Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਜਬਰ-ਜਨਾਹ ਘਟਨਾਵਾਂ: ਅੰਧੇਰ ਨਗਰੀ ਚੌਪਟ ਰਾਜਾ-ਸਰਬਜੀਤ ਬਾਵਾ
ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਇਕ ਵੈਟਰਨਰੀ ਡਾਕਟਰ ਨੂੰ ਬਲਾਤਕਾਰ ਤੋਂ ਬਾਅਦ ਜਿਊਂਦੀ ਸਾੜ ਦੇਣ ਉੱਪਰ ਤਿਲੰਗਾਨਾ ਦੇ ਗ੍ਰਹਿ ਮੰਤਰੀ ਦਾ ਬਿਆਨ ਹੈ ਕਿ ਪੀੜਤ ਨੂੰ ਆਪਣੀ ਭੈਣ ਨੂੰ ਫੋਨ ਕਰਨ ਤੋਂ ਪਹਿਲਾਂ ਪੁਲੀਸ ਨੂੰ ਫੋਨ ਕਰਨਾ ਚਾਹੀਦਾ ਸੀ। ਉਨ੍ਹਾਂ ਅਨੁਸਾਰ, ਅਜਿਹਾ ਕਰਨ ਨਾਲ ਪੀੜਤ ਨੂੰ ਬਚਾਇਆ ਜਾ ਸਕਦਾ ਸੀ। ਪਹਿਲੀ ਨਜ਼ਰੇ ਸਹੀ ਤੇ ਤਰਕਵਾਦੀ ਪ੍ਰਤੀਤ ਹੋਣ ਵਾਲੀ ਇਸ ਟਿੱਪਣੀ ਵਿਚ ਮੂਲ ਗੁੰਝਲ ਹੈ ਕਿ ਇਹ ਅਸਲੀ ਸਮੱਸਿਆ ਤੋਂ ਧਿਆਨ ਭਟਕਾਉਂਦੀ ਹੈ। ਇਸ ਟਿੱਪਣੀ ਵਿਚ ਗ੍ਰਹਿ ਮੰਤਰੀ ਔਰਤਾਂ ਨੂੰ ਸੁਚੇਤ ਤੇ ਜਾਗਰੂਕ ਹੋਣ ਦਾ ਸੁਝਾਅ ਵੀ ਦਿੰਦਾ ਹੈ ਅਤੇ ਪੀੜਤ ਨੂੰ ਪੁਲੀਸ ਨੂੰ ਸੂਚਿਤ ਨਾ ਕਰਨ ਤੇ ਦੋਸ਼ੀ ਵੀ ਠਹਿਰਾਉਂਦਾ ਹੈ ਲੇਕਿਨ ਉਹ ਇਹ ਸਵਾਲ ਖੜ੍ਹਾ ਨਹੀਂ ਕਰਦਾ ਕਿ ਆਖਰ ਪੀੜਤ ਨੇ ਪੁਲੀਸ ਨੂੰ ਫੋਨ ਨਾ ਕਰਕੇ ਆਪਣੀ ਭੈਣ ਨੂੰ ਫੋਨ ਕਿਉਂ ਕੀਤਾ?
ਅਜਿਹਾ ਨਹੀਂ ਹੋ ਸਕਦਾ ਕਿ ਵੈਟਰਨਰੀ ਡਾਕਟਰ ਨੂੰ ਇਹ ਸਮਝ ਨਾ ਹੋਵੇ ਕਿ ਅਜਿਹੇ ਹਾਲਾਤ ਵਿਚ ਪੁਲੀਸ ਹਰ ਹੀਲੇ ਉਸ ਦੀ ਭੈਣ ਨਾਲੋਂ ਵਧੇਰੇ ਸਹਾਇਕ ਹੋ ਸਕਦੀ ਹੈ? ਫਿਰ ਵੀ ਉਸ ਨੇ ਪੁਲੀਸ ਦੀ ਮਦਦ ਕਿਉਂ ਨਹੀਂ ਲਈ? ਔਰਤਾਂ ਉੱਪਰ ਵਧ ਰਹੀ ਹਿੰਸਾ ਦੇ ਪ੍ਰਸੰਗ ਵਿਚ ਇਹ ਹਾਲਤ ਆਪਣੇ ਆਪ ਵਿਚ ਭਾਰਤੀ ਕਾਨੂੰਨ, ਵਿਵਸਥਾ ਅਤੇ ਨਿਆਂ ਪ੍ਰਣਾਲੀ ਉੱਪਰ ਵੱਡਾ ਤੇ ਅਹਿਮ ਸਵਾਲ ਹੈ। ਇਸ ਦਾ ਕਾਰਨ ਹੈ ਕਿ ਜੇ ਪੜ੍ਹੀ ਲਿਖੀ, ਸਵੈਨਿਰਭਰ ਤੇ ਕੰਮਕਾਜੀ ਔਰਤ ਵੀ ਮੁਸ਼ਕਿਲ ਸਮੇਂ ਕਾਨੂੰਨੀ ਸਹਾਇਤਾ ਲੈਣ ਵਿਚ ਗੁਰੇਜ ਕਰਦੀ ਹੈ ਤਾਂ ਇਸ ਦਾ ਕੀ ਕਾਰਨ ਹੋ ਸਕਦਾ ਹੈ? ਕੀ ਪੀੜਤ ਨੂੰ ਇਨ੍ਹਾਂ ਸੰਸਥਾਵਾਂ ਦੀ ਕਾਰਗੁਜ਼ਾਰੀ ਵਿਚ ਭਰੋਸਾ ਨਹੀਂ ਸੀ? ਜੇ ਹਾਂ ਤਾਂ ਇਸ ਬੇਭਰੋਸਗੀ ਲਈ ਜ਼ਿੰਮੇਵਾਰ ਕੌਣ ਹੈ? ਕੀ ਇਸ ਦੀ ਜ਼ਿੰਮੇਵਾਰ ਭਾਰਤੀ ਔਰਤ ਦੀ ਅਗਿਆਨਤਾ ਹੈ? ਜਾਂ ਫਿਰ ਅਜਿਹੀ ਵਿਵਸਥਾ ਜਿੱਥੇ ਔਰਤ ਨੂੰ ਨਿਆਂ ਤੇ ਸੁਰੱਖਿਆ ਦੀ ਉਮੀਦ ਛੱਡੋ ਸਗੋਂ ਸਨਮਾਨਯੋਗ ਵਿਹਾਰ ਕੀਤੇ ਜਾਣ ਦੀ ਤਸੱਲੀ ਵੀ ਨਹੀਂ ਹੈ?
ਕੀ ਇਸ ਦਾ ਮੁੱਖ ਕਾਰਨ ਇਹ ਨਹੀਂ ਹੈ ਕਿ ਭਾਰਤੀ ਵਿਵਸਥਾ ਨੇ ਔਰਤਾਂ ਦੀਆਂ ਸਮੱਸਿਆਵਾਂ ਬਾਬਤ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ? ਜਿਸ ਕਾਰਨ ਇਹ ਵਿਵਸਥਾ ਅੱਜ ਤੱਕ ਵੈਟਰਨਰੀ ਡਾਕਟਰ ਵਰਗੀਆਂ ਪੀੜ੍ਹੀਆਂ-ਲਿਖੀਆਂ ਔਰਤਾਂ ਦਾ ਇੰਨਾ ਕੁ ਯਕੀਨ ਵੀ ਨਹੀਂ ਜਿੱਤ ਸਕੀ ਕਿ ਉਹ ਲੋੜ ਪੈਣ ਉੱਪਰ ਸੁਰੱਖਿਆ ਏਜੰਸੀਆਂ ਤੋਂ ਮਦਦ ਦੀ ਮੰਗ ਕਰਨ ਵਿਚ ਸਹਿਜ ਹੋ ਸਕਣ? ਜੇ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਭਾਰਤ ਦੀ ਅੱਧੀ ਆਬਾਦੀ ਸਾਡੀ ਕਾਨੂੰਨੀ ਤੇ ਸੁਰੱਖਿਆ ਵਿਵਸਥਾ ਨਾਲ ਸਹਿਜ ਨਹੀਂ ਹੈ ਤਾਂ ਕੀ ਇਸ ਵਿਵਸਥਾ ਅੰਦਰ ਢਾਂਚਾਗਤ ਤਬਦੀਲੀ ਦਾ ਸਵਾਲ ਖੜ੍ਹਾ ਨਹੀਂ ਹੁੰਦਾ? ਇਸ ਢਾਂਚਾਗਤ ਤਬਦੀਲੀ ਦੀ ਲੋੜ ਬੇ ਇਹ ਉਦਾਹਰਨ ਹੈ: 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਲੋਕਤੰਤਰ ਅੰਦਰ ਤਕਰੀਬਨ ਅੱਧੀ ਗਿਣਤੀ ਨਾਗਰਿਕਾਂ/ਔਰਤਾਂ ਦੇ ਮਸਲਿਆਂ ਨੂੰ ਕਿਸੇ ਵੀ ਪਾਰਟੀ ਨੇ ਚੋਣਾਂ ਦਾ ਮੁੱਖ ਮੁੱਦਾ ਨਹੀਂ ਬਣਾਇਆ। ਕੀ ਵਰਤਮਾਨ ਸਮੇਂ ਭਾਰਤ ਅੰਦਰ ਲਿੰਗਕ ਬਰਾਬਰੀ ਅਤੇ ਔਰਤਾਂ ਦੀ ਸੁਰੱਖਿਆ ਪ੍ਰਤੀ ਵਧੇਰੇ ਪ੍ਰੌੜ ਰਾਜਨੀਤਕ ਸਮਝ ਦੀ ਲੋੜ ਨਹੀਂ ਹੈ? ਹੁਣ ਤੱਕ ਦੇ ਹਾਲਾਤ ਦੱਸਦੇ ਹਨ ਕਿ ਭਾਰਤੀ ਲੋਕਤੰਤਰ ਵਿਚ ਕੋਈ ਵੀ ਰਾਜਨੀਤਕ ਦਲ ਔਰਤਾਂ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹੈ। ਹੁਣ ਅਗਲਾ ਸਵਾਲ ਹੈ ਕਿ ਕਿਸੇ ਦੀ ਜੀਵੰਤ ਤੇ ਅਧਿਕਾਰਕ ਹੋਂਦ ਨੂੰ ਮਾਨਤਾ ਦਿੱਤੇ ਬਿਨਾਂ ਕੀ ਉਸ ਲਈ ਬਿਹਤਰ ਦੁਨੀਆਂ ਦੀ ਸਿਰਜਣਾ ਸੰਭਵ ਹੈ?
ਜੇ ਲੋਕਤੰਤਰ ਵਿਚ ਦੇਸ਼ ਦੇ ਨੇਤਾ ਲੋਕਾਂ ਦੇ ਪ੍ਰਤੀਨਿਧ ਹੁੰਦੇ ਹਨ ਤਾਂ ਸਾਡੇ ਦੇਸ਼ ਦੇ ਪ੍ਰਤੀਨਿਧਾਂ ਦੇ ਬਿਆਨਾਂ ਤੋਂ ਸਾਡੇ ਦੇਸ਼ ਦੀ ਬਲਾਤਕਾਰ ਪ੍ਰਤੀ ਸਮਝ ਅਤੇ ਔਰਤ ਵਿਰੋਧੀ ਮਾਨਸਿਕਤਾ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਇੱਥੇ ਕੁਝ ਨਾਮਵਰ ਤੇ ਪ੍ਰਸਿੱਧ ਨੇਤਾਵਾਂ ਦੀਆਂ ਔਰਤਾਂ ਅਤੇ ਬਲਾਤਕਾਰ ਬਾਰੇ ਕੀਤੀਆਂ ਟਿੱਪਣੀਆਂ ਪੇਸ਼ ਹਨ ਜਿਨ੍ਹਾਂ ਤੋਂ ਸਾਡੇ ਸਮਾਜ ਦੀ ਗਰਕੀ ਮਾਨਸਿਕਤਾ ਬਾਰੇ ਪਤਾ ਲੱਗਦਾ ਹੈ: ਮੱਧ ਪ੍ਰਦੇਸ਼ ਦੇ ਉਦਯੋਗ ਮੰਤਰੀ ਕੈਲਾਸ਼ ਵਿਜੈਵਰਗੀਯਾ ਨੇ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਕਿਹਾ ਸੀ: ‘ਮਰਯਾਦਾ ਟੁੱਟੇਗੀ ਤਾਂ ਰਾਵਣ ਆਵੇਗਾ’। ਇਸ ਬਿਆਨ ਦਾ ਸਿੱਧਾ ਸੰਬੰਧ ਔਰਤਾਂ ਨੂੰ ਉਨ੍ਹਾਂ ਦੀ ‘ਰਾਮਕਾਰ’ ਬਾਰੇ ਚੇਤਨ ਕਰਨਾ ਹੈ ਕਿ ਜੇ ਉਹ ‘ਰਾਮਕਾਰ’ ਤੋਂ ਬਾਹਰ ਗਈਆਂ ਤਾਂ ਬਲਾਤਕਾਰ ਦੀਆਂ ਜ਼ਿੰਮੇਵਾਰ ਖ਼ੁਦ ਹਨ।
ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦਾ ਵਿਚਾਰ ਹੈ ਕਿ ਬਲਾਤਕਾਰ ਦੇ ਕੇਸ ‘ਭਾਰਤ’ ਭਾਵ ਪੇਂਡੂ ਇਲਾਕਿਆਂ ਵਿਚ ਘੱਟ ਪਰ ‘ਇੰਡੀਆ’ ਭਾਵ ‘ਪੱਛਮੀ ਸਭਿਅਤਾ ਤੋਂ ਪ੍ਰਭਾਵਿਤ ਸ਼ਹਿਰੀ ਇਲਾਕਿਆਂ’ ਵਿਚ ਜ਼ਿਆਦਾ ਹਨ। ਇਸ ਬਿਆਨ ਦਾ ਪਹਿਲਾ ਅਰਥ ਹੈ- ਬਲਾਤਕਾਰ ਲਈ ਸ਼ਹਿਰ ਦੀਆਂ ਸਿੱਖਿਅਤ, ਕੰਮਕਾਜੀ, ਆਤਮਨਿਰਭਰ ਅਤੇ ਆਜ਼ਾਦ ਔਰਤਾਂ ਜ਼ਿੰਮੇਵਾਰ ਹਨ। ਦੂਜਾ ਅਰਥ ਹੈ- ਅਜਿਹੀਆਂ ਔਰਤਾਂ ਘੱਟੋ-ਘੱਟ ਬਲਾਤਕਾਰ ਬਾਰੇ ਬੋਲਦੀਆਂ, ਦੋਸ਼ੀਆਂ ਖਿਲਾਫ਼ ਸੰਘਰਸ਼ ਕਰਦੀਆਂ ਅਤੇ ਸਮਾਜ ਨੂੰ ਬਦਲਣ ਦਾ ਤਹੱਈਆਂ ਕਰਕੇ ਚੱਲਦੀਆਂ ਹਨ ਜਿਸ ਕਾਰਨ ਬਲਾਤਕਾਰ ‘ਆਪਣੀ ਦੇਹ ਉੱਪਰ ਆਪਣਾ ਅਧਿਕਾਰ ਸਮਝਣ ਵਾਲੀਆਂ’ ਔਰਤਾਂ ਦੀ ਲੜਾਈ ਹੈ। ਇਸ ਦੇ ਉਲਟ ਪਿੰਡ ਦੀਆਂ ਅਨਪੜ੍ਹ, ਅਣਜਾਣ ਤੇ ਪਰਨਿਰਭਰ ਔਰਤਾਂ ਲਈ ਅਜਿਹਾ ਮਸਲਾ ਨਹੀਂ ਹੈ ਕਿਉਂਕਿ ਉੱਥੇ ‘ਉਨ੍ਹਾਂ ਦੀਆਂ ਦੇਹਾਂ ਦੇ ਮਾਲਕ’ ਉਨ੍ਹਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹਨ।
ਇੱਥੇ ਹੀ ਬਸ ਨਹੀਂ, ਸੰਤੋਸ਼ ਗੰਗਵਾਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇੰਨੇ ਵੱਡੇ ਦੇਸ਼ ਵਿਚ ਇਕ ਦੋ ਘਟਨਾਵਾਂ ਨੂੰ ਇੰਨਾ ਮਹੱਤਵ ਦੇਣਾ ਵਾਜਬ ਨਹੀਂ ਹੈ। ਸਾਡੇ ਇਹ ਨੇਤਾ ਜੀ ਸ਼ਾਇਦ ਅਖ਼ਬਾਰ ਨਹੀਂ ਪੜ੍ਹਦੇ ਜਿਹੜੇ ਦੱਸਦੇ ਹਨ ਕਿ ਭਾਰਤ ਅੰਦਰ ਬਲਾਤਕਾਰ ਦੇ ਹਰ ਰੋਜ਼ ਤਕਰੀਬਨ 132 ਕੇਸ ਦਰਜ ਹੁੰਦੇ ਹਨ। ਇਹ ਵੀ ਅਜੇ ਪੁਲੀਸ ਕੋਲ ਦਰਜ ਕੇਸਾਂ ਦਾ ਅੰਕੜਾ ਹੈ, ਭਾਵ ਅਸਲ ਵਿਚ ਵਾਪਰਨ ਵਾਲੇ ਕੇਸਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਇਸ ਸਭ ਦਰਮਿਆਨ ਕਾਂਗਰਸ ਨੇਤਾ ਰੇਣੁਕਾ ਚੌਧਰੀ ਨੇ ਬਲਾਤਕਾਰ ਦੇ ਵਿਸ਼ੇ ਉੱਪਰ ਚਰਚਾ ਕਰਦਿਆਂ ‘ਸ਼ੋਅਲੇ’ ਫਿਲ਼ਮ ਦੇ ਡਾਇਲਾਗ ‘ਕਿਤਨੇ ਆਦਮੀ ਥੇ’ ਦਾ ਸਹਾਰਾ ਲੈਂਦਿਆਂ ਇੰਨੇ ਸੰਵੇਦਨਸ਼ੀਲ ਮਸਲੇ ਨੂੰ ਘਟੀਆ ਮਜ਼ਾਕ ਤੱਕ ਘਟਾ ਦਿੱਤਾ। ਕਿਸੇ ਔਰਤ ਨੇਤਾ ਵੱਲੋਂ ਬਲਾਤਕਾਰ ਦੇ ਦੋਸ਼ੀਆਂ ਬਾਰੇ ਟਿੱਪਣੀ ਕਰਦਿਆਂ ਅਜਿਹੀ ਭਾਸ਼ਾ ਦਾ ਇਸਤੇਮਾਲ ਭਾਰਤ ਦੇ ਰਾਜਨੀਤਕ, ਸਮਾਜਿਕ ਅਤੇ ਮਾਨਵੀ ਚਰਿੱਤਰ ਦੇ ਡਿੱਗਣ ਦਾ ਸੂਚਕ ਹੈ।
ਭਾਰਤੀ ਰਾਜਨੀਤੀ ਵਿਚ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕੇਵਲ ਸੱਜੇ ਪੱਖ ਦੀਆਂ ਪਾਰਟੀਆਂ ਦਾ ਮਸਲਾ ਨਹੀਂ ਹੈ। ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਇਕ ਵਾਰ ਕਿਹਾ ਸੀ ਕਿ ‘ਮੁੰਡੇ ਤਾਂ ਮੁੰਡੇ ਹਨ, ਗ਼ਲਤੀ ਕਰ ਸਕਦੇ ਹਨ’। ਬਲਾਤਕਾਰੀਆਂ ਲਈ ਅਜਿਹੀਆਂ ਦਲੀਲਾਂ ਜਾਂ ਸਮਰਥਨ ਭਾਰਤ ਵਿਚ ਨਵਾਂ ਨਹੀਂ ਹੈ। ਅਸੀਂ ਭਾਰਤ ਦੇ ਉਸ ਦੌਰ ਵਿਚੋਂ ਗੁਜ਼ਰ ਰਹੇ ਹਾਂ ਜਿੱਥੇ ‘ਕਠੂਆ’ ਅਤੇ ‘ਉਨਾਓ’ ਕੇਸਾਂ ਵਿਚ ਬਲਾਤਕਾਰ ਦੇ ਦੋਸ਼ੀਆਂ ਨੂੰ ਇਕ ਪਾਰਟੀ ਵਿਸ਼ੇਸ਼ ਵੱਲੋਂ ਸ਼ਰੇਆਮ ਸਮਰਥਨ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਹੀ ਕਰਨਾਟਕ ਦੇ ਗ੍ਰਹਿ ਮੰਤਰੀ ਕੇਜੇ ਜੌਰਜ ਨੇ ਕਿਹਾ ਸੀ ਕਿ ‘ਦੋ ਵਿਅਕਤੀਆਂ ਦੁਆਰਾ ਕੀਤੇ ਬਲਾਤਕਾਰ ਨੂੰ ਗੈਂਗ-ਰੇਪ ਨਹੀਂ ਕਹਿਣਾ ਚਾਹੀਦਾ’। ਸਾਡੇ ਮੰਤਰੀਆਂ ਨੂੰ ਜਿਹੜੇ ਬਿਆਨ ਦਿੰਦੇ ਹੋਏ ਸ਼ਰਮ ਨਹੀਂ ਆਉਂਦੀ, ਸਾਨੂੰ ਉਨ੍ਹਾਂ ਦਾ ਚਰਚਾ ਕਰਨ ਵੇਲੇ ਘੱਟੋ-ਘੱਟ ਸ਼ਰਮ ਆਉਣੀ ਚਾਹੀਦੀ ਹੈ।
ਅੱਜ ਦੇ ਸਮੇਂ ਦੀ ਇਹੀ ਮੰਗ ਹੈ ਕਿ ਜੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਸੱਚੇ ਦਿਲੋਂ ਸ਼ਰਮਸਾਰ ਜ਼ਰੂਰ ਹੋਈਏ। ਸਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਕਿ ਅਸੀਂ ਭਾਰਤੀ ਇਨ੍ਹਾਂ ਲੋਕਾਂ ਨੂੰ ਆਪਣਾ ਪ੍ਰਤੀਨਿਧ ਬਣਾ ਕੇ ‘ਕਾਨੂੰਨ-ਘਾੜਿਆਂ ਦੀ ਹੈਸੀਅਤ’ ਵਿਚ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਵਿਚ ਭੇਜਦੇ ਹਾਂ। ਇਸ ਸ਼ਰਮ ਦਾ ਤੰਦ ਟੁੱਟਣਾ ਨਹੀਂ ਚਾਹੀਦਾ ਕਿਉਂਕਿ ਅਗਲਾ ਬਿਆਨ ਕਹਿੰਦੀ-ਕਹਾਉਂਦੀ ਔਰਤ ਨੇਤਾ ਦਾ ਹੈ ਜਿਸ ਨੇ ਮੋਦੀ ਨੂੰ ਵੀ ਲਲਕਾਰਨ ਦੀ ਹਿੰਮਤ ਦਿਖਾਈ ਸੀ। ਸੰਖੇਪ ਵਿਚ ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ ਦੇ ਮਾਮਲੇ ਵਿਚ ਸਭ ਤੋਂ ਵਧੇਰੇ ‘ਤਰਕਵਾਦੀ ਪਹੁੰਚ’ ਮਮਤਾ ਬੈਨਰਜੀ ਨੇ ਅਪਣਾਈ ਸੀ ਜਦ ਉਸ ਨੇ ਬਲਾਤਕਾਰ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਨੂੰ ਆਬਾਦੀ ਦੇ ਵਾਧੇ ਨਾਲ ਜੋੜਦਿਆਂ ਇਸ ਦੀ ਫ਼ੀਸਦ ਪਹਿਲਾਂ ਦੇ ਬਰਾਬਰ ਹੋਣ ਦਾ ਤਰਕ ਦਿੱਤਾ ਸੀ। ਇਸ ਤੋਂ ਵਧੇਰੇ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਇਕ ਔਰਤ, ਦੂਜੀਆਂ ਔਰਤਾਂ ਨਾਲ ਹੋ ਰਹੇ ਬਲਾਤਕਾਰ ਵਰਗੇ ਜਬਰ ਨੂੰ ‘ਵਧਾ ਚੜ੍ਹਾ ਕੇ ਪੇਸ਼ ਕੀਤਾ’ ਜਾ ਰਿਹਾ ਕਹਿੰਦੀ ਹੈ। ਇਹ ਸ਼ਰਮ ਨਾਲ ਡੁੱਬ ਕੇ ਮਰਨ ਜਾਂ ਮਾਰਨ ਵਾਲੀ ਹਾਲਤ ਹੈ।
ਇਨ੍ਹਾਂ ਨੇਤਾਵਾਂ ਦੇ ਬਿਆਨ ਦੱਸਦੇ ਹਨ ਕਿ ਹਰ ਤਰ੍ਹਾਂ ਦੇ ਸਥਾਨਕ, ਭਾਸ਼ਾਈ, ਲਿੰਗਕ, ਧਾਰਮਿਕ ਅਤੇ ਵਿਚਾਰਧਾਰਕ ਵਿਰੋਧਾਂ ਤੋਂ ਪਾਰ ‘ਭਾਰਤੀ ਰਾਜਨੀਤੀ ਦਾ ਸਾਂਝਾ ਸੂਤਰ ਔਰਤ ਵਿਰੋਧੀ ਮਾਨਸਿਕਤਾ’ ਹੈ। ਇਸ ਲਈ ਜਦੋਂ ਦੇਸ਼ ਦੇ ਰਹਿਬਰ ਹੀ ਅੱਧੀ ਆਬਾਦੀ ਦੇ ਵਿਰੋਧੀ ਹੋਣ ਤਾਂ ਜਨਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੇਤਾਵਾਂ ਨੂੰ ਬਦਲ ਦੇਣ। ਜੇ ਜਨਤਾ ਅਜਿਹਾ ਨਹੀਂ ਕਰਦੀ ਜਿਵੇਂ ਇਸ ਨੇ ਹੁਣ ਤੱਕ ਨਹੀਂ ਕੀਤਾ ਤਾਂ ਸਪੱਸ਼ਟ ਹੈ ਕਿ ਔਰਤਾਂ ਆਪਣੀ ਲੜਾਈ ਆਪ ਲੜਨ। ਉਹ ਜ਼ਿੰਮੇਵਾਰ ਤੇ ਜਾਗਰੂਕ ਨਾਗਰਿਕ ਵਜੋਂ ਨੇਤਾਵਾਂ ਤੇ ਪਾਰਟੀਆਂ ਨੂੰ ਸਵਾਲ ਕਰਨ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਸੁਚੇਤ ਵਰਤੋਂ ਕਰਨ। ਜੇ ਅਸੀਂ ਇਨ੍ਹਾਂ ਦੋਵਾਂ ਵਿਚੋਂ ਕੋਈ ਵੀ ਰਸਤਾ ਨਹੀਂ ਅਪਣਾਇਆ ਤਾਂ ਬਿਨਾਂ ਸ਼ੱਕ ਔਰਤ ਉੱਪਰ ਹਿੰਸਾ ਹੁੰਦੀ ਰਹੇਗੀ। ਇਹ ਵਟਸਐਪ ਦੀ ਡੀਪੀ ਬਦਲਣ, ਫੇਸਬੁੱਕ ਪ੍ਰੋਫਾਇਲ ਤੇ ਸਟੇਟਸ ਪਾਉਣ ਜਾਂ ਟਵੀਟ ਕਰਨ ਨਾਲ ਖ਼ਤਮ ਨਹੀਂ ਹੋਵੇਗੀ। ਸਾਨੂੰ ਯਾਦ ਰੱਖਣਾ ਪਵੇਗਾ ਕਿ ਹਰ ਨਵੀਂ ਹਿੰਸਾ ਦੀਆਂ ਜੜ੍ਹਾਂ ਪੁਰਾਣੀ ਜਾਂ ਪਹਿਲਾਂ ਕੀਤੀ ਹਿੰਸਾ ਵਿਚ ਹੁੰਦੀਆਂ ਹਨ। ਇਸ ਲਈ ਜੇ ਬਲਾਤਕਾਰਾਂ ਨੂੰ ਰੋਕਣਾ ਹੈ ਤਾਂ ਹਰ ਕਦਮ ਉੱਪਰ ਔਰਤ ਵਿਰੋਧੀ ਨਿਜ਼ਾਮ ਦਾ ਵਿਰੋਧ ਕਰਨਾ ਪਵੇਗਾ। ਜੇ ਅਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਹੁਣ ਸਮਾਂ ਹੈ ਕਿ ਘੱਟੋ-ਘੱਟ ਔਰਤ-ਹਿਤੈਸ਼ੀ ਹੋਣ ਦਾ ਦੰਭ ਕਰਨਾ ਛੱਡ ਦਈਏ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਦੰਭੀ ਸਾਥ ਨੂੰ ਸੱਚ ਮੰਨਦਿਆਂ ਮਾਨਵਤਾ ਵਿਚ ਯਕੀਨ ਕਰਦੀ ਕੋਈ ਆਸਿਫ਼ਾ, ਦਾਮਨੀ ਜਾਂ ਪ੍ਰਿਯੰਕਾ ਰੈਡੀ ਵਰਗੀ ਔਰਤ ਅਗਲੇ ਪਲ ਲਾਸ਼ ਬਣ ਜਾਵੇ। ਸਾਡਾ ਦੰਭੀ ਕਿਰਦਾਰ ਤੋਂ ਮੁਨਕਰ ਹੋਣਾ ਅਸਲ ਵਿਚ ਹਾਲਾਤ ਦੀ ਭਿਆਨਕਤਾ ਨੂੰ ਸਾਹਮਣੇ ਲਿਆਉਣ ਵਿਚ ਸਹਾਈ ਹੋਵੇਗਾ ਜਿਸ ਤੋਂ ਅੱਖਾਂ ਚੁਰਾਉਣੀਆਂ ਆਸਾਨ ਨਹੀਂ ਹੋਣਗੀਆਂ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback