Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਹੁਣ ਕੌਣ ਸੁਣੂੰ ਦੁੱਖ…ਸੁਪਿੰਦਰ ਸਿੰਘ ਰਾਣਾ
ਬਚਪਨ ਵੇਲੇ ਜਦੋਂ ਵੀ ਅਸੀਂ ਤਿੰਨੋਂ ਭੈਣ ਭਰਾਵਾਂ ਨੇ ਜਮਾਤ ਵਿੱਚੋਂ ਪਾਸ ਹੋ ਕੇ ਆਉਣਾ ਤਾਂ ਮਾਂ ਦੇ ਪੈਰਾਂ ਨੂੰ ਹੱਥ ਲਾਉਣੇ। ਉਸ ਨੇ ਸਾਨੂੰ ਤਿੰਨਾਂ ਨੂੰ ਕਲਾਵੇ ਵਿਚ ਲੈ ਕੇ ਇਹ ਸ਼ਬਦ ਹਰ ਸਾਲ ਕਹਿਣੇ, ‘‘ਬੱਚਿਓ, ਐਤਕੀਂ ਤੁਹਾਡੀਆਂ ਛੁੱਟੀਆਂ ਵੇਲੇ ਮੈਂ ਪਥਰੀ ਕਢਾ ਹੀ ਲੈਣੀ ਹੈ।’’ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਅਸੀਂ ਕਿਸੇ ਨੇ ਭੂਆ ਕੋਲ ਚਲੇ ਜਾਣਾ ਤੇ ਕਿਸੇ ਨੇ ਨਾਨਕੇ। ਮਾਂ ਤੇ ਪਿਤਾ ਜੀ ਇਕੱਲੇ ਘਰ ਰਹਿ ਜਾਂਦੇ। ਨਿਆਣੀ ਮੱਤ ਹੋਣ ਕਾਰਨ ਅਸੀਂ ਤਿੰਨੋਂ ਆਪਣੀ ਮਾਂ ਦੇ ਦੁੱਖ ਨੂੰ ਭੁੱਲ ਜਾਂਦੇ। ਜਦੋਂ ਦਰਦ ਹੋਣਾ ਮਾਂ ਨੇ ਪਾਣੀ ਗਰਮ ਕਰਕੇ ਕੱਚ ਦੀ ਬੋਤਲ ’ਚ ਪਾ ਕੇ ਵੱਖੀ ਉੱਤੇ ਫੇਰੀ ਜਾਣਾ। ਦਰਦ ਕੁਝ ਘਟਣ ’ਤੇ ਉਸ ਦੀ ਅੱਖ ਲੱਗ ਜਾਂਦੀ। ਬਹੁਤ ਘੱਟ ਵਾਰ ਮਾਂ ਨੇ ਸਾਥੋਂ ਬੋਤਲ ਵਿਚ ਪਾਣੀ ਗਰਮ ਕਰਕੇ ਭਰਾਇਆ ਹੋਵੇਗਾ। ਉਸ ਦੀ ਇੱਛਾ ਸੀ ਕਿ ਉਸ ਦੇ ਬੱਚੇ ਪੜ੍ਹ ਲਿਖ ਕੇ ਵਧੀਆ ਇਨਸਾਨ ਬਣਨ। ਉਸ ਨੇ ਸਾਨੂੁੰ ਸੁਵਖਤੇ ਉਠਾ ਦੇਣਾ ਤੇ ਰਜਾਈ ਵਿਚ ਬੈਠਿਆਂ ਕਿਤਾਬਾਂ, ਕਾਪੀਆਂ ਫੜਾ ਦੇਣੀਆਂ। ਆਪਣਾ ਦੁੱਖ ਭੁਲਾ ਕੇ ਸਾਡੇ ਮਾਮੂਲੀ ਫੋੜੇ ਫਿਨਸੀਆਂ ਦਾ ਇਲਾਜ ਕਰਦੇ ਰਹਿਣਾ।
ਖਾਣ ਲਈ ਅਸੀਂ ਜਿਹੜੀ ਚੀਜ਼ ਮੰਗਦੇ ਕੁਝ ਹੀ ਪਲਾਂ ਵਿਚ ਬਣਾ ਕੇ ਸਾਡੇ ਸਾਹਮਣੇ ਹਾਜ਼ਰ ਕਰ ਦੇਣੀ। ਰੋਜ਼ ਘਰ ਵਿਚ ਝਾੜੂ ਮਾਰਨ ਤੋਂ ਇਲਾਵਾ ਉਸ ਨੇ ਨਿੱਤ ਸਾਡੇ ਕੱਪੜੇ ਧੋ ਕੇ ਸੁੱਕਣੇ ਪਾਉਣੇ। ਜਦੋਂ ਅਸੀਂ ਸਕੂਲ ਚਲੇ ਜਾਣਾ ਉਸ ਨੇ ਡੰਗਰ ਵੱਛਾ ਸਾਂਭਣ ਦੇ ਨਾਲ-ਨਾਲ ਸਾਡਾ ਖਿਲਰਿਆ ਸਾਮਾਨ ਤਰਤੀਬ ਵਿਚ ਰੱਖਣਾ।
ਮਾਂ ਦੇ ਪਥਰੀ ਦਾ ਦਰਦ ਕਾਫ਼ੀ ਸਾਲਾਂ ਤੋਂ ਹੁੰਦਾ ਰਹਿੰਦਾ ਸੀ। ਉਸ ਨੂੰ ਗੁਆਂਢਣਾਂ ਤੇ ਕਈ ਰਿਸ਼ਤੇਦਾਰਨੀਆਂ ਵੀ ਪਥਰੀ ਦੇ ਅਪਰੇਸ਼ਨ ਬਾਬਤ ਕਹਿ ਚੁੱਕੀਆਂ ਸਨ। ਕਈ ਆਖ ਦਿੰਦੀਆਂ ਸਨ, ‘‘ਬੀਬੀ, ਤੂੰ ਕਰਾ ਲੈ ਅਪਰੇਸ਼ਨ, ਅਸੀਂ ਮਿਲ ਕੇ ਤੇਰੇ ਨਿਆਣਿਆਂ ਤੇ ਡੰਗਰਾਂ ਨੂੰ ਸਾਂਭ ਲਵਾਂਗੀਆਂ।’’ ਉਸ ਨੇ ਫੇਰ ਕਹਿ ਦੇਣਾ, ‘‘ਚੱਲ ਅਗਲੇ ਸਾਲ ਨਿਆਣਿਆਂ ਦੀਆਂ ਵੱਡੇ ਦਿਨਾਂ ਦੀਆਂ ਛੁੱਟੀਆਂ ’ਚ ਮੈਂ ਤੁਹਾਡੇ ਆਸਰੇ ਅਪਰੇਸ਼ਨ ਕਰਾ ਲੈਣਾ ਹੈ।’’ 1985 ਵਿਚ ਅਸੀਂ ਪਿੰਡ ਛੱਡ ਕੇ ਸ਼ਹਿਰ ਆ ਗਏ।
ਹੁਣ ਸਾਡੇ ਨਵੇਂ ਮਿੱਤਰ ਬਣ ਗਏ ਤੇ ਗੁਆਂਢੀ ਬਦਲ ਗਏ ਸਨ। ਪਿੰਡ ਸ਼ਹਿਰ ਦੇ ਨੇੜੇ ਹੋਣ ਕਾਰਨ ਅਜੇ ਪਿੰਡ ਵਾਲੇ ਗੁਆਂਢੀ ਸਾਡੇ ਘਰ ਆ ਜਾਂਦੇ ਸਨ ਤੇ ਅਸੀਂ ਡੰਗਰਾਂ ਦੀ ਸਾਂਭ ਸੰਭਾਲ ਬਹਾਨੇ ਪਿੰਡ ਜਾ ਆਉਂਦੇ। ਮੱਝਾਂ ਦਾ ਦੁੱਧ ਚੋਣ ਲਈ ਮਾਂ ਨੂੰ ਸਵੇਰੇ ਸ਼ਾਮ ਕਦੇ ਮੈਂ ਸਾਈਕਲ ’ਤੇ ਬਿਠਾ ਕੇ ਲੈ ਜਾਂਦਾ ਤੇ ਕਦੇ ਮੇਰਾ ਛੋਟਾ ਭਰਾ। ਜਦੋਂ ਮੈਂ ਦਸਵੀਂ ਜਮਾਤ ਦੇ ਪੇਪਰ ਦਿੱਤੇ ਤਾਂ ਨਤੀਜਾ ਆਉਣ ਨੂੰ ਇਕ-ਦੋ ਮਹੀਨੇ ਲੱਗਣੇ ਸਨ। ਮੈਂ ਛੁੱਟੀਆਂ ਵਿਚ ਕਿਤੇ ਜਾਣ ਦੀ ਥਾਂ ਮਾਂ ਨੂੰ ਅਪਰੇਸ਼ਨ ਕਰਾਉਣ ਲਈ ਜ਼ੋਰ ਪਾਇਆ। ਤਿੰਨੋਂ ਭੈਣ ਭਰਾਵਾਂ ਦੇ ਕਹਿਣ ’ਤੇ ਉਹ ਮੰਨ ਗਈ। ਪਿਤਾ ਜੀ ਦੇ ਕਹਿਣ ’ਤੇ ਤਾਇਆ ਜੀ ਦਾ ਵੱਡਾ ਮੁੰਡਾ ਤੇ ਉਸ ਦੀ ਪਤਨੀ ਸਾਡੇ ਘਰ ਰਹਿਣ ਲੱਗੇ। ਮਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ। ਟੈਸਟ ਹੋਣ ਮਗਰੋਂ ਦੂਜੇ ਦਿਨ ਮਾਂ ਦਾ ਅਪਰੇਸ਼ਨ ਹੋਣਾ ਸੀ। ਪਥਰੀ ਵੱਡੀ ਹੋਣ ਕਾਰਨ ਮਾਂ ਦਾ ਗੁਰਦਾ ਖਰਾਬ ਹੋ ਗਿਆ ਸੀ। ਇਸ ਲਈ ਗੁਰਦਾ ਕੱਢਣਾ ਪੈਣਾ ਸੀ। ਭਾਬੀ ਸਾਡੀ ਘਰ ਰਹਿੰਦੀ ਸੀ। ਉਹ ਸਾਨੂੰ ਰੋਟੀ ਬਣਾ ਕੇ ਦਿੰਦੀ। ਮੈਂ ਤੇ ਮੇਰੇ ਤਾਏ ਦਾ ਮੁੰਡਾ ਮਾਂ ਕੋਲ ਹਸਪਤਾਲ ਰਹਿੰਦੇ ਸਾਂ। ਪਿਤਾ ਜੀ ਕੁਝ ਸਮਾਂ ਸਾਡੇ ਕੋਲ ਬਿਤਾ ਕੇ ਆਪਣੇ ਕੰਮ ਨੂੰ ਚਲੇ ਜਾਂਦੇ। ਮਾਂ ਦਾ ਅਪਰੇਸ਼ਨ ਹੋ ਗਿਆ ਤੇ ਗੁਰਦਾ ਕੱਢ ਦਿੱਤਾ ਗਿਆ। ਸ਼ਾਮ ਨੂੰ ਮਾਂ ਨੂੰ ਹੋਸ਼ ਆ ਗਈ। ਉਹ ਅੱਖਾਂ ਖੋਲ੍ਹ ਕੇ ਸਾਨੂੰ ਦੇਖ ਰਹੀ ਸੀ। ਮਾਂ ਨੇ ਮੇਰਾ ਹੱਥ ਫੜ ਕੇ ਘੁੱਟ ਲਿਆ ਤੇ ਕਾਫ਼ੀ ਦੇਰ ਫੜੀ ਰੱਖਿਆ। ਦੂਜੇ ਦਿਨ ਮੈਂ ਤੇ ਮੇਰੇ ਤਾਏ ਦਾ ਮੁੰਡਾ ਘਰ ਆ ਗਏ। ਰੋਟੀ ਖਾਣ ਮਗਰੋਂ ਅਸੀਂ ਫੇਰ ਹਪਸਤਾਲ ਜਾਣ ਲਈ ਤਿਆਰ ਹੋ ਗਏ। ਥੋੜ੍ਹੇ ਚਿਰ ਮਗਰੋਂ ਸਾਡੀ ਭਾਬੀ ਰੋਟੀ ਬਣਾਉਂਦੀ ਹੋਈ ਰਸੋਈ ’ਚੋਂ ਬਾਹਰ ਆ ਗਈ ਤੇ ਕਹਿਣ ਲੱਗੀ, ‘‘ਭਾਈ ਹੁਣ ਤੁਸੀਂ ਵੱਡੇ ਹੋ ਗਏ ਹੋ। ਤੁਸੀਂ ਆਪਣੇ ਕੱਪੜੇ ਆਪ ਧੋਇਆ ਕਰੋ। ਮੈਥੋਂ ਤੁਹਾਡੇ ਕੱਪੜੇ ਨਹੀਂ ਧੋਤੇ ਜਾਂਦੇ।’’ ਛੋਟਾ ਭਰਾ ਤੇ ਭੈਣ ਕੋਲ ਹੀ ਖੜ੍ਹੇ ਸਨ। ਅਜੇ ਚਾਰ ਕੁ ਦਿਨ ਹੋਏ ਸਨ ਮਾਂ ਨੂੰ ਘਰੋਂ ਗਿਆਂ। ਅੱਜ ਮਨ ਨੂੰ ਲੱਗਿਆ ਕਿ ਅਸੀਂ ਹੁਣ ਛੋਟੇ ਨਹੀਂ ਰਹੇ ਸਗੋਂ ਵੱਡੇ ਹੋ ਗਏ ਹਾਂ। ਛੋਟਾ ਭਰਾ ਆਖਣ ਲੱਗਿਆ, ‘‘ਵੀਰ ਤੁਸੀਂ ਜਾਓ ਅਸੀਂ ਦੋਵੇਂ ਭੈਣ ਭਰਾ ਕੱਪੜੇ ਧੋ ਲਵਾਂਗੇ।’’ ਤਾਏ ਦਾ ਮੁੰਡਾ ਕੁਝ ਨਾ ਬੋਲਿਆ। ਮੈਂ ਤੇ ਮੇਰੇ ਤਾਏ ਦਾ ਮੁੰਡਾ ਸਕੂਟਰ ਚੁੱਕ ਕੇ ਥੋੜ੍ਹੀ ਦੇਰ ਬਾਅਦ ਹਸਪਤਾਲ ਪਹੁੰਚ ਗਏ।
ਸ਼ਾਮ ਨੂੰ ਮੇਰੇ ਤਾਏ ਦੇ ਮੁੰਡੇ ਨੇ ਘਰ ਜਾਣ ਦੀ ਇੱਛਾ ਪ੍ਰਗਟਾਈ ਤਾਂ ਮੈਂ ਕਿਹਾ, ‘‘ਵੀਰ ਜੀ, ਤੁਸੀਂ ਚਲੇ ਜਾਓ ਮੈਂ ਇੱਥੇ ਮਾਂ ਕੋਲ ਰਹਿੰਦਾ ਹਾਂ।’’ ਮੇਰਾ ਘਰ ਜਾਣ ਨੂੰ ਰਤਾ ਮਨ ਨਹੀਂ ਕਰ ਰਿਹਾ ਸੀ। ਕੁਝ ਦਿਨ ਹਸਪਤਾਲ ਰਹਿਣ ਮਗਰੋਂ ਮਾਂ ਘਰ ਆ ਗਈ। ਦੂਜੇ ਦਿਨ ਭਾਬੀ ਤੇ ਵੀਰ ਆਪਣੇ ਘਰ ਚਲੇ ਗਏ। ਅਸੀਂ ਤਿੰਨੋਂ ਭੈਣ ਭਰਾ ਆਪਣੀ ਮਾਂ ਨੂੰ ਮੰਜੇ ਤੋਂ ਉੱਠਣ ਨਾ ਦਿੰਦੇ। ਉਹ ਦੱਸੀ ਜਾਂਦੀ ਅਸੀਂ ਕੰਮ ਕਰੀ ਜਾਂਦੇ। ਸਾਨੂੰ ਕੰਮ ਕਰਦਿਆਂ ਦੇਖ ਕੇ ਉਸ ਦੀਆਂ ਅੱਖਾਂ ਕਈ ਵਾਰ ਨਮ ਹੋਈਆਂ। ਹੌਲੀ-ਹੌਲੀ ਮਾਂ ਤੁਰਨ ਫਿਰਨ ਲਗ ਪਈ। ਕੁਝ ਚਿਰ ਮਗਰੋਂ ਉਸ ਨੇ ਆਪਣਾ ਕੰਮ ਸਾਂਭ ਲਿਆ। ਅਸੀਂ ਆਪਣੇ ਕੱਪੜੇ ਧੋਣ ਦੀ ਕੋਸ਼ਿਸ਼ ਕਰਨੀ ਤਾਂ ਉਸ ਨੇ ਸਾਥੋਂ ਕੱਪੜੇ ਖੋਹ ਲੈਣੇ। ਉਸ ਨੇ ਕਿਹਾ ਕਿ ਬੱਚੇ ਭਾਵੇਂ ਕਿੱਡੇ ਵੱਡੇ ਹੋ ਜਾਣ ਮਾਪਿਆਂ ਲਈ ਤਾਂ ਨਿਆਣੇ ਹੀ ਹੁੰਦੇ ਨੇ। ਜਦੋਂ ਅਸੀਂ ਭਾਬੀ ਵਾਲੀ ਗੱਲ ਆਖੀ ਤਾਂ ਉਸ ਨੇ ਕਿਹਾ, ‘‘ਜਦੋਂ ਉਸ ਦੇ ਬੱਚੇ ਹੋ ਜਾਣਗੇ ਉਸ ਨੂੰ ਆਪੇ ਪਤਾ ਲੱਗ ਜਾਵੇਗਾ।’’ ਭਾਵੇਂ ਮਾਂ ਗੁਜ਼ਰੀ ਨੂੰ ਦੋ ਦਹਾਕੇ ਹੋ ਗਏ ਹਨ, ਪਰ ਹੁਣ ਜਦੋਂ ਮਾੜਾ ਮੋਟਾ ਦੁੱਖ ਆਉਂਦਾ ਹੈ ਤਾਂ ਮੂੰਹੋਂ ਮਾਂ ਹੀ ਨਿਕਲਦਾ ਹੈ। ਹੁਣ ਬੱਚੇ ਵਿਦੇਸ਼ਾਂ ਵਿਚ ਆਹਰ ਲੱਗੇ ਹੋਏ ਹਨ। ਪਤਨੀ ਨੂੰ ਕਈ ਵਾਰ ਉੱਥੇ ਜਾਣਾ ਪੈਂਦਾ ਹੈ। ਜਦੋਂ ਘਰ ਵਿਚ ਇਕੱਲਾ ਰਹਿ ਜਾਂਦਾ ਹਾਂ ਤਾਂ ਕਈ ਵਾਰ ਸੋਚਦਾ ਹਾਂ ਜਿਵੇਂ ਪੰਜਾਬ ਤੋਂ ਹਰ ਸਾਲ ਲੱਖਾਂ ਬੱਚੇ ਵਿਦੇਸ਼ਾਂ ਵਿਚ ਜਾ ਰਹੇ ਹਨ ਤਾਂ ਇਨ੍ਹਾਂ ਦੇ ਮਾਪਿਆਂ ਦਾ ਹੁਣ ਕੌਣ ਸਹਾਈ ਹੋਵੇਗਾ। ਸਾਡੇ ਮਾਪਿਆਂ ਵਾਂਗ ਹੋਰਾਂ ਨੇ ਵੀ ਆਪਣੇ ਲਾਡਲਿਆਂ ਨੂੰ ਪਾਲਣ ਲਈ ਕਈ ਕਸ਼ਟ ਸਹੇ ਹੋਣਗੇ, ਹੁਣ ਉਨ੍ਹਾਂ ਦੇ ਦੁੱਖ ਕੌਣ ਸੁਣੇਗਾ?
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback