Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਕੰਧ ਨੇ ਕੀਤੇ ਅੰਨ੍ਹੇ, ਟਰੰਪ ਕਰਨ ਸੁਜਾਖੇ ਆਇਆ--ਐੱਸ ਪੀ ਸਿੰਘ


    
  

Share
  ਹਮੇਸ਼ਾਂ ਲਈ ਖ਼ੂਬਸੂਰਤ – Beautiful Forever. ਸੜਕ ਦੇ ਨਾਲ ਨਾਲ ਖੱਬੇ ਹੱਥ ਕੋਹਾਂ ਤੱਕ ਕੰਧ ਉੱਤੇ ਫਰਸ਼ੀ ਟਾਈਲਾਂ ਦੇ ਇਸ਼ਤਿਹਾਰ ਰਾਹਗੀਰਾਂ ਸੰਗ ਤੁਰੇ ਜਾਂਦੇ। ਖੌਰੇ ਕਿੱਥੇ ਬਣਦੀਆਂ ਸਨ ਪਰ ਕਹਾਉਂਦੀਆਂ ਇਟੈਲੀਅਨ ਟਾਈਲਾਂ ਸਨ। ਮਾਇਆਨਗਰੀ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 200 ਗਜ਼ ਦੀ ਦੂਰੀ ’ਤੇ ਇਸ ਕੰਧ ਦੇ ਦੂਜੇ ਪਾਸੇ ਝੁੱਗੀ-ਝੌਂਪੜੀ ਵਾਲੀ ਬਸਤੀ ਵਿੱਚ ਜ਼ਿੰਦਗੀ ਧੜਕਦੀ ਸੀ। ਅੰਨਾਵਾੜੀ ਬਸਤੀ ਨਿਵਾਸੀ ਭਾਰਤ ਦੇ ਨਾਗਰਿਕ ਸੰਵਿਧਾਨ ਦੀ ਕਿਸੇ ਧਾਰਾ ਤਹਿਤ ਮਿਲੇ ਮੌਲਿਕ ਅਧਿਕਾਰਾਂ ਤੋਂ ਬੇਖ਼ਬਰ ਹਰ ਪਲ ਅਤੇ ਹਰ ਕਦਮ ਜੀਊਂਦੇ ਰਹਿਣ ਅਤੇ ਤਰੱਕੀ ਕਰਨ ਦੀ ਜੰਗ ਵਿੱਚ ਮਸਰੂਫ਼ ਰਹਿੰਦੇ ਸਨ। ਪਰ ਕੰਧ ਕਰਕੇ ਅਸੀਂ ਉਨ੍ਹਾਂ ਦੀ ਦੁਨੀਆਂ ਵਿੱਚ ਝਾਕ ਨਹੀਂ ਸੀ ਸਕਦੇ।
ਅਮਰੀਕੀ ਪੱਤਰਕਾਰ ਕੈਥਰੀਨ ਬੂ ਨੇ ਇਸ ਅੰਨਾਵਾੜੀ ਝੌਂਪੜ-ਪੱਟੀ ਵਿੱਚ ਲਗਭਗ ਚਾਰ ਸਾਲ ਬਿਤਾਏ। ਨਵੰਬਰ 2007 ਤੋਂ ਮਾਰਚ 2011 ਦੌਰਾਨ ਨਿੱਤ ਦਿਨ ਅਤੇ ਕਈ ਵਾਰ ਦੇਰ ਰਾਤ ਤੱਕ ਇਹਦੇ ਵਾਸੀਆਂ ਸੰਗ ਨਿੱਠ ਕੇ ਗੱਲਾਂ ਕੀਤੀਆਂ, ਉਨ੍ਹਾਂ ਸੰਗ ਘੁੰਮੀ ਫਿਰੀ। ਸੈਂਕੜੇ ਡਾਇਰੀਆਂ, ਹਜ਼ਾਰਾਂ ਫੋਟੋਆਂ, ਬੇਅੰਤ ਵੀਡੀਓ ਟੇਪਾਂ ਭਰ ਗਈਆਂ। ਉਹਦੀ ਕਿਤਾਬ ‘Behind the Beautiful Forevers’ (‘ਹਮੇਸ਼ਾਂ ਖ਼ੂਬਸੂਰਤ ਵਾਲੇ ਇਸ਼ਤਿਹਾਰਾਂ ਓਹਲੇ’) ਨੇ ਆਲੀਸ਼ਾਨ ਸ਼ਹਿਰ ਦੇ ਅਸ਼ਰਾਫੀਏ ਦੀ ਜ਼ਿੰਦਗੀ ਅਤੇ ਕੰਧ ਪਾਰਲੀ ਖ਼ਲਕਤ ਦੇ ਜੀਵਨ ਵਿਚਲੀ ਦੀਵਾਰ ਢਾਹ ਦਿੱਤੀ ਸੀ। ਉਸ ਕਿਹਾ, ‘‘ਮੈਂ ਚਾਹੁੰਦੀ ਸਾਂ ਕਿ ਤੁਸੀਂ ਉਹ ਮਹਿਸੂਸ ਕਰੋ ਜੋ ਮੈਂ ਮਹਿਸੂਸ ਕੀਤਾ।’’
ਉਸ ਨਾਵਲ ਨਹੀਂ ਸੀ ਲਿਖਿਆ, ਪਰ ਕਿਤਾਬ ਨਾਵਲ ਹੀ ਲੱਗਦੀ ਹੈ। ਕਦੀ ਤੁਹਾਡਾ ਖ਼ੂਨ ਜੰਮ ਜਾਂਦਾ ਹੈ, ਕਦੀ ਉਬਾਲੇ ਖਾਂਦਾ ਹੈ। ਸਾਰੇ ਪਾਤਰ ਸੱਚਮੁੱਚ ਦੇ ਜੀਊਂਦੇ ਜੀਅ, ਨਾਮ ਉਨ੍ਹਾਂ ਦੇ ਅਸਲੀ, ਹਰ ਗੱਲ ਤੱਥਾਂ ’ਤੇ ਆਧਾਰਤ, ਹਰ ਵੀਡੀਓ ਮੌਜੂਦ। ਪਰ ਜਿੰਨੀ ਦੇਰ ਤੱਕ ਕੰਧ ਕਾਇਮ ਸੀ, ਓਨੀ ਦੇਰ ਤੱਕ ਆਸ਼ਾ, ਸੁਨੀਲ, ਮੰਜੂ, ਅਬਦੁਲ, ਉਹਦਾ ਭਰਾ ਮਿਰਚੀ, ਇਨ੍ਹਾਂ ਸਭਨਾਂ ਦੀ ਜੀਵਨ ਕਹਾਣੀ ਕਿਸੇ ਹੋਰ ਦੇਸ਼ ਦੀ ਬਾਤ ਸੀ। ਕੈਥਰੀਨ ਬੂ ਨੇ ਕੰਧ ਭੰਨ ਸੁੱਟੀ ਤਾਂ ਦਿਸਿਆ ਸੀ ਕਿ ਅਸੀਂ ਕੀ ਕੁਝ ਨਹੀਂ ਦੇਖਣਾ ਚਾਹੁੰਦੇ।
ਜਿਨ੍ਹੀਂ ਦਿਨੀਂ ਕੈਥਰੀਨ ਬੂ ਮੁੰਬਈ ਦੀ ਝੌਂਪੜ-ਪੱਟੀ ਵਿੱਚ ਘੁੰਮ ਰਹੀ ਸੀ, ਦੇਸ਼ ਦੀ ਰਾਜਧਾਨੀ ਦਿੱਲੀ, ਰਾਸ਼ਟਰਮੰਡਲ ਖੇਡਾਂ ਲਈ ਸੁਰਖ਼ੀ-ਬਿੰਦੀ ਲਾ ਰਹੀ ਸੀ। ਗ਼ਰੀਬਾਂ ਦੀਆਂ ਬਸਤੀਆਂ ਪੈਸੇ-ਬੂਤੇ ਦਮਕਦੇ ਸ਼ਹਿਰ ਦੇ ਮੂੰਹ ’ਤੇ ਕਿੱਲ-ਛਾਹੀਆਂ ਜਾਪਦੀਆਂ ਹੋਣਗੀਆਂ। ਰਾਤੋਂ-ਰਾਤ ਪਲਾਸਟਿਕ ਦੀਆਂ ਤਰਪਾਲਾਂ ਓਹਲੇ ਲੁਕਾ ਦਿੱਤੀਆਂ ਗਈਆਂ। ਵਸੰਤ ਵਿਹਾਰ ਨਾਲ ਲੱਗਦੇ ਕੁਲੀ ਕੈਂਪ ਦੁਆਲੇ ਨੀਲੇ ਰੰਗ ਦੀਆਂ ਤਰਪਾਲਾਂ ਟੁੰਗ ਉਨ੍ਹਾਂ ਉੱਤੇ ਖੇਡਾਂ ਦਰਸਾਉਂਦੇ ਕਾਰਟੂਨ ਚਿਪਕਾ ਦਿੱਤੇ ਗਏ। ਮਹਾਂਨਗਰ ਦੀਆਂ ਸੜਕਾਂ ਉੱਤੋਂ ਮੰਗਤਿਆਂ ਨੂੰ ਫੜ-ਫੜ, ਟਰੱਕਾਂ ਵਿੱਚ ਭਰ, ਦੂਰ-ਦੁਰਾਡੇ ਲਿਜਾ ਕੇ ਛੱਡ ਦਿੱਤਾ ਗਿਆ। ਦਿੱਲੀ ਦੇ ਫੁੱਟਪਾਥਾਂ ਕਿਨਾਰੇ ਦਾ ਯੂ.ਪੀ, ਬਿਹਾਰ ਗਾਇਬ ਹੋ ਗਿਆ। ਸ਼ਹਿਰ ਲੰਡਨ ਪੈਰਿਸ ਸਿੰਗਾਪੁਰ ਹੋ ਗਿਆ।
ਵੈਸੇ ਨਾ ਦੇਖਣ ਲਈ ਕੰਧ ਦੀ ਲੋੜ ਨਹੀਂ ਹੁੰਦੀ। ਤਰੱਕੀਯਾਫ਼ਤਾ ਤੋਂ ਤਰੱਕੀਸ਼ੁਦਾ ਦੇ ਸਫ਼ਰ ਦੌਰਾਨ ਸਾਡਾ ਨਾ ਦੇਖਣ ਦਾ ਤਜਰਬਾ ਹੁਣ ਬੇਨਜ਼ੀਰ ਹੈ। ਕੰਧ ਸਾਡੇ ਜ਼ਿਹਨ ਵਿੱਚ ਹੀ ਹੈ। ਸਭ ਕੁਝ ਦੇਖਾਂਗੇ ਤਾਂ ਜੀਵਨ ਮੁਸ਼ਕਿਲ ਹੋ ਜਾਵੇਗਾ, ਆਪਣੇ ਆਪ ਨਾਲ ਜਿਊਣਾ ਵੀ ਸੰਭਵ ਨਹੀਂ ਹੋਵੇਗਾ। ਕਿਸੇ ਦਿਨ ਆਤਮ ਗਿਲਾਨੀ ਨਾਲ ਮਰਨ ਬਾਰੇ ਵੀ ਖ਼ਬਰ ਛਪ ਸਕਦੀ ਹੈ। ਖ਼ੈਰ, ਕਦੀ ਐਸੀ ਕੋਈ ਸੁਰਖ਼ੀ ਛਪੇ ਤਾਂ ਭਾਗਾਂ ਭਰੀ ਖੁਸ਼ਾਇਨ ਖ਼ਬਰ ਹੋਵੇਗੀ, ਬਚ ਰਹੀ ਇਨਸਾਨੀਅਤ ਦੀ ਕੋਈ ਸੂਹ ਪਵੇਗੀ।ਸਹਾਫ਼ਤ ਦੇ ਸ਼ੋਹਬੇ ਵਿੱਚ ਪੱਤਰਕਾਰਾਂ ਨੂੰ ਕਈ ਵਾਰ ਇਨ੍ਹਾਂ ਗੁਰਬਤ ਮਾਰੀਆਂ ਬਸਤੀਆਂ ਵਿੱਚ ਜਾਣਾ ਪੈਂਦਾ ਹੈ। ਨੇਕ ਦਿਲ ਕਲਮ-ਘਸੀਏ ਕਿਸੇ ਗਰੀਬੜੇ ਨਾਲ ਵਧੇਰੇ ਪਿਆਰ ਨਾਲ ਗੱਲ ਕਰਦੇ ਹਨ, ਕਿਸੇ ਕਿਸਮਤ ਮਾਰੇ ਨਾਲ ਹਮਦਰਦੀ ਜ਼ਾਹਿਰ ਕਰਦੇ ਹਨ, ਆਪਣੀ ਤਹਿਰੀਰ ਵਿੱਚ ਦੋ ਦਿਲ-ਪਸੀਜ ਵਾਕ ਵੀ ਲਿਖ ਵੰਝਦੇ ਹਨ। ਪਰ ਕੰਧਾਂ ਛੇਤੀ ਨਹੀਂ ਟੁੱਟਦੀਆਂ।
ਕੰਧ ਦਾ ਸਾਹਵੇਂ ਟੁੱਟਣਾ ਮੈਂ ਉਦੋਂ ਵੇਖਿਆ ਜਦੋਂ ਸਾਡੇ ਸਮਿਆਂ ਦੇ ਸਹਾਫ਼ਤੀ ਨਾਇਕ ਪੀ. ਸਾਈਨਾਥ ਨੂੰ ਮਾਲਵੇ ਦੇ ਪਿੰਡਾਂ ਵਿੱਚ ਵਿਹੜੇ ਦੇ ਬਾਸ਼ਿੰਦਿਆਂ ਨੂੰ ਇੰਟਰਵਿਊ ਕਰਦਿਆਂ ਨੇੜਿਓਂ ਡਿੱਠਾ। ਕਿਸੇ ਦਿਹਾੜੀਦਾਰ ਔਰਤ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਨਣ ਲਈ ਬੇਅੰਤ ਸਮਰੱਥਾ ਵਾਲੇ ਪੱਤਰਕਾਰ ਨੂੰ ਕਿੰਨਾ ਕੁ ਸਮਾਂ ਲੱਗ ਸਕਦਾ ਹੈ? ਸਾਈਨਾਥ ਨੂੰ ਤਾਂ ਸ਼ਾਇਦ ਕੁਝ ਦਿਨ ਹੀ ਲੱਗ ਜਾਣ।
ਤੁਹਾਡਾ ਘਰ ਕਦੋਂ ਬਣਿਆ ਸੀ? ਗਾਰਾ ਆਪ ਬਣਾਇਆ ਸੀ? ਇੱਟਾਂ ਕਿੱਥੋਂ ਲਿਆਂਦੀਆਂ ਸਨ? ਤੁਸੀਂ ਆਪ ਢੋਈਆਂ ਸਨ? ਸਵੇਰੇ ਕਿੰਨੇ ਵਜੇ ਉੱਠਦੇ ਹੋ? ਚਾਹ ਪੀਂਦੇ ਹੋ? ਕੌਣ ਬਣਾਉਂਦਾ ਹੈ? ਬਾਲਣ ਕਿੱਥੋਂ ਲਿਆਉਂਦੇ ਹੋ? ਚਾਹ ਵਿਚ ਮਿੱਠਾ ਪਾਉਂਦੇ ਹੋ? ਮਹੀਨੇ ਵਿੱਚ ਕਿੰਨੀ ਖੰਡ ਲੱਗਦੀ ਹੈ? ਨਾਸ਼ਤਾ ਕੀ ਕਰਦੇ ਹੋ? ਕੰਮ ’ਤੇ ਰੋਟੀ ਨਾਲ ਲੈ ਕੇ ਜਾਂਦੇ ਹੋ? ਕਿੰਨੀਆਂ ਰੋਟੀਆਂ? ਬੱਚੇ ਦੁੱਧ ਪੀਂਦੇ ਹਨ? ਰੋਜ਼? ਕਿੰਨਾ? ਕਿਹੜੇ ਗਲਾਸ ਵਿੱਚ? ਮੈਨੂੰ ਗਿਲਾਸ ਦਿਖਾਓਗੇ ਜ਼ਰਾ? ਹੁਣ ਉਹ ਆਰਾਮ ਨਾਲ ਇੰਤਜ਼ਾਰ ਕਰ ਰਿਹਾ ਹੈ। ਕੋਈ ਗਿਲਾਸ ਲੈਣ ਗਿਆ ਹੈ। ਸਾਈਨਾਥ ਨੇ ਸਵਾਲ ਪੁੱਛਿਆ ਹੈ, ਜਵਾਬ ਆ ਰਿਹਾ ਹੈ।
ਜਦੋਂ ਚਾਂਦੀ ਰੰਗੇ ਵਾਲਾਂ ਦੀਆਂ ਲਟਾਂ ਵਾਲਾ ਗੋਰਾ-ਚਿੱਟਾ ਲੰਬਾ ਸਾਈਨਾਥ, ਅੰਗਰੇਜ਼ੀ-ਨੁਮਾ-ਹਿੰਦੀ ਬੋਲਦਾ, ਹੱਥ ਵਿੱਚ ਕਾਪੀ-ਪੈਨਸਲ ਲੈ, ਪਿੰਡ ਵਿੱਚ ਵੜਿਆ ਸੀ ਤਾਂ ਓਪਰਾ-ਓਪਰਾ ਜਾਪ ਰਿਹਾ ਸੀ, ਪਰ ਹੁਣ ਤੱਕ ਉਸ ਕੰਧਾਂ ਭੰਨ ਸੁੱਟੀਆਂ ਸਨ। ਉਹ ਉਨ੍ਹਾਂ ਦੇ ਜੀਵਨ ਬਾਰੇ ਗੰਭੀਰਤਾ ਨਾਲ ਜਾਣ ਰਿਹਾ ਸੀ। ਮੰਨੀ-ਪ੍ਰਮੰਨੀ ਲੇਖਕ-ਅਕੈਡਮਿਸ਼ੀਅਨ ਨਵਸ਼ਰਨ, ਜਿਸਨੂੰ ਲੋਕ ਸਰੋਕਾਰ ਅਤੇ ਲੋਕਾਈ ਦਾ ਦਰਦ ਗੁੜ੍ਹਤੀ ਵਿੱਚ ਮਿਲਿਆ ਹੈ, ਜ਼ਮੀਨ ’ਤੇ ਚੌਕੜੀ ਮਾਰ, ਸਾਈਨਾਥ ਦੇ ਸਵਾਲਾਂ ਦਾ ਤਰਜਮਾ ਕਰ ਰਹੀ ਸੀ, ਉਨ੍ਹਾਂ ਦੇ ਜਵਾਬ ਸਾਈਨਾਥ ਨੂੰ ਸਮਝਾ ਰਹੀ ਸੀ। ਅਚਾਨਕ ਸਾਈਨਾਥ ਪੁੱਛ ਬੈਠਦਾ ਕਿ ਦਿਨ ਵਿੱਚ ਕੁੱਲ ਕਿੰਨੀ ਵਾਟ ਝਾਗੀ ਉਸ ਔਰਤ ਨੇ? ਜਵਾਬ ਵਿੱਚ ਉਹ ਆਪਣਾ ਸਾਰਾ ਦਿਨ ਫਿਰ ਜਿਊਂਦੀ। ਸਾਈਨਾਥ ਕੋਹ ਵਿੱਚ ਕੋਹ ਜਮ੍ਹਾਂ ਕਰਦਾ ਜਾਂਦਾ। ਗੱਲ ਸਾਦੀ ਸੀ। ਉਹ ਪੈਂਡਾ ਜਾਨਣਾ ਚਾਹ ਰਿਹਾ ਸੀ। ਜਦੋਂ ਤੱਕ ਜਾਣ ਨਹੀਂ ਸੀ ਲੈਂਦਾ, ਉਦੋਂ ਤੱਕ ਸਵਾਲ ਕਰਦਾ ਸੀ।
ਗ਼ਰੀਬ ਦੇ ਜੀਵਨ ਨੂੰ ਜਾਣਨਾ ਕੀ ਹੁੰਦਾ ਹੈ, ਮੈਂ ਅੱਖੀਂ ਵੇਖਿਆ। ਜਾਨਣ ਜਾਨਣ ਵਿੱਚ ਕਿੰਨਾ ਫ਼ਰਕ ਹੁੰਦਾ ਹੈ, ਮਹਿਸੂਸ ਕੀਤਾ। ਜਾਨਣ ਵਿੱਚ ਵੀ ਕਿੰਨਾ ਜਾਨਣਾ ਰਹਿ ਜਾਂਦਾ ਹੈ, ਹਿਸਾਬ ਸਮਝਿਆ।
ਕੰਧ ਦੇ ਉਸ ਪਾਰ ਦੀ ਹਕੀਕਤ ਤੱਕ ਪਹੁੰਚਣਾ ਮੁਸ਼ਕਿਲ ਕਾਰਜ ਹੈ। ਗ਼ਰੀਬ ਬਾਰੇ, ਗ਼ੁਰਬਤ ਬਾਰੇ ਕਥਾ, ਕਹਾਣੀਆਂ, ਅਫ਼ਸਾਨੇ, ਰਿਪੋਰਟਾਂ ਅਕਸਰ ਕੰਧ ਦੇ ਇਸ ਪਾਰ ਦੀ ਸਮਝ ’ਤੇ ਆਧਾਰਿਤ ਹੁੰਦੀਆਂ ਹਨ। ਪਰਲੇ ਪਾਸੇ ਦੀ ਹਕੀਕਤ ਬਾਰੇ ਸਮਝ ਅਕਸਰ ਮਸਨੂਈ ਹੁੰਦੀ ਹੈ। ਵਿਰਲਾ ਹੀ ਕੋਈ ਸੈਮੂਅਲ ਜੌਹਨ ਵਰਗਾ ਕਲਾਕਾਰ, ਨਾਟਕਕਾਰ ਹੋ ਨਿਬੜਦਾ ਹੈ ਜਿਹੜਾ ਜਿਨ੍ਹਾਂ ਦੀ ਕਥਾ ਕਹਿੰਦਾ ਹੈ, ਉਨ੍ਹਾਂ ਦੇ ਅੰਗ ਸੰਗ ਰਹਿੰਦਾ ਹੈ। ਤਾਂ ਹੀ ਤਾਂ ਕੰਧਾਂ ਵਰਗਾ ਕੁਝ ਸਾਡੇ ਸਾਹਵਿਓਂ ਢਹਿੰਦਾ ਹੈ, ਹਕੀਕਤ ਦਾ ਕੋਈ ਝਾਉਲਾ ਪੈਂਦਾ ਹੈ, ਪਤਾ ਲੱਗਦਾ ਹੈ ਕਿ ਉੱਥੇ ਮੌਤ ਹੈ, ਰੱਬ ਨਹੀਂ ਰਹਿੰਦਾ ਹੈ। ਅਖਾਣ ਤੇ ਐਵੇਂ ਝੂਠ ਕਹਿੰਦਾ ਹੈ।
ਕੰਧਾਂ ਓਹਲੇ ਦੀ ਇਹ ਜ਼ਿੰਦਗੀ ਮੁਹੱਜ਼ਬ ਸਮਾਜ ਨੂੰ ਅਵਾਜ਼ਾਰ ਕਰ ਦੇਣ ਦੀ ਕੁੱਵਤ ਰੱਖਦੀ ਹੈ। ਹਿੰਦੀ ਦੇ ਪ੍ਰਸਿੱਧ ਲੇਖਕ ਯਸ਼ਪਾਲ ਦੀ ਕਹਾਣੀ ‘ਪਰਦਾ’ ਵਿੱਚ ਜਦੋਂ ਸ਼ਾਹੂਕਾਰ ਡਿਓਢੀ ’ਤੇ ਲਟਕੀ ਦਰੀ ਨੂੰ ਖਿੱਚ ਪਰ੍ਹਾਂ ਮਾਰਦਾ ਹੈ ਤਾਂ ਬਾਹਰ ਜਮ੍ਹਾਂ ਹੋਈ ਭੀੜ ਬੱਸ ਇਸੇ ਲਈ ਤਿੱਤਰ-ਬਿੱਤਰ ਹੋ ਜਾਂਦੀ ਹੈ ਕਿਉਂ ਜੋ ਉਸ ਤੋਂ ਘਰ ਦੇ ਵਰ੍ਹਿਆਂ ਤੱਕ ਕੱਜੇ ਗੁਰਬਤੀ ਹਾਲਾਤ ਵੇਖੇ ਨਹੀਂ ਜਾਂਦੇ। ਦਰੀ ਨੇ ਸਿਰਫ਼ ਅੰਦਰ ਦੀ ਕੌੜੀ ਹਕੀਕਤ ਨਹੀਂ ਸੀ ਢੱਕੀ, ਉਸ ਨੇ ਬਾਹਰ ਦੇ ਜੀਵਨ ਨੂੰ ਵੀ ਸੁਖਾਲਾ ਕਰ ਰੱਖਿਆ ਸੀ।
ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮੇਰੇ ਮੁਲਕ ਦੀ ਮਿੱਟੀ ’ਤੇ ਪੈਰ ਧਰ ਰਿਹਾ ਹੈ ਤਾਂ ਅਸੀਂ ਦਰੀਆਂ ਟੁੰਗਣ ਤੁਰ ਪਏ ਹਾਂ। ਅਹਿਮਦਾਬਾਦ ਵਿੱਚ ਹਵਾਈ ਅੱਡੇ ਤੋਂ ਸਟੇਡੀਅਮ ਤੱਕ ਕਿਤੇ ਖ਼ਰਬਪਤੀ ਅੱਖੀਆਂ ਨੂੰ ਗੁਰਬਤੀ ਸੰਸਾਰ ਨਜ਼ਰ ਨਾ ਆਵੇ, ਇਸ ਲਈ ਗ਼ਰੀਬਾਂ ਦੀਆਂ ਬਸਤੀਆਂ ਸਾਹਵੇਂ ਦੀਵਾਰਾਂ ਚਿਣ ਰਹੇ ਹਾਂ। ਗ਼ਰੀਬ ਦਾ ਕਿਸੇ ਸਮਾਜਿਕ ਮੌਕੇ ਭੱਜ ਕੇ ਆਪਣਾ ਜਾਮਾ ਰਫ਼ੂ ਕਰਵਾਉਣਾ ਉਹਦੀ ਹੈਸੀਅਤ ਨੂੰ ਨਸ਼ਰ ਕਰਦਾ ਹੈ। ਟਰੰਪ ਨੇ ਦਰਅਸਲ ਦਰਵਾਜ਼ੇ ’ਤੇ ਟੁੰਗੀ ਦਰੀ ਖਿੱਚ ਦਿੱਤੀ ਹੈ, ਅਸੀਂ ਅੰਦਰੋਂ ਗਰੀਬੜੇ ਫੜੇ ਗਏ ਹਾਂ। ਸੱਜਰੀਆਂ ਚਿਣੀਆਂ ਕੰਧਾਂ ਪਿੱਛੇ ਲੁਕਦੇ ਫਿਰਦੇ ਹਾਂ। ਉਹਨੂੰ ਕੰਧਾਂ ਦਾ ਸ਼ੌਕ ਹੈ, ਮੈਕਸਿਕੋ ਨਾਲ ਕੰਧ ਖੜ੍ਹੀ ਕਰਨ ’ਤੇ ਤੁਲਿਆ ਹੋਇਆ ਹੈ। ਸਦਾ ਨੇਤਾ ਇਸ ਬਾਰੇ ਮੂੰਹ ਨਹੀਂ ਖੋਲ੍ਹਦਾ, ਖੌਰੇ ਕੰਧ ਦੇ ਕਿਤੇ ਕੰਨ ਹੀ ਨਾ ਹੋਣ! ਟਰੰਪ ਨੂੰ ਭੀੜਾਂ ਦਾ ਸ਼ੌਕ ਹੈ, ਮੇਰੇ ਦੇਸ਼ ਉੱਤੇ ਭੀੜ ਆ ਪਈ ਹੈ। ਉਹ ਇੱਕ ਕਰੋੜ ਕਹਿ ਰਿਹਾ ਹੈ, ਇੰਤਜ਼ਾਮ ਇਕ ਲੱਖ ਦਾ ਹੋ ਸਕਿਆ ਹੈ। ਸਾਡੀ ਜ਼ਾਤ ਔਕਾਤ ਹੁਣ ਰਫ਼ੂ ਵਾਲੇ ਕੋਲ ਹੈ।ਇਸ ਹਫ਼ਤੇ ਆ ਰਹੇ ਇਸ ਵੱਡੇ ਮਹਿਮਾਨ ਬਾਰੇ ਬਸ ਏਨਾ ਜਾਣ ਲਵੋ ਕਿ ਪਿਛਲੇ ਹਫ਼ਤੇ ਕੀ ਚੰਨ ਚਾੜ੍ਹ ਕੇ ਆਇਆ ਹੈ। ਅਮਰੀਕੀ ਰਾਸ਼ਟਰਪਤੀ ਕੋਲ ਅਦਾਲਤਾਂ ਵੱਲੋਂ ਦੋਸ਼ੀ ਪਾਏ ਗਏ ਗੁਨਾਹਗਾਰਾਂ ਨੂੰ ਮੁਆਫ਼ ਕਰਨ ਦਾ ਕਾਨੂੰਨੀ ਅਧਿਕਾਰ ਹੁੰਦਾ ਹੈ। ਆਮ ਤੌਰ ਉੱਤੇ ਰਾਸ਼ਟਰਪਤੀ ਇਸ ਅਧਿਕਾਰ ਦੀ ਵਰਤੋਂ ਬੜੇ ਸੰਜਮ ਨਾਲ ਅਤੇ ਕਿਸੇ ਵਿਧੀਵੱਤ ਤਰੀਕੇ ਨਾਲ ਗੁਨਾਹ ਅਤੇ ਗ਼ੁਨਾਹਗਾਰ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਕਰਦੇ ਹਨ, ਪਰ ਟਰੰਪ ਨੇ ਸਾਰੀਆਂ ਹੱਦਾਂ ਬੰਨੇ ਤੋੜ ਅਤਿ-ਘ੍ਰਿਣਤ ਜੁਰਮਾਂ ਵਿੱਚ ਮੁਲੱਵਸ ਆਪਣੇ ਉਹਨਾਂ ਕਈ ਯਾਰਾਂ ਦੀਆਂ ਸਜ਼ਾਵਾਂ ਉੱਤੇ ਲੀਕ ਮਾਰ ਦਿੱਤੀ ਹੈ ਜਿਨ੍ਹਾਂ ਬਾਰੇ ਅਮਰੀਕਾ ਦੀ ਬੇਹੱਦ ਸਤਿਕਾਰਤ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਕਿਹਾ ਹੈ ਕਿ ਉਹ “ਛਟੇ ਹੋਏ ਬਦਮਾਸ਼ਾਂ ਦੀ ਤਾਮੀਰ ਕੀਤੀ ਛਟੇ ਹੋਏ ਬਦਮਾਸ਼ਾਂ ਦੀ ਲਿਸਟ” ਵਿੱਚ ਸ਼ੁਮਾਰ ਹੁੰਦੇ ਹਨ। ਇਨ੍ਹਾਂ ਵਿੱਚ ਉਹ ਵੀ ਸ਼ਾਮਲ ਹੈ ਜਿਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਖ਼ਾਲੀ ਕੀਤੀ ਸੈਨੇਟ ਦੀ ਸੀਟ ਵੇਚਦਿਆਂ ਫੜਿਆ ਗਿਆ ਅਤੇ 14 ਸਾਲ ਕੈਦ ਹੋਈ, ਉਹ ਵੀ ਜਿਸ ਨੇ ਜੂਏਖਾਨੇ ਦੇ ਲਸੰਸ ਲਈ ਚਾਰ ਲੱਖ ਡਾਲਰ ਰਿਸ਼ਵਤ ਦੇਣ ਦਾ ਇਕਬਾਲ ਕੀਤਾ, ਨਿਊਯਾਰਕ ਦਾ ਉਹ ਪੁਲੀਸ ਕਮਿਸ਼ਨਰ ਵੀ ਜਿਸ ਟੈਕਸ ਫਰਾਡ ਸਮੇਤ ਅੱਠ ਮੁਜਰਮਾਨਾ ਕਾਰਵਾਈਆਂ ਵਿੱਚ ਆਪਣੀ ਸ਼ਮੂਲੀਅਤ ਮੰਨੀ, ਉਹ ਬੇਈਮਾਨ ਵਾਲ ਸਟ੍ਰੀਟ ਫਾਈਨੈਂਸਰ ਵੀ ਜਿਸ ਨੂੰ 60 ਕਰੋੜ ਡਾਲਰ ਦਾ ਜੁਰਮਾਨਾ ਹੋਇਆ।
ਬੱਸ ਟਰੰਪ ਦੀ ਖ਼ੂਬਸੂਰਤੀ ਇਹ ਹੈ ਕਿ ਆਪਣੇ ਕਾਲੇ ਕਾਰਨਾਮਿਆਂ ਉੱਤੇ ਉਹ ਦਰੀਆਂ ਨਹੀਂ ਟੁੰਗਦਾ। ਬੀਤੇ ਹਫ਼ਤੇ ਜਦੋਂ ਚਾਰੇ ਪਾਸੇ ਉਹਦੀ ਇਸ ਚੰਡਾਲ-ਚੌਕੜੀ ਨਾਲ ਪੁਗਾਈਆਂ ਯਾਰੀਆਂ ਕਰਕੇ ਤੋਏ-ਤੋਏ ਹੋ ਰਹੀ ਸੀ ਤਾਂ ਉਸ ਨੇ ਐਲਾਨੀਆ ਕਿਹਾ ਕਿ ਮੈਂ ਇਨ੍ਹਾਂ ਸਾਰਿਆਂ ਦੀਆਂ ਸਜ਼ਾਵਾਂ ਉੱਤੇ ਆਪਣੇ ਦੋਸਤਾਂ ਦੀ ਸਿਫ਼ਾਰਿਸ਼ ਉੱਤੇ ਲੀਕ ਮਾਰੀ ਹੈ। ਬੱਸ ਇਹੀ ਟਰੰਪ ਦਾ ਵਿਧੀ-ਵਿਧਾਨ ਹੈ। ਹੁਣ ਤਾਂ ਉਸਨੇ ਸੀਨਾ ਠੋਕ ਕੇ ਕਹਿ ਦਿੱਤਾ ਹੈ ਕਿ ਮੈਂ ਹੀ ਦੇਸ਼ ਦਾ ਕਾਨੂੰਨ ਹਾਂ – “I’m actually the chief law enforcement officer of the country.”
ਜੇ ਹਕੂਮਤੀ ਨਾਅਰਾ ‘‘ਅਬ ਕੀ ਬਾਰ ਟਰੰਪ ਸਰਕਾਰ ਹੈ’’ ਤਾਂ ਸਮਝ ਲਵੋ ਕਿ ਸਾਡਾ ਨੇਤਾ ਕੀ ਬਣਨਾ ਚਾਹ ਰਿਹਾ ਹੈ। ਫਿਰ ਅਸੀਂ ਸਾਰੇ ਕੰਧ ਦੇ ਉਸ ਪਾਰ ਦੇ ਵਾਸੀ ਹੋਵਾਂਗੇ। ਮੰਜ਼ਰ ਮਾੜਾ ਵੀ ਨਹੀਂ, ਘੱਟੋ-ਘੱਟ ਉਹ ਵੇਖਾਂਗੇ ਜਿਹੜਾ ਉਮਰਾਂ ਤੋਂ ਅੱਖੀਓਂ ਓਹਲੇ ਹੈ। ਔਖੇ ਹੋਵਾਂਗੇ, ਪਰ ਸੁਜਾਖੇ ਹੋਵਾਂਗੇ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ