Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕੋਰੋਨਾ ਸੰਕਟ: ਸਿੱਖੀ ਦੇ ਸੇਵਾ ਸਿਧਾਂਤ ਦਾ ਹੋਇਆ ਪੂਰਾ ਵਿਸ਼ਵ ਕਾਇਲ
ਸਾਲ 2020 ਨੂੰ ਮਨੁੱਖੀ ਇਤਿਹਾਸ ਵਿੱਚ ਰਹਿੰਦੀ ਦੁਨੀਆਂ ਤੱਕ ਚੰਗੇ-ਮੰਦੇ ਦੋਹਾਂ ਰੂਪਾਂ ਵਿੱਚ ਯਾਦ ਕੀਤਾ ਜਾਵੇਗਾ। ਇਸ ਵਰ੍ਹੇ ਨੂੰ ਕਿਸੇ ਵਿਗਿਆਨਕ ਖੋਜ ਜਾਂ ਮਨੁੱਖ ਵੱਲੋਂ ਮਾਰੇ ਕਿਸੇ ਮਾਅਰਕੇ ਕਰਕੇ ਨਹੀਂ ਸਗੋਂ ਉਸ ਵਲੋਂ ਆਪਣੀ ਹੀ ਤਬਾਹੀ ਲਈ ਤਿਆਰ ਕੀਤੇ ਗਏ ਵਿਸ਼ਾਣੂ ਕੋਰੋਨਾ ਕਰਕੇ ਯਾਦ ਕੀਤਾ ਜਾਵੇਗਾ ਜੋ ਪੂਰੀ ਦੁਨੀਆਂ ਲਈ ਮਹਾਂਮਾਰੀ ਸਾਬਤ ਹੋ ਰਿਹੈ। ਇਸ ਦੇ ਕਾਰਨ ਸਾਹਮਣੇ ਆ ਰਹੀਆਂ ਸੁਆਰਥੀ ਅਤੇ ਸਰਬੱਤ ਦੇ ਭਲੇ ਦੀਆਂ ਦੋ ਫ਼ਿਤਰਤਾਂ ਦੀਆਂ ਕਹਾਣੀਆਂ ਲੋਕ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੁਣਾਇਆ ਕਰਨਗੇ। ਇੱਕ ਫਿਤਰਤ ਉਹ ਜੋ ਇਸ ਪਦਾਰਥਵਾਦੀ ਯੁੱਗ ਵਿੱਚ ਅਤਿ ਦੇ ਸਵਾਰਥ ਦੀ ਵਿਕਸਤ ਹੋਈ ਅਤੇ ਦੂਜੀ ਜੋ ਪੰਦਰਵੀਂ ਸਦੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵ ਸੇਵਾ ਦੀ ਇਸ ਸਮਾਜ ਨੂੰ ਦਿੱਤੀ। ਗੁਰੂ ਨਾਨਕ ਸਾਹਿਬ ਨੇ ਜਿਹੜਾ ਪੰਥ ਚਲਾਇਆ ਉਸ 'ਤੇ ਚੱਲਣ ਵਾਲੇ ਪਾਂਧੀਆਂ ਨੇ ਆਪਣੇ ਗੁਰੂ ਦੇ ਦੱਸੇ ਸਰਬੱਤ ਦੇ ਭਲੇ ਦੇ ਮਾਰਗ 'ਤੇ ਚਲਦਿਆਂ 2020 ਦੇ ਇਸ ਵਰ੍ਹੇ ਵਿੱਚ ਆਈ ਮਾਨਵ ਖਾਣੀ ਕੋਰੋਨਾ ਮਹਾਂਮਾਰੀ ਦੇ ਸੰਕਟ ਵਿਚ ਫਸੀ ਲੁਕਾਈ ਦੀ ਨਿਰਸਵਾਰਥ ਤੇ ਬਿਨਾਂ ਜਾਤੀ/ਧਰਮ ਦੇ ਵਿਤਕਰੇ ਤੋਂ ਸੇਵਾ ਕੀਤੀ, ਜਿਸ ਨਾਲ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਪੂਰੀ ਦੁਨੀਆਂ ਵਿੱਚ ਗਿਆ। ਉੱਥੇ ਹੀ ਮਨੁੱਖੀ ਚਰਿੱਤਰ ਦਾ ਦੂਜਾ ਨਾਂਹਪੱਖੀ ਰੂਪ ਵੀ ਵੇਖਣ ਨੂੰ ਮਿਲਿਆ ਹੈ। ਭਾਵੇਂ ਡਰ ਨਾਲ ਹੀ ਸਹੀ ਪਰ ਚਾਂਵਾਂ ਨਾਲ ਪਾਲੇ ਪੁੱਤਰ-ਧੀਆਂ ਆਪਣੇ ਬਿਮਾਰ ਮਾਤਾ-ਪਿਤਾ ਤੋਂ ਭੱਜਦੇ ਨਜ਼ਰ ਆਏ, ਮਾਵਾਂ ਬਿਮਾਰ ਪੁੱਤਾਂ-ਧੀਆਂ ਤੋਂ ਦੂਰੀ ਬਣਾਉਂਦੇ ਦਿੱਸੇ, ਭਰਾ-ਭਰਾ ਜਾਂ ਭੈਣ-ਭਰਾ ਸਾਰੇ ਰਿਸ਼ਤਿਆਂ ਦੀ ਪਾਕੀਜ਼ਗੀ ਜੋ ਕਿ ਅਸੀਂ ਆਦਿ ਕਾਲ ਤੋਂ ਪੜ੍ਹਦੇ ਜਾਂ ਸੁਣਦੇ ਆ ਰਹੇ ਸੀ, ਪਲਾਂ ਵਿੱਚ ਹੀ ਕਾਫੂਰ ਹੋ ਗਈ। ਇਥੋਂ ਤੱਕ ਕਿ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੇ ਲਾਸ਼ਾਂ ਤੱਕ ਨਹੀਂ ਸੰਭਾਲੀਆਂ, ਸਸਕਾਰ ਵੀ ਆਪਣੇ ਹੱਥੀਂ ਨਹੀਂ ਕੀਤੇ।
ਭਾਵੇਂ ਮਨੁੱਖਤਾ ਦਾ ਇਹ ਨਾਂਹਪੱਖੀ ਕਿਰਦਾਰ ਮੁਆਫ ਕਰਨਯੋਗ ਤਾਂ ਨਹੀਂ ਹੈ ਪਰ ਇਹ ਮਨੁੱਖੀ ਚੰਗਿਆਈਆਂ ਦੇ ਸਾਹਮਣੇ ਤੁੱਛ ਸਾਬਤ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਅੱਜ ਬਹੁਤ ਸਾਰੇ ਲੋਕਾਂ ਦੁਆਰਾ ਦੁੱਖੀ ਲੋਕਾਈ ਦੀ ਸੇਵਾ ਲਈ ਦਿਨ-ਰਾਤ ਇਕ ਕੀਤੇ ਹੋਏ ਹਨ, ਉਸ ਨੇ ਮਾਨਵਤਾ ਦੀ ਇੱਕਜੁਟਤਾ ਦੇ ਕਿਰਦਾਰ ਨੂੰ ਵੀ ਸਾਹਮਣੇ ਲਿਆਂਦਾ ਹੈ ਤੇ ਸਦੀਆਂ ਤੋਂ ਧਰਮਾਂ ਤੇ ਨਸਲਾਂ ਦੇ ਚਲੇ ਆ ਰਹੇ ਭੇਦਭਾਵਾਂ ਨੂੰ ਵੀ ਮਿਟਾਇਆ ਹੈ। ਇਸ ਮੁਸੀਬਤ ਦੀ ਘੜੀ ਵਿੱਚ ਲੋਕਾਂ ਦੀ ਸੇਵਾ ਵਿੱਚ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਲੱਗੀਆਂ ਹੋਈਆਂ ਹਨ ਪਰ ਇਸ ਦੌਰਾਨ ਸਿੱਖ ਭਾਈਚਾਰੇ ਨੇ ਪੂਰੀ ਦੁਨੀਆਂ ਵਿੱਚ ਜਿਸ ਪ੍ਰਕਾਰ ਦੁਖੀ ਲੋਕਾਂ ਦੀ ਬਾਂਹ ਨੂੰ ਫੜਿਆ ਹੈ, ਉਸ ਨੇ ਪੂਰੇ ਵਿਸ਼ਵ ਨੂੰ ਕਾਇਲ ਕਰਕੇ ਰੱਖ ਦਿੱਤਾ ਹੈ। ਉਹ ਵੀ ਉਹਨਾਂ ਲੋਕਾਂ ਨੇ ਜਿਹਨਾਂ ਦੀ ਗਿਣਤੀ ਹਿੰਦੋਸਤਾਨ ਵਿੱਚ ਸਿਰਫ 2 ਫੀਸਦੀ ਤੋਂ ਵੀ ਘੱਟ ਹੈ ਤੇ ਪੂਰੀ ਦੁਨੀਆਂ ਵਿੱਚ ਤਾਂ ਇਹ ਕੌਮ ਬਹੁਤ ਹੀ ਘੱਟ ਗਿਣਤੀ ਵਿੱਚ ਹੈ। ਅਮਰੀਕਾ ਜੋ ਕਿ ਦੁਨੀਆਂ ਦਾ ਇਕ ਤਾਕਤਵਰ ਮੁਲਕ ਹੈ, ਪਰ ਕੋਰੋਨਾ ਦਾ ਪ੍ਰਕੋਪ ਉਸ ਉਤੇ ਵੀ ਇਕ ਕਹਿਰ ਬਣ ਕੇ ਟੁੱਟਿਆ ਹੈ। ਨਿਊਯਾਰਕ ਜੋ ਦੁਨੀਆ ਦਾ ਸਭ ਤੋਂ ਅਤਿ ਆਧੁਨਿਕ ਸ਼ਹਿਰ ਹੈ, ਅੱਜ ਇਕ ਕਬਰਿਸਤਾਨ ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਹੋਰ ਸ਼ਹਿਰਾਂ ਵਿੱਚ ਵੀ ਇਸੇ ਪ੍ਰਕਾਰ ਲਾਸ਼ਾਂ ਦੇ ਢੇਰ ਨਜ਼ਰ ਆ ਰਹੇ ਹਨ। ਕਹਿ ਸਕਦੇ ਹਾਂ ਕਿ ਇਸ ਬਿਮਾਰੀ ਅੱਗੇ ਅਮਰੀਕੀ ਪ੍ਰਬੰਧ ਦੇ ਵੀ ਹੱਥ ਖੜ੍ਹੇ ਹੋ ਗਏ ਹਨ। ਪਰ ਉਥੇ ਵੀ ਜਿਸ ਤਰ੍ਹਾਂ ਸਿੱਖਾਂ ਦੁਆਰਾ ਮਾਨਵ ਸੇਵਾ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ, ਉਹ ਆਉਣ ਵਾਲੇ ਸਮੇਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਉਥੇ ਸਥਿਤ ਗੁਰਦੁਆਰਿਆਂ ਵਿੱਚੋਂ ਲੰਗਰ ਤਿਆਰ ਕਰ ਕੇ ਉਥੋਂ ਦੇ ਲੋਕਾਂ ਨੂੰ ਛਕਾਇਆ ਜਾ ਰਿਹਾ ਹੈ। ਅਮਰੀਕੀ ਸਰਕਾਰ ਦੁਆਰਾ ਸਿੱਖਾਂ ਵਲੋਂ ਕੀਤੇ ਜਾ ਰਹੇ ਇਸ ਕਾਰਜ ਲਈ ਧੰਨਵਾਦ ਕੀਤਾ ਜਾ ਰਿਹਾ ਹੈ। ਉਥੋਂ ਦੀ ਪੁਲਿਸ ਇਸ ਕਾਰਜ ਲਈ ਧੰਨਵਾਦ ਕਰਨ ਲਈ ਉਚੇਚੇ ਤੌਰ 'ਤੇ ਗੁਰਦੁਆਰਿਆਂ ਵਿੱਚ ਪਹੁੰਚ ਰਹੀ ਹੈ। ਅਜਿਹਾ ਨਹੀਂ ਹੈ ਕਿ ਅਜਿਹਾ ਅਮਰੀਕਾ ਵਿੱਚ ਹੀ ਹੋ ਰਿਹਾ ਹੈ, ਹੋਰਨਾਂ ਪੱਛਮੀ ਮੁਲਕਾਂ ਵਿੱਚ ਵੀ ਸਿੱਖ ਜਥੇਬੰਦੀਆਂ ਦੁਆਰਾ ਬਾਬਾ ਨਾਨਕ ਦੀ ਲੰਗਰ ਦੀ ਪ੍ਰੰਪਰਾ ਨੂੰ ਅੱਗੇ ਤੋਰਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਸਿੱਖ ਉਥੋਂ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਇਸ ਦੀ ਵੱਡੀ ਮਿਸਾਲ ਫੈਸਲਾਬਾਦ ਦੇ ਗੁਰਮੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਦੁਆਰਾ ਹਜ਼ਾਰਾਂ ਦੀ ਗਿਣਤੀ ਵਿੱਚ ਦਿਹਾੜੀਦਾਰਾਂ ਅਤੇ ਹੋਰ ਗਰੀਬ ਜਨਤਾ ਨੂੰ ਭੋਜਨ ਤਕਸੀਮ ਕਰਕੇ ਪੇਸ਼ ਕੀਤੀ ਜਾ ਰਹੀ ਹੈ। ਪਾਕਿਸਤਾਨੀ ਮੀਡੀਏ ਵੱਲੋਂ ਇਸ ਸਿੱਖ ਪਰਿਵਾਰ ਦੀਆਂ ਵਿਸ਼ੇਸ਼ ਰਿਪੋਰਟਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਅਤੇ ਉਪਮਾ ਕੀਤੀ ਜਾ ਰਹੀ ਹੈ।
ਭਾਰਤ ਜੋ ਕਿ ਸਿੱਖਾਂ ਦੀ ਜਨਮ ਤੇ ਕਰਮਭੂਮੀ ਹੈ, ਵਿੱਚ ਤਾਂ ਸਿੱਖ ਭਾਈਚਾਰਾ ਗਰੀਬ ਲੋਕਾਂ ਦੀ ਸਹਾਇਤਾ ਲਈ ਦਿਨ-ਰਾਤ ਇਕ ਕਰ ਰਿਹਾ ਹੈ, ਉਸ ਦੀ ਪ੍ਰਸ਼ੰਸਾ ਕਰਨ ਵਿੱਚ ਰਾਸ਼ਟਰੀ ਮੀਡੀਆ ਵੀ ਪਿੱਛੇ ਨਹੀਂ ਹੈ। ਇੰਡੀਆ ਟੀ ਵੀ ਦੇ ਰਜਤ ਸ਼ਰਮਾ ਨੇ ਨਾ ਸਿਰਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਬਲਕਿ ਉਹਨਾਂ ਨੇ ਲੰਗਰ ਦੀ ਸੇਵਾ ਵਿੱਚ 11 ਲੱਖ ਰੁਪਏ ਦਾ ਆਪਣੇ ਵੱਲੋਂ ਯੋਗਦਾਨ ਵੀ ਪਾਇਆ। ਇਸੇ ਪ੍ਰਕਾਰ ਐਨ. ਡੀ. ਟੀ ਵੀ ਦੇ ਰਵੀਸ਼ ਕੁਮਾਰ ਤੋਂ ਇਲਾਵਾ ਰਿਪਬਲਿਕ ਇੰਡੀਆ, ਜ਼ੀ ਟੀ ਵੀ, ਆਜ ਤੱਕ ਵਰਗੇ ਵੱਡੇ ਚੈਨਲਾਂ ਨੇ ਵੀ ਸਿੱਖਾਂ ਦੇ ਇਹਨਾਂ ਉਦਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਰਿਪੋਰਟਾਂ ਦਿਖਾਈਆਂ। ਜਦੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾਂ ਦੀ ਤਰ੍ਹਾਂ ਦਿਲ ਖੋਲ੍ਹ ਕੇ ਸਭ ਧਰਮਾਂ/ਜਾਤੀਆਂ ਦੇ ਲੋਕਾਂ ਨੂੰ ਗਲੀ-ਗਲੀ, ਘਰ-ਘਰ ਲੰਗਰ ਵਰਤਾਉਣਾ ਸ਼ੁਰੂ ਕੀਤਾ, ਜਿਸ ਉਤੇ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਦਿੱਲੀ ਕਮੇਟੀ ਨੂੰ ਪੈਸਾ ਸੋਚ ਸਮਝ ਕੇ ਖਰਚਣਾ ਚਾਹੀਦਾ ਹੈ ਕਿਉਂਕਿ ਇਸ ਆਫਤ ਨੇ ਪਤਾ ਨਹੀਂ ਕਿੰਨੀ ਦੇਰ ਚੱਲਣਾ ਹੈ। ਪਰ ਉਹ ਲੋਕ ਇਹ ਗੱਲ ਭੁੱਲ ਗਏ ਕਿ ਇਹ ਤਾਂ ਗੁਰੂ ਨਾਨਕ ਸਾਹਿਬ ਵਲੋਂ ਖਰਚੇ 20 ਰੁਪਏ ਦੀਆਂ ਬਰਕਤਾਂ ਹਨ। ਗੁਰੂ ਸਾਹਿਬ ਉਸ ਸਮੇਂ ਵੀਹ ਰੁਪਏ ਦੀ ਪ੍ਰਵਾਹ ਕਰਦੇ ਤਾਂ ਸ਼ਾਇਦ ਅੱਜ ਗੁਰੂ ਘਰਾਂ ਵਿਚੋਂ ਮਾਨਵਤਾ ਦੀ ਸੇਵਾ ਲਈ ਲੰਗਰ ਨਾ ਚੱਲਦੇ ਹੁੰਦੇ। ਅੱਜ ਦਿੱਲੀ ਕਮੇਟੀ ਦੇ ਇਨ੍ਹਾਂ ਯਤਨਾਂ ਵਿੱਚ ਦੇਸ਼/ਵਿਦੇਸ਼ਾਂ ਤੋਂ ਸਿਰਫ ਸਿੱਖ ਹੀ ਨਹੀਂ ਬਲਕਿ ਦੂਜੇ ਧਰਮਾਂ ਦੇ ਲੋਕ ਵੀ ਯੋਗਦਾਨ ਪਾ ਰਹੇ ਹਨ। ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੋਕ ਇਨ੍ਹਾਂ ਕੋਸ਼ਿਸ਼ਾਂ ਵਿੱਚ ਆਪਣੀ ਸਾਰਥਿਕ ਭੂਮਿਕਾ ਨਿਭਾ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ ਲੰਗਰ ਦਾ ਪ੍ਰਬੰਧ ਹੀ ਨਹੀਂ ਕੀਤਾ ਬਲਕਿ ਡਾਕਟਰਾਂ, ਨਰਸਾਂ ਅਤੇ ਹੋਰ ਹੈਲਥ ਕਰਮੀਆਂ ਜਿਹਨਾਂ ਦੇ ਨਿਵਾਸ ਸਥਾਨ ਹਸਪਤਾਲਾਂ ਤੋਂ ਦੂਰ ਸਨ ਜਾਂ ਜਿਹੜੇ ਲੋਕਾਂ ਨੂੰ ਮਕਾਨ ਮਾਲਕਾਂ ਨੇ ਕੋਰੋਨਾ ਵਾਇਰਸ ਡਰੋਂ ਮਕਾਨ ਖਾਲੀ ਕਰਨ ਲਈ ਕਹਿ ਦਿੱਤਾ ਸੀ, ਵਾਸਤੇ ਆਪਣੀਆਂ ਸਰਾਵਾਂ ਖੋਲ੍ਹ ਦਿੱਤੀਆਂ। ਅਜਿਹਾ ਨਹੀਂ ਹੈ ਕਿ ਸਿੱਖਾਂ ਦੇ ਇਹ ਉਪਰਾਲੇ ਸਿਰਫ ਦਿੱਲੀ ਤੱਕ ਹੀ ਸੀਮਤ ਹਨ, ਹੋਰਨਾਂ ਸੂਬਿਆਂ ਖਾਸ ਕਰਕੇ ਪੰਜਾਬ ਵਿੱਚ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਸੇ ਪ੍ਰਕਾਰ ਪ੍ਰਵਾਸੀ ਮਜ਼ਦੂਰਾਂ, ਗਰੀਬਾਂ , ਰੇਹੜੀ ਰਿਕਸ਼ਾ ਵਾਲਿਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਬੇਸ਼ੱਕ ਲੋਕਾਂ ਦੀ ਹਿਫਾਜ਼ਤ ਲਈ ਗੁਰੂਘਰਾਂ ਨੂੰ ਬੰਦ ਕੀਤਾ ਹੋਇਆ ਹੈ ਪਰ ਲੰਗਰ ਦੀ ਕਿਸੇ ਨੂੰ ਕਮੀ ਨਹੀਂ ਹੋਣ ਦਿੱਤੀ ਜਾ ਰਹੀ ਅਤੇ ਨਾ ਹੀ ਹੋਣ ਦਿੱਤੀ ਜਾਵੇਗੀ।
ਮੈਨੂੰ ਇਸ ਗੱਲ 'ਤੇ ਮਾਣ ਹੋ ਰਿਹਾ ਹੈ ਕਿ ਸਿੱਖ ਕੌਮ ਜਿਸ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇਕ ਸਮੇਂ ਅਤਿਵਾਦੀ ਦੇ ਤੌਰ 'ਤੇ ਪ੍ਰਚਾਰਿਆ ਜਾ ਰਿਹਾ ਸੀ ਅਤੇ ਉਸ ਦਾ ਅਕਸ ਖਰਾਬ ਕੀਤਾ ਜਾ ਰਿਹਾ ਸੀ, ਅੱਜ ਉਹ ਰੈਡ ਕਰਾਸ ਦਾ ਦੂਜਾ ਰੋਲ ਮਾਡਲ ਬਣ ਰਹੇ ਹਨ ਅਤੇ ਉਹ ਦਿੱਲੀ ਵਿੱਚ ਸਿਰਫ ਮਜ਼ਦੂਰ ਜਮਾਤ ਨੂੰ ਹੀ ਨਹੀਂ ਬਲਕਿ ਮਜਬੂਰ ਲੋਕਾਂ, ਪੁਲਿਸ ਮੁਲਾਜ਼ਮਾਂ, ਸਿਹਤ ਤੇ ਸਫਾਈ ਕਰਮਚਾਰੀਆਂ ਤੱਕ ਵੀ ਲੰਗਰ ਪਹੁੰਚਾ ਰਹੇ ਹਨ। ਸਿੱਖਾਂ ਦੀ ਇਸ ਸੇਵਾ ਦਾ ਧੰਨਵਾਦ ਕਰਨ ਲਈ ਦਿੱਲੀ ਪੁਲਿਸ ਨੇ ਆਪਣੀਆਂ ਗੱਡੀਆਂ ਦੇ ਸਾਇਰਨ ਵਜਾਉਂਦੇ ਹੋਏ ਗੁਰਦੁਆਰਾ ਬੰਗਲਾ ਸਾਹਿਬ ਦੀ ਪ੍ਰਕਰਮਾ ਕੀਤੀ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੇ ਸਿੱਖ ਕੌਮ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਇਸ ਮੌਕੇ 'ਤੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਪੂਰੇ ਵਿਸ਼ਵ ਨੂੰ ਇਸ ਬਿਮਾਰੀ ਤੋਂ ਜਲਦੀ ਤੋਂ ਜਲਦੀ ਨਿਜ਼ਾਤ ਦਿਵਾਏ। ਆਖਿਰ ਵਿੱਚ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਸਲੂਟ ਕਰਦੇ ਹਾਂ ਜਿਹੜੇ ਇਸ ਲੜਾਈ ਵਿੱਚ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਸਿੱਖ ਭਾਈਚਾਰਾ ਅੱਜ ਪੂਰੀ ਮਾਨਵ ਜਾਤੀ ਨਾਲ ਖੜ੍ਹਾ ਹੈ ਅਤੇ ਜਦੋਂ ਕਦੇ ਵੀ ਦੇਸ਼ ਨੂੰ ਉਸ ਦੀ ਲੋੜ ਹੋਵੇਗੀ, ਉਹ ਹਮੇਸ਼ਾਂ ਹੀ ਆਪਣੇ ਵਲੋਂ ਪੂਰਾ ਯੋਗਦਾਨ ਪਾਉਂਦਾ ਰਹੇਗਾ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback