵਾਰਸ ਪਸ਼ੂ ਆਮ ਹੀ ਖਰੂਦ ਪਾਉਂਦੇ ਫਿਰਦੇ ਹਨ। ਭਿੜਦੇ ਭਿੜਦੇ ਸਾਨ੍ਹ ਕਈ ਵਾਰ ਅਚਾਨਕ ਸੜਕ ਦੇ ਵਿਚਕਾਰ ਆ ਜਾਂਦੇ ਹਨ। ਇਨ੍ਹਾਂ ਦੀ ਆਪਣੀ ਹਾਲਤ ਤਾਂ ਤਰਸਯੋਗ ਹੁੰਦੀ ਹੀ ਹੈ, ਨਾਲ ਭਿਆਨਕ ਹਾਦਸਿਆਂ ਦਾ ਸਬੱਬ ਵੀ ਬਣਦੇ ਹਨ। ਹੁਣ ਤੱਕ ਅਨੇਕਾਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਵਿਚ ਜਾ ਚੁੱਕੀਆਂ ਹਨ। ਇਹ ਲਾਵਾਰਸ ਪਸ਼ੂ ਆਮ ਕਰਕੇ ਉਹ ਹੁੰਦੇ ਹਨ ਜੋ ਪਸ਼ੂ ਪਾਲਕਾਂ ਦੁਆਰਾ ਬੇਕਾਰ ਹੋਣ ਕਰਕੇ ਛੱਡ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ ਕਿਸੇ ਯੋਗ ਪ੍ਰਬੰਧ ਹੇਠ ਲਿਆਉਣ ਤੋਂ ਬੰਦਾ ਅਤੇ ਪ੍ਰਸ਼ਾਸਨ ਫਿਰ ਲਾਪ੍ਰਵਾਹੀ ਦਿਖਾਉਂਦੇ ਹਨ। ਇਹ ਜਨਤਕ ਥਾਵਾਂ ਅਤੇ ਸੜਕਾਂ ਨੂੰ ਅਸੁਰੱਖਿਅਤ ਬਣਾਉਣ ਦਾ ਕਾਰਨ ਬਣਦੇ ਹਨ।
ਲਾਵਾਰਸ ਪਸ਼ੂਆਂ ਅਤੇ ਜਾਨਵਰਾਂ ਦੀ ਭਰਮਾਰ ਦੇ ਬਹੁਤ ਸਾਰੇ ਕਾਰਨ ਹਨ। ਇਨ੍ਹਾਂ ਵਿਚੋਂ ਮੁੱਖ ਕਾਰਨ ਪਾਸ ਹੋਏ ਕਾਨੂੰਨ ਮੁਤਾਬਿਕ ਕਿਸੇ ਜਾਨਵਰ ਨੂੰ ਮਾਰਨਾ ਜਾਂ ਜ਼ਖਮੀ ਕਰਨਾ ਸਜ਼ਾਯੋਗ ਅਪਰਾਧ ਹੈ। ਇਸੇ ਕਾਨੂੰਨ ਕਾਰਨ ਪਿੰਡਾਂ, ਨਗਰਾਂ, ਕਸਬਿਆਂ, ਸ਼ਹਿਰਾਂ ਵਿਚ ਤੇ ਹੱਡਾਰੋੜੀ ਵਾਲੀਆਂ ਸੜਕਾਂ ਉਪਰ ਮਾਸਖੋਰੇ ਕੁੱਤਿਆਂ ਦੇ ਗੈਂਗ ਤੁਰੇ ਫਿਰਦੇ ਹਨ। ਇਹ ਕੁੱਤੇ ਕਈ ਬਾਲਾਂ ਨੂੰ ਮਾਰ ਚੁੱਕੇ ਹਨ, ਕਈਆਂ ਨੂੰ ਜ਼ਖਮੀ ਕਰ ਚੁੱਕੇ ਹਨ ਤੇ ਇਨ੍ਹਾਂ ਦੀ ਦਹਿਸ਼ਤ ਕਾਰਨ ਕਈ ਰਾਹਾਂ ਤੋਂ ਲੰਘਣਾ ਔਖਾ ਹੋ ਗਿਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਤੀ ਹਰ ਤਰ੍ਹਾਂ ਦੇ ਜੀਵਾਂ ਲਈ ਬਣੀ ਹੈ ਪਰ ਸਾਨੂੰ ਅਜਿਹੇ ਪ੍ਰਬੰਧ ਵੀ ਤਾਂ ਕਰਨੇ ਪੈਣਗੇ ਜਿਸ ਦੇ ਅਧੀਨ ਮਨੁੱਖ ਅਤੇ ਬਾਕੀ ਜੀਵ ਜਗਤ ਦਾ ਜੀਵਨ ਵੀ ਸੁਰੱਿਖਅਤ ਰਹੇ। ਅਜਿਹਾ ਪ੍ਰਬੰਧ ਉਸਾਰਨ ਲਈ ਹਰ ਨਾਗਰਿਕ ਟੈਕਸ ਦੀ ਅਦਾਇਗੀ ਕਰਦਾ ਹੈ ਪਰ ਅਫਸੋਸ, ਹਾਲ ਦੀ ਘੜੀ ਇਹ ਪੈਸਾ ਅਫਸਰਾਂ ਤੇ ਸਿਆਸਤਦਾਨਾਂ ਦੀ ਜੇਬ ਵਿਚ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਗੁਜਰਾਤ ਵਿਚ ਭਿਆਨਕ ਅਗਨੀ ਕਾਂਡ ਵਾਪਰਿਆ ਜਿਸ ਵਿਚ 21 ਹੋਣਹਾਰ ਨੌਜਵਾਨਾਂ ਦੀ ਮੌਤ ਹੋ ਗਈ। ਬਹੁ ਮੰਜ਼ਿਲੀ ਇਮਾਰਤ ਦੀ ਉੱਪਰਲੀ ਮੰਜ਼ਿਲ ਵਿਚ ਕੋਚਿੰਗ ਸੈਂਟਰ ਚੱਲ ਰਿਹਾ ਸੀ। ਇਸ ਮੰਜ਼ਿਲ ਨੂੰ ਅੱਗ ਲੱਗ ਗਈ। ਵਿਦਿਆਰਥੀਆਂ ਨੂੰ ਉਪਰਲੀ ਇਮਾਰਤ ਤੋਂ ਹੇਠਾਂ ਕੁੱਦਣਾ ਪਿਆ। ਬਹੁਤਿਆਂ ਦੀ ਜਾਨ ਹੇਠਾਂ ਕੁੱਦਣ ਕਾਰਨ ਚਲੀ ਗਈ। ਜੇ ਹੇਠਾਂ ਉਤਰਨ ਲਈ ਵੱਡੀਆਂ ਪੌੜੀਆਂ ਹੁੰਦੀਆਂ ਤਾਂ ਕੁੱਦਣ ਕਾਰਨ ਹੋਈਆਂ ਮੌਤਾਂ ਰੋਕੀਆਂ ਜਾ ਸਕਦੀਆਂ ਸਨ। ਇਸੇ ਤਰ੍ਹਾਂ ਫਾਇਰ ਬ੍ਰਿਗੇਡ ਵਾਲਿਆਂ ਦੀ ਪਹੁੰਚ ਵਿਚ ਵੀ ਉਪਰਲੀ ਮੰਜ਼ਿਲ ਆ ਜਾਣੀ ਸੀ। ਉਸ ਦੁਖਾਂਤ ਸਮੇਂ ਇਹ ਤੱਥ ਠੀਕ ਹੀ ਵਾਰ ਵਾਰ ਦੁਹਰਾਇਆ ਗਿਆ ਕਿ ਇਹ ਮੁਲਕ ਇਕ ਖਾਸ ਤਰ੍ਹਾਂ ਦੇ ਸਿਆਸੀ ਰੁਝਾਨ ਨੂੰ ਹਵਾ ਦੇਣ ਲਈ ਕਿਸੇ ਲੀਡਰ ਦੀ ਸਭ ਤੋਂ ਉੱਚੀ ਤੇ ਸਭ ਤੋਂ ਮਹਿੰਗੀ ਮੂਰਤੀ ਤਾਂ ਬਣਵਾ ਸਕਦਾ ਹੈ ਪਰ ਚੌਥੀ ਮੰਜ਼ਿਲ ਉੱਤੇ ਅੱਗ ਨਾਲ ਜੂਝ ਰਹੇ ਮੁਲਕ ਦੇ ਭਵਿੱਖ ਨੂੰ ਪੌੜੀ ਮੁਹੱਈਆ ਨਹੀਂ ਕਰਵਾ ਸਕਦਾ।
ਸੁਰੱਖਿਅਤ ਜੀਵਨ ਹਾਲਾਤ ਸ਼ਾਇਦ ਕਦੇ ਵੀ ਸਾਡੀ ਭਾਰੂ ਸਿਆਸਤ ਦੇ ਏਜੰਡੇ ਤੇ ਨਹੀਂ ਰਹੀਆਂ। ਮੁਲਕ ਦਾ ਇਹ ਬਹੁਤ ਵੱਡਾ ਦੁਖਾਂਤ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਥਾਂ ਫਜ਼ੂਲ ਚੀਜ਼ਾਂ ਉੱਤੇ ਖਰਚ ਹੋ ਰਿਹਾ ਹੈ ਜਾਂ ਫਿਰ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਰਿਹਾ ਹੈ।
ਭਗਵਾਨਪੁਰੇ ਵਿਚ ਜਦੋਂਂ ਮਾਸੂਮ ਫਤਹਿਵੀਰ ਨੂੰ ਬੋਰਵੈੱਲ ਵਿਚੋਂ ਕੱਢਣ ਲਈ ਬਚਾਅ ਕਾਰਜ ਚੱਲ ਰਹੇ ਸਨ ਤਾਂ ਵਾਰ ਵਾਰ ਉੱਥੇ ਵਰਤੀ ਜਾ ਰਹੀ ਤਕਨਾਲੋਜੀ ਉੱਪਰ ਉਂਗਲ ਉਠਾਈ ਜਾ ਰਹੀ ਸੀ ਅਤੇ ਇਨ੍ਹਾਂ ਕਾਰਜਾਂ ਲਈ ਸੰਸਾਰ ਪੱਧਰ ਤੇ ਵਰਤੀਆਂ ਜਾ ਰਹੀਆਂ ਮਸ਼ੀਨਾਂ ਸੁਝਾਈਆਂ ਜਾ ਰਹੀਆਂ ਸਨ ਪਰ ਅਸੀਂ ਲੋਕ ਆਪਣੀਆਂ ਸੰਸਥਾਵਾਂ ਰਾਹੀਂ ਅਜਿਹੀਆਂ ਮਸ਼ੀਨਾਂ ਖਰੀਦਣ ਨੂੰ ਤਰਜੀਹ ਹੀ ਨਹੀਂ ਦਿੰਦੇ। ਅਸੀਂ ਕਿਸੇ ਡੇਰੇ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਲਈ ਰੋਟੀਆਂ ਪਕਾਉਣ ਤੇ ਦਾਲ ਬਣਾਉਣ ਵਾਲੀ ਮਸ਼ੀਨ ਤਾਂ ਖਰੀਦ ਸਕਦੇ ਹਾਂ ਪਰ ਮਨੁੱਖੀ ਜਾਨਾਂ ਬਚਾਉਣ ਲਈ ਲੋੜੀਂਦੀ ਮਸ਼ੀਨਰੀ ਖਰੀਦਣ ਦੇ ਮਾਮਲੇ ਵਿਚ ਅਕਸਰ ਹੱਥ ਘੁੱਟ ਲੈਂਦੇ ਹਾਂ।
ਇਸੇ ਤਰ੍ਹਾਂ ਅਸੀਂ ਐੱਨਆਰਆਈਜ਼ ਦੇ ਪੈਸੇ ਅਖੌਤੀ ਖੇਡ ਮੇਲਿਆਂ ਉੱਤੇ ਤਾਂ ਲੁਆ ਦਿੰਦੇ ਹਾਂ ਪਰ ਉਹ ਪੈਸੇ ਸਾਂਝੇ ਹੈਪੀ ਸੀਡਰ ਖਰੀਦਣ ਲਈ ਨਹੀਂ ਲਾਉਂਦੇ। ਅਜਿਹਾ ਕਰੀਏ ਤਾਂ ਅਸੀਂ ਸਹਿਜੇ ਹੀ ਪਰਾਲੀ ਦੇ ਧੂੰਏਂ ਤੋਂ ਨਿਜਾਤ ਪਾ ਸਕਦੇ ਹਾਂ। ਪਰਾਲੀ ਦਾ ਧੂੰਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਪ੍ਰਦੂਸ਼ਣ ਦੇ ਬੋਰਵੈੱਲ ਵਿਚ ਹੀ ਸੁੱਟ ਰਿਹਾ ਹੈ।
ਸਮਾਂ ਮੰਗ ਕਰ ਰਿਹਾ ਹੈ ਕਿ ਅਸੀਂ ਆਪਣੇ ਟੈਕਸਾਂ ਦੇ ਪੈਸੇ ਦੀ ਜਵਾਬਦੇਹੀ ਸਰਕਾਰ ਤੋਂ ਮੰਗੀਏ ਅਤੇ ਉਸ ਤੋਂ ਜ਼ਾਮਨੀ ਲਈਏ ਕਿ ਉਹ ਇਸ ਪੈਸੇ ਦਾ ਸਦਉਪਯੋਗ ਕਰੇ ਅਤੇ ਲੋਕਾਂ ਤੋਂ ਲਏ ਪੈਸੇ ਬਦਲੇ ਸਹੂਲਤਾਂ ਦੇਵੇ। ਅਜਿਹੀ ਮੰਗ ਧਾਰਮਿਕ ਸੰਸਥਾਵਾਂ ਤੋਂ ਵੀ ਕਰਨੀ ਚਾਹੀਦੀ ਹੈ ਕਿਉਂਕਿ ਉੱਥੇ ਦਾ ਚੜ੍ਹਾਵਾ ਵੀ ਤਾਂ ਆਖਰ ਜਨਤਕ ਧਨ ਹੀ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback