Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਅਧਿਆਪਕ ਹੋਣ ਦਾ ਮਾਣ ਅਮਰ ‘ਸੂਫ਼ੀ ’


    
  

Share
  ਦੋ ਹਜ਼ਾਰ ਦੋ ਵਿਚ ਮੈਂ ਪਹਿਲੀ ਯੂਰੋਪੀਅਨ ਯਾਤਰਾ ਤੇ ਸਾਂ। ਇਟਲੀ ਤੋਂ ਇੰਗਲੈਂਡ ਤੱਕ ਕਈ ਦੇਸ਼ ਘੁੰਮਣ ਦਾ ਟੀਚਾ ਸੀ। ਯੂਰੋਪ ਜਾਣ ਤੋਂ ਕੁਝ ਦੇਰ ਪਹਿਲਾਂ ਹੀ ਮੈਂ ‘ਕਰੋ ਜਾਂ ਮਰੋ’ ਵਾਲੇ ਅਧਿਆਪਕ ਸੰਘਰਸ਼ ਵਿਚ ਸ਼ਾਮਲ ਹੋਣ ਕਰ ਕੇ ਬੁੜੈਲ ਜੇਲ੍ਹ ਵਿਚੋਂ ਲੰਮੀ ਬੰਦੀ ਭੁਗਤਣ ਤੋਂ ਬਾਅਦ ਰਿਹਾਅ ਹੋ ਕੇ ਆਇਆ ਸਾਂ।
ਰੋਮ ਵਿਚ ਮੇਰੀ ਮੇਜ਼ਬਾਨ ਡਾ. ਮਰੀਲੀਆ ਬੈਲਾਟਰਾ ਸੀ। ਉਦੋਂ ਉਹ ਰੋਮ ਦੀ ਇਕ ਯੂਨੀਵਰਸਿਟੀ ਵਿਚ ਮਨੋਵਿਗਿਆਨ ਦੀ ਪ੍ਰੋਫੈਸਰ ਸੀ। ਉਹ ਮੇਰੀ ਉਮਰ ਦੇ ਆਪਣੇ ਪੁੱਤਰ ਨਾਲ ਆਪਣੇ ਪ੍ਰੋਫੈਸਰ ਪਤੀ ਨਾਲੋਂ ਅਲੱਗ ਰਹਿੰਦੀ ਸੀ। ਉਹ ਮੈਨੂੰ ਦੇਖਣਯੋਗ ਥਾਵਾਂ ਤੇ ਖ਼ੂਬ ਘੁੰਮਾ ਰਹੀ ਸੀ। ਅਸੀਂ ਸਵੱਖਤੇ ਨਿਕਲ ਤੁਰਦੇ ਅਤੇ ਕੁਵੇਲੇ ਮੁੜਦੇ ਸਾਂ। ਅਸੀਂ ਰੋਮ ਦੀਆਂ ਪਿਕਾਸੋ ਦੀ ਚਿੱਤਰਕਾਰੀ ਵਾਲੀਆਂ ਮੀਲਾਂ ਲੰਮੀਆਂ ਗੈਲਰੀਆਂ, ਗੈਲੀਲੀਓ ਦਾ ਘਰ ਤੇ ਪ੍ਰਯੋਗਸ਼ਾਲਾ, ਪੀਸਾ ਦੀ ਝੁਕੀ ਹੋਈ ਮੀਨਾਰ, ਫਲੋਰੈਂਸ ਤੇ ਸਮੁੰਦਰ ਵਿਚ ਤੈਰਦਾ ਸ਼ਹਿਰ ਵੀਨਸ ਗਾਹ ਮਾਰਿਆ। ਸ਼ੈਕਸਪੀਅਰ ਦੀ ਰਚਨਾ ‘ਮਰਚੈਂਟ ਔਫ ਵੀਨਸ’ ਵਿਚ ਜਿਸ ਹੋਟਲ ਦਾ ਜ਼ਿਕਰ ਆਉਂਦਾ ਹੈ, ਉਸ ਵਿਚ ਵੀ ਦੋ ਰਾਤਾਂ ਰਹਿ ਆਏ ਸਾਂ। ਛੋਟੇ ਜਹਾਜ਼ ‘ਤੇ ਸਵਾ ਕੁ ਘੰਟੇ ਦੀ ਵਿਸ਼ੇਸ਼ ਉਡਾਰੀ ਭਰ ਕੇ ਖਲਾਅ ਵਿਚੋਂ ਸਾਰਾ ਰੋਮ ਸ਼ਹਿਰ ਵੀ ਦੇਖ ਲਿਆ ਸੀ।
ਇਕ ਦਿਨ ਰੋਮ ਸ਼ਹਿਰ ਅੰਦਰ ਵਸੇ ਦੇਸ਼, ਵੈਟੀਕਨ ਸਿਟੀ ਵਿਚ ਈਸਾਈ ਧਰਮ ਦੇ ਰੂਹਾਨੀ ਗੁਰੂ ਜੌਹਨ ਪਾਲ ਪੋਪ-ਦੋਇਮ ਨੂੰ ਮਿਲਣ ਜਾਣਾ ਸੀ। ਮਿਥੇ ਵਕਤ ਤੇ ਅਸੀਂ ਪਹੁੰਚ ਗਏ ਸਾਂ। ਮੁੱਖ ਦਰਵਾਜ਼ੇ ਉੱਤੇ ਨਾਂ, ਪਤਾ, ਦੇਸ਼, ਕੌਮ, ਕਿੱਤਾ ਆਦਿ ਦਰਜ ਕਰਨ ਤੋਂ ਬਾਅਦ ਸਾਨੂੰ ਪਰਚੀ ਦੇ ਕੇ ਵੱਡੇ ਸਾਰੇ ਹਾਲ ਵੱਲ ਤੋਰ ਦਿੱਤਾ ਗਿਆ। ਅਸੀਂ ਦੋਵਾਂ ਨੇ ਪਰਚੀਆਂ ਉੱਤੇ ਲਿਖੇ ਨੰਬਰ ਵਾਲੀਆਂ ਕੁਰਸੀਆਂ ਜਾ ਮੱਲੀਆਂ। ਆਪਣੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਮੈਂ ਲੋਕਾਂ ਉੱਤੇ ਸਰਸਰੀ ਜਿਹੀ ਝਾਤ ਮਾਰੀ। ਪੱਗ ਵਾਲਾ ਕੋਈ ਜਣਾ ਵੀ ਦਿਖਾਈ ਨਹੀਂ ਦਿੱਤਾ ਸੀ।
ਹਾਲ ਖਚਾ-ਖਚ ਭਰਿਆ ਹੋਇਆ ਸੀ। ਦੋ ਹਜ਼ਾਰ ਦੇ ਕਰੀਬ ਗਿਣਤੀ ਹੋਵੇਗੀ। ਅਜੀਬ ਗੱਲ ਸੀ, ਕੋਈ ਸ਼ੋਰ-ਸ਼ਰਾਬਾ ਨਹੀਂ ਸੀ। ਰੰਗ ਬਰੰਗੀ ਰੌਸ਼ਨੀ ਨਾਲ ਜਗ-ਮਗ ਜਗ-ਮਗ ਕਰਦੇ ਹਾਲ ਵਿਚ ਬੜਾ ਹੀ ਮੱਧਮ ਸੰਗੀਤ ਚੱਲ ਰਿਹਾ ਸੀ। ਪੌਣੇ ਕੁ ਘੰਟੇ ਬਾਅਦ ਚਿੱਟੀ ਟੋਪੀ ਤੇ ਚਿੱਟੇ ਹੀ ਰੇਸ਼ਮੀ ਚੋਗ਼ੇ ਵਿਚ ਮੰਚ ਉੱਤੇ ਪੋਪ ਦੇ ਆਉਣ ਸਾਰ ਸਾਰੇ ਲੋਕ ਸਤਿਕਾਰ ਵਜੋਂ ਉੱਠ ਕੇ ਖੜ੍ਹੇ ਹੋ ਗਏ। ਪੋਪ ਨੇ ਹੱਥ ਚੁੱਕ ਕੇ ਸਭ ਨੂੰ ਇਤਾਲਵੀ ਭਾਸ਼ਾ ਵਿਚ ਕੁਝ ਕਿਹਾ। ਮੇਰੀ ਸਮਝ ਵਿਚ ਕੁਝ ਨਹੀਂ ਆਇਆ, ਐਪਰ ਉਹ ਕੁਝ ਆਸ਼ੀਰਵਾਦ ਦੇਣ ਵਰਗਾ ਸੀ।
ਕੁਝ ਦੇਰ ਧਾਰਮਿਕ ਗੱਲਾਂ ਕਰਨ ਤੋਂ ਬਾਅਦ ਪੋਪ ਨੇ ਫਰਮਾਇਆ, “ਅੱਜ ਦੀ ਸਭਾ ਵਿਚ ਅਠਾਰਾਂ ਸੌ ਬਾਨਵੇਂ ਸ਼ਖਸ ਹਾਜ਼ਰ ਨੇ। ਇਨ੍ਹਾਂ ਵਿਚ ਅੱਠ ਅਧਿਆਪਕ ਹਨ। ਅੱਠਾਂ ਵਿਚੋਂ ਕੇਵਲ ਇਕ ਸਿੱਖ ਅਧਿਆਪਕ ਹੈ ਜੋ ਭਾਰਤ ਤੋਂ ਆਇਆ ਹੈ। ਇਹ ਅੱਠ ਨਾਂ ਇਸ ਤਰ੍ਹਾਂ ਹਨ।” ਫਿਰ ਉਸ ਦੇ ਨਾਲ ਖੜ੍ਹੇ ਸਹਾਇਕ ਨੇ ਸਾਡੇ ਅੱਠਾਂ ਦੇ ਨਾਂ ਬੋਲਣੇ ਸ਼ੁਰੂ ਕਰ ਦਿੱਤੇ। ਅੰਗਰੇਜ਼ੀ ਵਰਣਮਾਲਾ ਅਨੁਸਾਰ ਮੇਰਾ ਨਾਂ ਸਭ ਤੋਂ ਪਹਿਲਾਂ ਬੋਲਿਆ। ਜਦੋਂ ਸਹਾਇਕ ਨੇ ਸਾਰੇ ਨਾਂ ਬੋਲ ਦਿੱਤੇ ਤਾਂ ਪੋਪ ਨੇ ਕਹਿਣਾ ਸ਼ੁਰੂ ਕੀਤਾ, “ਅਸੀਂ ਮਾਂ-ਬਾਪ ਦੀ ਬਦੌਲਤ ਧਰਤੀ ਤੇ ਆਉਂਦੇ ਹਾਂ, ਐਪਰ ਸਾਨੂੰ ਸੁਘੜ ਮਨੁੱਖ ਅਧਿਆਪਕ ਹੀ ਬਣਾਉਂਦਾ ਹੈ। ਮੈਂ ਸਭ ਦੀ ਹਾਜ਼ਰੀ ਵਿਚ ਇਨ੍ਹਾਂ ਅਧਿਆਪਕਾਂ ਨੂੰ ਝੁਕ ਕੇ ਸਲਾਮ ਕਰਦਾ ਹਾਂ। ਮੈਂ ਅੱਜ ਜੋ ਵੀ ਹਾਂ, ਆਪਣੇ ਅਧਿਆਪਕਾਂ ਕਰ ਕੇ ਹੀ ਹਾਂ।” ਕਹਿੰਦਿਆਂ ਉਹ ਆਪਣੀ ਹਿੱਕ ਤੇ ਸੱਜਾ ਹੱਥ ਰੱਖ ਕੇ ਪੂਰਾ ਝੁਕ ਗਿਆ ਸੀ।
ਜ਼ੋਰਦਾਰ ਤਾੜੀਆਂ ਨਾਲ ਹਾਲ ਗੂੰਜ ਉੱਠਿਆ। ਜਿੰਨੀ ਦੇਰ ਉਹ ਝੁਕਿਆ ਰਿਹਾ, ਤਾੜੀਆਂ ਮੁਸਲਸਲ ਵੱਜਦੀਆਂ ਰਹੀਆਂ। ਸੰਗੀਤ ਨਾਲ ਸਰਸ਼ਾਰ ਅਜਿਹੀਆਂ ਤਾੜੀਆਂ ਪਹਿਲੀ ਵਾਰ ਸੁਣੀਆਂ ਸਨ। ਕੁਝ ਦੇਰ ਬਾਅਦ ਪੋਪ ਨੇ ਸਿੱਧਾ ਖਲੋ ਕੇ ਕਿਹਾ, “ਮੈਂ ਇਨ੍ਹਾਂ ਸਤਿਕਾਰਯੋਗ ਅਧਿਆਪਕਾਂ ਨਾਲ ਚਾਹ ਪੀਣੀ ਪਸੰਦ ਕਰਾਂਗਾ। ਇਨ੍ਹਾਂ ਨੂੰ ਆਦਰ ਸਹਿਤ ਪਿਛਲੇ ਕਮਰੇ ਵਿਚ ਲਿਆਂਦਾ ਜਾਵੇ।”
ਅਧਿਆਪਨ ਦੇ ਕਿੱਤੇ ਕਰਕੇ ਦੁਨੀਆ ਦੇ ਵੱਡੇ ਧਾਰਮਿਕ ਰਹਿਬਰ ਦਾ ਸਤਿਕਾਰ ਮਿਲਣ ਤੇ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਜੀਵਨ ਵਿਚ ਪਹਿਲੀ ਵਾਰ ਇੰਨਾ ਭਾਵੁਕ ਹੋਇਆ ਸਾਂ। ਮਰੀਲੀਆ ਮੇਰੇ ਵੱਲ ਦੇਖ ਕੇ ਮੁਸਕਰਾ ਰਹੀ ਸੀ। ਉਸ ਨੇ ਮੇਰਾ ਚਿਹਰਾ ਆਪਣੇ ਦੋਹਾਂ ਹੱਥਾਂ ਵਿਚ ਫੜ ਕੇ ਮੇਰੀਆਂ ਦੋਹਾਂ ਗੱਲ੍ਹਾਂ ਤੇ ਚੁੰਮਣ ਧਰ ਦਿੱਤੇ ਸਨ। ਮੈਂ ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਸਾਂ, ਐਪਰ ਪੋਪ ਦੇ ਇਨ੍ਹਾਂ ਬੋਲਾਂ ਨੇ ਮੇਰੇ ਅੰਦਰ ਆਪਣੇ ਕਿੱਤੇ ਪ੍ਰਤੀ ਹੋਰ ਉਤਸ਼ਾਹ ਭਰ ਦਿੱਤਾ, ਪਿਆਰ ਉਪਜਾ ਦਿੱਤਾ। ਨਿੱਘੀ ਊਰਜਾ ਮਿਲੀ ਸੀ। ਮੇਰੀ ਖ਼ੁਸ਼ੀ ਨੇ ਅੰਬਰ ਜਿੱਡੀ ਉਡਾਰੀ ਭਰੀ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਧੁਰ ਅੰਦਰੋਂ ਨਿਕਲੇ ਸੁੱਚੇ ਸ਼ਬਦ ਕਿੰਨੇ ਅਸਰਦਾਰ ਹੁੰਦੇ ਹਨ। ਇਹ ਇਕ ਪਲ਼ ਵਿਚ ਹੀ ਬੰਦੇ ਨੂੰ ਉੱਡਣ ਲਾ ਦਿੰਦੇ ਹਨ।
ਪੋਪ ਦੇ ਸਹਾਇਕ ਨੇ ਸਾਨੂੰ ਅੱਠਾਂ ਨੂੰ ਮੰਚ ਨੇੜੇ ਆਉਣ ਵਾਸਤੇ ਕਿਹਾ। ਮੇਰੇ ਨਾਲ ਚੂਹੜਕਾਣਾ (ਪੱਛਮੀ ਪੰਜਾਬ) ਤੋਂ ਮੀਆਂ ਜਮੀਲ ਸੰਧੂ ਸੀ, ਇਕ ਦੱਖਣੀ ਅਫ਼ਰੀਕਾ ਤੋਂ ਕਾਲ਼ਾ ਜੋਅ ਸੀ, ਬਾਕੀ ਪੰਜ ਗੋਰੇ ਸਨ। ਦੋ ਜਣਿਆਂ ਨੇ ਸਾਡੀਆਂ ਪਰਚੀਆਂ ਆਪਣੀ ਸੂਚੀ ਨਾਲ ਮਿਲਾ ਕੇ ਤਸੱਲੀ ਕੀਤੀ ਕਿ ਪੋਪ ਨਾਲ ਚਾਹ ਪੀਣ ਵਾਲੇ ਅਸੀਂ ਉਹੋ ਹੀ ਹਾਂ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਉੱਥੋਂ ਵਿਸ਼ੇਸ਼ ਵਰਦੀ ਵਾਲੇ ਪੋਪ ਦੇ ਅੱਠ ਅੰਗ-ਰੱਖਿਅਕ ਸਾਨੂੰ ਖ਼ੂਬਸੂਰਤ ਸਜਾਵਟ ਵਾਲੇ ਕਮਰੇ ਵਿਚ ਲੈ ਗਏ। ਸਾਨੂੰ ਅੰਦਰ ਵੜਦਿਆਂ ਦੇਖ ਪੋਪ ਉੱਠ ਖੜ੍ਹਾ ਹੋਇਆ। ਉਸ ਵੱਲੋਂ ਦਿੱਤਾ ਜਾ ਰਿਹਾ ਸਤਿਕਾਰ ਦੇਖਣਯੋਗ ਹੀ ਸੀ। ਇਹ ਸ਼ਬਦਾਂ ਦੀ ਵਲਗਣ ਵਿਚ ਆਉਣ ਵਾਲਾ ਨਹੀਂ ਹੈ।
ਮੈਂ ਪੋਪ ਦੇ ਨੇੜੇ ਸੱਜੇ ਹੱਥ ਬਹਿ ਗਿਆ ਸਾਂ।
“ਪੰਜ ਸੌ ਸਾਲ ਪਹਿਲਾਂ ਤੁਹਾਡੇ ਇਕ ਚਿੱਟੀ ਦਾੜ੍ਹੀ ਵਾਲਾ ਧਾਰਮਿਕ ਅਧਿਆਪਕ ਹੋਇਆ ਹੈ, ਮੈਨੂੰ ਉਸ ਦਾ ਨਾਂ ਭੁੱਲ ਗਿਆ ਹੈ, ਉਹ ਕਮਾਲ ਦਾ ਲੇਖਕ ਸੀ।” ਪੋਪ ਦਿਮਾਗ਼ ਤੇ ਬੋਝ ਪਾਉਂਦਾ ਅੰਗਰੇਜ਼ੀ ਵਿਚ ਬੋਲਿਆ।
“ਉਹ ਸਾਡੇ ਸਿੱਖ ਧਰਮ ਦਾ ਸੰਸਥਾਪਕ ਵੀ ਸੀ, ਗੁਰੂ ਨਾਨਕ ਦੇਵ ਜੀ।”
“ਹਾਂ ਹਾਂ ਹਾਂ! ਗੁਰੂ ਨਾਨਕ ਦੇਵ। ਉਹ ਮਹਾਨ ਬੰਦਾ ਸੀ। ਮੈਂ ਉਸ ਦੀਆਂ ਲਿਖਤਾਂ ਅੰਗਰੇਜ਼ੀ ਵਿਚ ਅਨੁਵਾਦ ਹੋਈਆਂ ਪੜ੍ਹੀਆਂ ਹਨ। ਉਹ ਅਜੇ ਵੀ ਸਾਰੀ ਦੁਨੀਆ ਦਾ ਅਧਿਆਪਕ ਹੈ।” ਕਹਿੰਦਿਆਂ ਉਸ ਨੇ ਪੋਲੀਆਂ ਜਿਹੀਆਂ ਅੱਖਾਂ ਮੀਚ ਲਈਆਂ ਸਨ। ਲਗਦਾ ਸੀ, ਜਿਵੇਂ ਉਹ ਗੁਰੂ ਨਾਨਕ ਦੇਵ ਅੱਗੇ ਨਤਮਸਤਕ ਹੋ ਰਿਹਾ ਹੋਵੇ।
“ਬੇਸ਼ਕ! ਉਹ ਸਾਰੀ ਦੁਨੀਆ ਦਾ ਅਧਿਆਪਕ ਹੈ।” ਕਹਿੰਦਿਆਂ ਮੇਰੀ ਹਿੱਕ ਚੌੜੀ ਹੋ ਗਈ।
“ਉਹ ਕਵੀ ਸੀ?” ਪੋਪ ਨੇ ਦੁਹਰਾਇਆ।
“ਜੀ, ਉਹ ਮਹਾਨ ਕਵੀ ਸੀ।” ਕਹਿੰਦਿਆਂ ਮੇਰਾ ਸਿਰ ਝੁਕ ਗਿਆ।
“ਤੂੰ ਅੰਗਰੇਜ਼ੀ ਪੜ੍ਹਾਉਂਦਾ ਹੈਂ?” ਪੋਪ ਬੋਲਿਆ।
“ਨਹੀਂ, ਮੈਂ ਆਪਣੀ ਮਾਂ ਬੋਲੀ ਪੜ੍ਹਾਉਂਦਾ ਹਾਂ, ਪੰਜਾਬੀ।” ਮੇਰਾ ਸਵੈਮਾਣ ਭਰਿਆ ਉੱਤਰ ਸੁਣ ਕੇ ਉਹ ਮੁਸਕਰਾ ਪਿਆ।
ਖ਼ੈਰ! ਪੋਪ ਨਾਲ ਚਾਹ ਪੀਂਦਿਆਂ ਨਿੱਕੀਆਂ ਨਿੱਕੀਆਂ ਗੱਲਾਂ ਹੋ ਰਹੀਆਂ ਸਨ। ਮੈਂ ਇਹੋ ਸੋਚ ਰਿਹਾ ਸਾਂ ਕਿ ਇਹ ਲੋਕ ਅਧਿਆਪਕ ਦੀ ਕਿੰਨੀ ਕਦਰ ਕਰਦੇ ਹਨ, ਸਾਡੇ ਅਧਿਆਪਕਾਂ ਨੂੰ ਤਾਂ ਹੱਕੀ ਮੰਗਾਂ ਵਾਸਤੇ ਵੀ ਸੰਘਰਸ਼ ਕਰਨਾ ਪੈਂਦਾ ਹੈ, ਸਾਡੀ ਸਰਕਾਰ ਤਾਂ ਸੰਘਰਸ਼ੀ ਅਧਿਆਪਕਾਂ ਤੇ ਲਾਠੀਆਂ ਵੀ ਵਰ੍ਹਾਉਂਦੀ ਹੈ, ਪੁਲੀਸ ਅਧਿਆਪਕਾਵਾਂ ਨੂੰ ਵਾਲਾਂ ਤੋਂ ਫੜ ਫੜ ਘੜੀਸਦੀ ਹੈ। ਗਰਭਵਤੀ ਅਧਿਆਪਕਾਵਾਂ ਨੂੰ ਵੀ ਨਹੀਂ ਬਖ਼ਸ਼ਿਆ ਜਾਂਦਾ। ਰੋਸ ਮੁਜ਼ਾਹਰੇ ਕਰਦਿਆਂ ਨੂੰ ਗੰਦੇ ਪਾਣੀ ਦੀ ਤੇਜ਼ ਵਾਛੜ ਨਾਲ ਖਦੇੜਿਆ ਜਾਂਦਾ ਹੈ।
ਕਾਸ਼! ਇਸ ਇਕੱਠ ਵਿਚ ਕੋਈ ਭਾਰਤੀ ਨੇਤਾ ਵੀ ਆਇਆ ਹੁੰਦਾ ਤੇ ਉਸ ਨੇ ਪੋਪ ਦੀ ਗੱਲ ਸੁਣ ਲਈ ਹੁੰਦੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ