Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਜਦੋ ਮੌੜ ਮਰਿਆ…ਭੁਪਿੰਦਰਵੀਰ ਸਿੰਘ


    
  

Share
  

ਮੌੜ ਇਕ ਅਜਿਹਾ ਇਨਸਾਨ ਸੀ ਜਿਸ ਦੀ ਮੌਤ ਬਹੁਤ ਦੁਖਦਾਈ ਸੀ। ਪਹਿਲਾ ਵੱਡਾ ਕਾਰਨ ਇਹ ਸੀ ਕਿ ਉਸ ਦਾ ਜਿਉਂਦੇ ਜੀਅ ਸਰਕਾਰੀ ਹਸਪਤਾਲ ਵਿਚ ਮਾੜੇ ਪ੍ਰਬੰਧਕੀ ਢਾਂਚੇ ਕਾਰਨ ਇਲਾਜ ਨਾ ਹੋਇਆ ਅਤੇ ਦੂਜਾ ਕਾਰਨ ਇਹ ਸੀ ਕਿ ਉਸ ਦੀ ਮੌਤ ਤੋਂ ਬਾਅਦ ਵੀ ਉਸ ਦੀ ਲਾਸ਼ ਦਾ ਬਾਰਾਂ ਘੰਟੇ ਨਿੱਜੀ ਹਸਪਤਾਲ ਵਿਚ ਇਲਾਜ ਚੱਲਿਆ ਜੋ ਉਸ ਦੇ ਗ਼ਰੀਬ ਪਰਿਵਾਰ ਨੂੰ 75,000 ਰੁਪਏ ਵਿਚ ਪਿਆ।
ਮੌੜ ਦੀ ਉਮਰ ਮਹਿਜ਼ 36 ਕੁ ਸਾਲ, ਕੱਦ 6 ਫੁੱਟ ਅਤੇ ਭਾਰ ਤਕਰੀਬਨ 95 ਕਿਲੋਗਰਾਮ ਸੀ। ਬਚਪਨ ਵਿਚ ਹੀ ਉਸ ਦੇ ਤਕੜੇ ਸਰੀਰ ਅਤੇ ਚੁਸਤੀ ਫੁਰਤੀ ਕਾਰਨ ਉਸ ਦਾ ਨਾਮ ਹਾਸੇ ਹਾਸੇ ਵਿਚ ਮੌੜ ਪੱਕ ਗਿਆ ਸੀ। ਉਹ ਚਾਰ ਭੈਣਾਂ ਦਾ ਇਕੱਲਾ ਭਰਾ ਸੀ। ਗ਼ਰੀਬੀ ਤੇ ਵੱਡੀ ਕਬੀਲਦਾਰੀ ਕਾਰਨ ਬਾਰ੍ਹਵੀਂ ਪਾਸ ਕਰਨ ਉਪਰੰਤ ਉਹ ਇਕ ਕੌਮਾਂਤਰੀ ਸੰਸਥਾ ਵਿਚ ਮਹਿਜ਼ 3,500 ਰੁਪਏ ’ਤੇ ਇਸ ਆਸ ਨਾਲ ਨੌਕਰੀ ਲੱਗ ਗਿਆ ਸੀ ਕਿ ਉਸ ਸੰਸਥਾ ਵਿਚ ਪੰਦਰਾਂ ਸਾਲ ਲਗਾਤਾਰ ਕੰਮ ਕਰਨ ਵਾਲੇ ਨੂੰ ਬਾਅਦ ਵਿਚ ਪੱਕਾ ਕਰ ਦਿੱਤਾ ਜਾਂਦਾ ਸੀ, ਫਿਰ ਤਨਖ਼ਾਹ 3,500 ਤੋਂ ਸਿੱਧੀ 20,000 ਟੱਪ ਜਾਂਦੀ ਸੀ ਅਤੇ ਬਾਕੀ ਹੋਰ ਭੱਤੇ ਤੇ ਲਾਭ ਪੱਕੇ ਮੁਲਾਜ਼ਮਾਂ ਵਾਲੇ ਮਿਲਣ ਲੱਗ ਜਾਂਦੇ ਸੀ। ਉਹਆਪਣੀ ਨੌਕਰੀ ਦੇ ਨਾਲ ਨਾਲ ਘਰੇਲੂ ਅਤੇ ਖੇਤ ਦਾ ਥੋੜ੍ਹਾ ਬਹੁਤ ਕੰਮ ਵੀ ਖ਼ੁਦ ਹੀ ਕਰਦਾ ਸੀ। ਇਸ ਕਾਰਨ ਥਕਾਵਟ ਦੂਰ ਕਰਨ ਦੇ ਚੱਕਰਾਂ ਵਿਚ ਉਹ ਦਾਰੂ ਪੀਣ ਦਾ ਆਦੀ ਹੋ ਗਿਆ। ਸਮਾਂ ਬੀਤਦਾ ਗਿਆ। ਉਹ ਆਪਣੇ ਕੰਮ ’ਤੇ ਇਮਾਨਦਾਰੀ ਨਾਲ ਜਾਂਦਾ ਰਿਹਾ। ਸਮੇਂ ਨਾਲ ਉਸ ਨੇ ਚਾਰ ਭੈਣਾਂ ਵਿਚੋਂ ਵੱਡੀ ਦਾ ਵਿਆਹ ਕਰ ਦਿੱਤਾ। ਕੁਝ ਸਾਲਾਂ ਬਾਅਦ ਉਸ ਨੇ ਵੀ ਵਿਆਹ ਕਰਵਾ ਲਿਆ। ਸਮਾਂ ਪਾ ਕੇ ਉਸ ਦੇ ਘਰ ਦੋ ਜੌੜੀਆਂ ਧੀਆਂ ਜਨਮੀਆਂ। ਉਨ੍ਹਾਂ ਦੀ ਉਸ ਦੇ ਪਰਿਵਾਰ ਨੇ ਪੂਰੀ ਖ਼ੁਸ਼ੀ ਮਨਾਈ। ਦੋ ਕੁ ਸਾਲ ਬਾਅਦ ਤੀਜੀ ਧੀ ਦੇ ਜਨਮ ’ਤੇ ਵੀ ਖ਼ੁਸ਼ੀ ਮਨਾਈ ਗਈ। ਸਾਲ ਦਰ ਸਾਲ ਵਾਧਾ ਹੋ ਕੇ 10-12 ਸਾਲ ਬਾਅਦ ਉਸ ਦੀ ਤਨਖ਼ਾਹ ਤਕਰੀਬਨ 6,000 ਰੁਪਏ ਹੋ ਗਈ। ਇਸ ਨਾਲ ਪਰਿਵਾਰ ਦੇ ਕੁੱਲ ਨੌਂ ਮੈਂਬਰਾਂ ਦਾ ਗੁਜ਼ਾਰਾ ਠੀਕ ਚੱਲ ਰਿਹਾ ਸੀ। ਉਸ ਨੇ ਕੁਝ ਸਮੇਂ ਬਾਅਦ ਦੂਜੀ ਭੈਣ ਦੇ ਹੱਥ ਵੀ ਪੀਲੇ ਕਰ ਦਿੱਤੇ, ਸਾਲ ਬਾਅਦ ਉਸ ਕੋਲ ਵੀ ਧੀ ਨੇ ਜਨਮ ਲਿਆ। ਸਭ ਵਧੀਆ ਚੱਲ ਰਿਹਾ ਸੀ। ਪੁੱਤਰ ਦੀ ਚਾਹਤ ਵਿਚ ਮੌੜ ਦੇ ਪਰਿਵਾਰ ਨੇ ਅੰਮ੍ਰਿਤ ਪਾਨ ਕਰ ਲਿਆ ਅਤੇ ਗੁਰੂ ਘਰ ਦਿਨ ਰਾਤ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਾਲਾਂ ਬਾਅਦ ਪੁੱਤਰ ਨੇ ਜਨਮ ਲਿਆ ਜਿਸ ਦੀ ਖ਼ੁਸ਼ੀ ਪੂਰੇ ਪਿੰਡ ਨੇ ਵੀ ਮਨਾਈ। ਘਰ ਵਿਚ ਮੁੰਡੇ ਦੇ ਆਉਣ ਕਾਰਨ ਸਭ ਪਾਸੇ ਖ਼ੁਸ਼ੀਆਂ ਸਨ। ਇਕ ਸਾਲ ਬੀਤਣ ਬਾਅਦ ਮੁੰਡੇ ਦੇ ਪਹਿਲੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਅਚਾਨਕ ਉਸ ਦੀ ਵਿਆਹੀ ਹੋਈ ਇਕ ਭੈਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਖ਼ੁਸ਼ੀਆਂ ਗ਼ਮੀ ਵਿਚ ਬਦਲ ਗਈਆਂ। ਸਭ ਨੂੰ ਬਹੁਤ ਸਦਮਾ ਲੱਗਾ। ਮੁੰਡੇ ਦੇ ਜਨਮ ਦਿਨ ਦੇ ਜਸ਼ਨ ਅਗਲੇ ਸਾਲ ’ਤੇ ਪੈ ਗਏ। ਫਿਰ ਸਮਾਂ ਬੀਤਦਾ ਗਿਆ। ਉਹ ਆਪਣੇ ਮਾਪਿਆਂ ਨਾਲ ਮਿਲ ਕੇ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ। ਉਸ ਨੂੰ ਸੰਸਥਾ ਵਿਚ ਕੰਮ ਕਰਦਿਆਂ ਸਾਢੇ ਚੌਦਾਂ ਸਾਲ ਬੀਤ ਗਏ। ਉਸ ਦਾ ਪੱਕੇ ਹੋਣ ਦਾ ਸੁਪਨਾ ਪੂਰਾ ਹੋਣ ਵਿਚ ਸਿਰਫ਼ ਛੇ ਮਹੀਨੇ ਰਹਿੰਦੇ ਸਨ ਜਿਸ ਕਾਰਨ ਉਸ ਦੇ ਪਰਿਵਾਰ ਨੇ ਘਰ ਪਾਉਣ ਅਤੇ ਭਵਿੱਖ ਦੀਆਂ ਹੋਰ ਯੋਜਨਾਵਾਂ ਬਣਾ ਲਈਆਂ। ਸ਼ਰਾਬ ਉਹ ਰੋਜ਼ਾਨਾ ਹੀ ਪੀਂਦਾ ਸੀ ਅਤੇ ਨਾਲ ਨਾਲ ਤੰਬਾਕੂ ਜਿਹੇ ਨਸ਼ੇ ਵੀ ਕਰਦਾ ਸੀ। ਇਕ ਦਿਨ ਅਚਾਨਕ ਮੀਹ ਆਉਣ ਕਾਰਨ ਛੱਤ ਚੋਣ ਲੱਗ ਪਈ। ਉਸ ਨੇ ਕਾਹਲੀ ਵਿਚ ਸਾਮਾਨ ਦਾ ਭਰਿਆ ਬੈੱਡ ਜ਼ੋਰ ਲਗਾ ਕੇ ਇਕੱਲੇ ਨੇ ਹੀ ਇਕ ਪਾਸੇ ਕਰ ਦਿੱਤਾ ਜਿਸ ਕਾਰਨ ਉਸ ਨੂੰ ਰੀੜ੍ਹ ਦੀ ਹੱਡੀ ਦਾ ਦਰਦ ਰਹਿਣ ਲੱਗਿਆ। ਦਰਦ ਜ਼ਿਆਦਾ ਵਧਣ ਕਾਰਨ ਉਸ ਨੇ ਕਦੇ ਕਿਸੇ ਤੇ ਕਦੇ ਕਿਸੇ ਤੋਂ ਮਾਲਿਸ਼ ਕਰਵਾ ਲਈ। ਮਾਲਿਸ਼ ਨਾਲ ਉਸ ਦੀ ਰੀੜ੍ਹ ਦੀ ਹੱਡੀ ਟੇਢੀ ਹੋ ਗਈ ਤੇ ਦਰਦ ਲੱਤਾਂ ਅਤੇ ਪੇਟ ਵਿਚ ਵੀ ਚਲਾ ਗਿਆ। ਉਸ ਨੇ ਇਸ ਨੂੰ ਆਮ ਸਮੱਸਿਆ ਸਮਝ ਕੇ ਗੰਭੀਰਤਾ ਨਾਲ ਨਾ ਲਿਆ ਅਤੇ ਦੁੱਖ ਜ਼ਿਆਦਾ ਵਧ ਗਿਆ। ਉਹ ਅਚਾਨਕ ਦਰਦ ਦੀ ਹਾਲਾਤ ਵਿਚ ਬੇਹੋਸ਼ ਹੋਣ ਲੱਗਿਆ। ਪਰਿਵਾਰ ਨੇ ਨਿੱਜੀ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਮਾਮਲਾ ਗੰਭੀਰ ਦੱਸਿਆ ਅਤੇ ਦਵਾਈ ਸ਼ੁਰੂ ਕਰ ਦਿੱਤੀ। ਮੌੜ ਦਾ ਤੁਰਨਾ ਫਿਰਨਾ ਬੰਦ ਹੋ ਗਿਆ, ਹਾਲਤ ਜ਼ਿਆਦਾ ਖਰਾਬ ਹੋ ਗਈ। ਪਰਿਵਾਰ ਉਸ ਦੀ ਭੈਣ ਦੀ ਮੌਤ ਦੇ ਸਦਮੇ ਵਿਚੋਂ ਹੀ ਨਹੀਂ ਉੱਭਰ ਸਕਿਆ ਸੀ ਕਿ ਜਵਾਨ ਮੁੰਡਾ ਵੀ ਮੰਜੇ ’ਤੇ ਪੈ ਗਿਆ। ਇਕ ਦਿਨ ਅਚਾਨਕ ਉਹ ਘਰੇ ਬੇਸੁਰਤ ਹੋ ਗਿਆ। ਉਸ ਨੂੰ ਕਿਸੇ ਦੀ ਗੱਡੀ ਵਿਚ ਪਾ ਕੇ ਸ਼ਹਿਰ ਉਸੇ ਡਾਕਟਰ ਕੋਲ ਲਿਆਂਦਾ ਗਿਆ ਜਿਸ ਤੋਂ ਇਲਾਜ ਚੱਲਦਾ ਸੀ। ਉਹ ਦੁਪਹਿਰ ਦੋ ਵਜੇ ਬੇਹੋਸ਼ ਹੋਇਆ ਅਤੇ ਤਿੰਨ ਵਜੇ ਡਾਕਟਰ ਕੋਲ ਪਹੁੰਚ ਗਏ। ਅੱਗੋਂ ਡਾਕਟਰ ਦਾ ਕਲੀਨਿਕ ਬੰਦ। ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਸਾਢੇ ਚਾਰ ਤਕ ਉਡੀਕ ਕਰੋ। ਉਡੀਕ ਕਰਨ ਤੋਂ ਬਾਅਦ ਡਾਕਟਰ ਆਇਆ। ਉਸ ਨੇ ਸ਼ਕਲ ਦੇਖ ਕੇ ਹੀ ਕਹਿ ਦਿੱਤਾ ਕਿ ਸਰਕਾਰੀ ਹਸਪਤਾਲ ਲੈ ਜਾਉ ਐਮਰਜੈਂਸੀ ਹੈ। ਗੱਡੀ ਵਿਚ ਪਾ ਕੇ ਸ਼ਾਮ ਪੰਜ ਵਜੇ ਦੇ ਕਰੀਬ ਸਰਕਾਰੀ ਹਸਪਤਾਲ ਪੁੱਜੇ। ਉੱਥੇ ਉਨ੍ਹਾਂ ਨੇ ਥੋੜ੍ਹਾ ਚੈੱਕ ਕਰਕੇ ਐਮਰਜੈਂਸੀ ਵਿਭਾਗ ਵਿਚ ਦਾਖਲ ਕਰ ਲਿਆ। ਉੱਥੇ ਸ਼ਾਮ ਸੱਤ ਵਜੇ ਤਕ ਉਸ ਨੂੰ ਸਿਰਫ਼ ਬੈੱਡ ’ਤੇ ਹੀ ਪਾ ਕੇ ਰੱਖਿਆ, ਕੋਈ ਇਲਾਜ ਨਾ ਕੀਤਾ ਕਿਉਂਕਿ ਉੱਥੇ ਸਿਰਫ਼ ਟਰੇਨੀ ਡਾਕਟਰ ਹੀ ਮੌਜੂਦ ਸਨ। ਕਾਫ਼ੀ ਕਹਿ ਕਹਾ ਕੇ ਉਨ੍ਹਾਂ ਨੇ ਸਿਰਫ਼ ਗੁਲੂਕੋਜ਼ ਹੀ ਲਾਇਆ। ਉਹ ਬਿਨਾਂ ਕਿਸੇ ਟੀਕੇ ਦੇ ਦਰਦ ਨਾਲ ਤੜਪਦਾ ਰਿਹਾ। ਅੱਠ ਵਜੇ ਆਏ ਡਾਕਟਰ ਨੇ ਦੇਖਿਆ ਕਿ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੈ। ਉਸ ਨੇ ਐਕਸ-ਰੇਅ ਅਤੇ ਅਲਟਰਾਸਾਊਂਡ ਫੌਰੀ ਕਰਵਾਉਣ ਲਈ ਕਿਹਾ। ਮਰੀਜ਼ ਨੂੰ ਲਿਜਾਣ ਲਈ 40 ਮਿੰਟ ਬਾਅਦ ਇਕ ਸਟੈਰਚਰ ਮਿਲਿਆ। ਹਸਪਤਾਲ ਦੇ ਅਲਟਰਾਸਾਊਂਡ ਵਿਭਾਗ ਪੁੱਜੇ ਤਾਂ ਅੱਗੋਂ ਜਵਾਬ ਮਿਲਿਆ ਕਿ ਅਲਟਰਾਸਾਊਂਡ ਵਾਲਾ ਕਾਊਂਟਰ ਬੰਦ ਹੋ ਗਿਆ ਹੈ, ਇਸ ਲਈ ਕੱਲ੍ਹ ਹੀ ਸੰਭਵ ਹੈ। ਵਾਪਸ ਵਾਰਡ ਵਿਚ ਆਏ। ਹਾਲਤ ਏਨੇ ਖ਼ਰਾਬ ਹੋ ਗਏ ਕਿ ਹਸਪਤਾਲ ਵਿਚ ਕੋਈ ਇਲਾਜ ਨਹੀਂ ਹੋ ਰਿਹਾ ਸੀ। ਰਾਤ ਭਰ ਉਹ ਦਰਦ ਨਾਲ ਚੀਕਦਾ ਰਿਹਾ। ਉਸ ਨੂੰ ਜ਼ਿਆਦਾ ਬੁਖ਼ਾਰ ਚੜ੍ਹ ਗਿਆ ਅਤੇ ਉਸ ਦੀਆਂ ਅੱਖਾਂ ਚੜ੍ਹ ਗਈਆਂ। ਸਵੇਰੇ ਜਾ ਕੇ ਟਰੇਨੀ ਡਾਕਟਰਾਂ ਨੇ ਉਸ ਨੂੰ ਆਕਸੀਜਨ ਲਾ ਕੇ ਕਿਹਾ, ‘‘ਹਾਲਤ ਖ਼ਰਾਬ ਹੋ ਗਈ ਹੈ। ਅਲਟਰਾਸਾਊਂਡ ਤੋਂ ਬਿਨਾਂ ਦਵਾਈ ਨਹੀਂ ਦਿੱਤੀ ਜਾ ਸਕਦੀ। ਇਨਫੈਕਸ਼ਨ ਹੋਣ ਕਾਰਨ ਦਿਮਾਗ਼ ਨੂੰ ਬੁਖ਼ਾਰ ਚੜ੍ਹ ਗਿਆ ਹੈ। ਬਚਣ ਦੀ ਉਮੀਦ ਨਾ ਦੇ ਬਰਾਬਰ ਹੈ।’’ ਅਲਟਰਾਸਾਊਂਡ ਕਾਊਂਟਰ ਦੀ ਕਤਾਰ ਵਿਚ ਸਵੇਰੇ ਅੱਠ ਵਜੇ ਲੱਗੇ ਅਤੇ ਸਾਢੇ ਨੌਂ ਕਾਊਂਟਰ ਖੁੱਲ੍ਹਿਆ। ਫੀਸ ਜਮ੍ਹਾਂ ਕੀਤੀ ਅਤੇ 10 ਵਜੇ ਦਾ ਸਮਾਂ ਮਿਲਿਆ। ਓਧਰ ਮੌੜ ਦੀ ਹਾਲਤ ਖ਼ਰਾਬ ਹੋ ਗਈ ਤੇ ਸਾਹ ਗਿਣਵੇਂ ਹੀ ਰਹਿ ਗਏ। ਫਿਰ ਵੀ ਕੋਈ ਡਾਕਟਰ ਨੇੜੇ ਨਾ ਆਇਆ ਤਾਂ ਪਰਿਵਾਰ ਵਾਲੇ ਉਸ ਨੂੰ ਬਚਾਉਣ ਖ਼ਾਤਰ ਸਰਕਾਰੀ ਹਸਪਤਾਲ ਵਿਚੋਂ ਫਾਈਲ ਬੰਦ ਕਰਾ ਕੇ ਨੇੜੇ ਹੀ ਇਕ ਨਾਮੀ ਹਸਪਤਾਲ ਵਿਚ ਲੈ ਗਏ। ਨਿੱਜੀ ਹਸਪਤਾਲ ਲਿਜਾਂਦਿਆਂ ਰਸਤੇ ਵਿਚ ਉਸ ਦੇ ਸਰੀਰ ਨੇ ਹਰਕਤ ਕਰਨਾ ਬੰਦ ਕਰ ਦਿੱਤਾ। ਹਸਪਤਾਲ ਵਾਲਿਆਂ ਨੇ 30 ਹਜ਼ਾਰ ਪ੍ਰਤੀ ਦਿਨ ਦਾ ਖਰਚਾ ਦੱਸਿਆ। ਪਰਿਵਾਰ ਨੇ ਉਸ ਦੀ ਜਾਨ ਬਚਾਉਣ ਲਈ ਸਭ ਕੁਝ ਦਾਅ ’ਤੇ ਲਾਉਣ ਦੀ ਸਹਿਮਤੀ ਦੇ ਦਿੱਤੀ। ਇਲਾਜ ਸ਼ੁਰੂ ਹੋ ਗਿਆ। ਡਾਕਟਰਾਂ ਨੇ ਕਿਹਾ ਕਿ 24 ਘੰਟੇ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਬਚੇਗਾ ਜਾਂ ਨਹੀਂ। ਤੀਹ ਹਜ਼ਾਰ ਰੁਪਏ ਮੌਕੇ ’ਤੇ ਭਰਵਾ ਲਏ। …ਪਰ ਉਹੀ ਹੋਇਆ ਜਿਸਦਾ ਡਰ ਸੀ। ਅਗਲੀ ਸਵੇਰ ਪਰਿਵਾਰ ਨੂੰ ਦੱਸ ਦਿੱਤਾ ਗਿਆ ਕਿ ਇਨਫੈਕਸ਼ਨ ਜ਼ਿਆਦਾ ਹੋਣ ਕਰਕੇ ਉਹ ਬਚ ਨਹੀਂ ਸਕਿਆ, 45,000 ਰੁਪਏ ਹੋਰ ਜਮ੍ਹਾਂ ਕਰਵਾ ਕੇ ਲਾਸ਼ ਲੈ ਜਾਉ। ਜੇਕਰ 12 ਵਜੇ ਤਕ ਪੈਸੇ ਨਾ ਭਰੇ ਤਾਂ ਅਗਲੇ ਦਿਨ ਦਾ 40,000 ਰੁਪਏ ਹੋਰ ਖਰਚਾ ਪੈ ਜਾਊ। ਇਹ ਸੁਣਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਤਰ੍ਹਾਂ ਨਿੱਜੀ ਹਸਪਤਾਲ ਵਾਲਿਆਂ ਨੇ 24 ਘੰਟੇ ਦਾ ਬਿਲ 75,000 ਰੁਪਏ ਬਣਾ ਦਿੱਤਾ। ਚਲੋ ਔਖੇ ਸੌਖੇ ਰਿਸ਼ਤੇਦਾਰਾਂ ਨੇ ਪੈਸੇ ਦੇ ਕੇ ਮੌੜ ਦੀ ਲਾਸ਼ ਤਾਂ ਲੈ ਲਈ, ਪਰ ਉਸ ਦੀ ਮੌਤ ਇਨਸਾਨੀਅਤ ਅਤੇ ਪ੍ਰਬੰਧਕੀ ਢਾਂਚੇ ’ਤੇ ਸਵਾਲੀਆ ਨਿਸ਼ਾਨ ਲਗਾ ਗਈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ