Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਡਾਕ ਟਿਕਟ ਜਿੱਡੇ ਹੋਣਗੇ ਸਿਤਾਰਿਆਂ ਨੂੰ ਜਾਣ ਵਾਲੇ ਪੁਲਾੜੀ ਵਾਹਨ?ਡਾ. ਕੁਲਦੀਪ ਸਿੰਘ ਧੀਰ*
ਸਟਾਰ ਵਾਰਜ਼, ਸਟਾਰ ਟਰੈਕ ਤੇ ਪੈਸੇਂਜਰਜ਼ ਵਰਗੀਆਂ ਹੌਲੀਵੁੱਡ ਫ਼ਿਲਮਾਂ ਵਿਚ ਸਟਾਰਸ਼ਿਪ ਨਵੀਂ ਪੀੜ੍ਹੀ ਹੀ ਨਹੀਂ, ਉਸ ਤੋਂ ਵਡੇਰੀ ਪਿਛਲੀ ਪੀੜ੍ਹੀ ਨੇ ਵੀ ਅਕਸਰ ਵੇਖੇ ਹਨ। ਭਾਂਤ-ਸੁਭਾਂਤੇ ਇੰਜਣ ਦੂਰ ਦੇ ਕਿਸੇ ਗ੍ਰਹਿ ਵੱਲ ਉਡਾਰੀ। ਅਤਿਅੰਤ ਤੇਜ਼ ਰਫ਼ਤਾਰ। ਆਰਾਮ ਨਾਲ ਬੈਠੀਆਂ ਸਵਾਰੀਆਂ। ਕਈ ਕਈ ਵਰ੍ਹਿਆਂ ਤੇ ਕਈ ਵਾਰ ਦਹਾਕਿਆਂ ਦੀ ਯਾਤਰਾ। ਇਨ੍ਹਾਂ ਫ਼ਿਲਮਾਂ ਵਿਚ ਯਾਤਰੀ ਵਰ੍ਹਿਆਂ ਬੱਧੀ ਸੁੱਤੇ ਰਹਿੰਦੇ ਦਿਖਾਏ ਗਏ, ਪਰ ਪੁਲਾੜ ਅਤਿਅੰਤ ਤੇਜ਼ ਰਫ਼ਤਾਰ ਨਾਲ ਉੱਡਣ ਕਾਰਨ ਉਨ੍ਹਾਂ ਦੇ ਸਰੀਰਾਂ ’ਤੇ ਉਸ ਦਾ ਪ੍ਰਭਾਵ ਨਹੀਂ ਦਿਸਦਾ। ਵਿਗਿਆਨ ਗਲਪ ਤੇ ਫ਼ਿਲਮ ਲੋਕ ਦੇ ਸਟਾਰਸ਼ਿਪ ਕੀ ਕਦੇ ਬਣ ਵੀ ਸਕਦੇ ਹਨ? ਜੇ ਬਣ ਸਕਦੇ ਹਨ ਤਾਂ ਉਹ ਕਿੱਡੇ ਤੇ ਕਿਹੋ ਜਿਹੇ ਹੋਣਗੇ? ਕਿਹੋ ਜਿਹੇ ਊਰਜਾ ਪ੍ਰਬੰਧ ਨਾਲ ਚੱਲਣਗੇ? ਕਿੰਨੀ ਕੁ ਰਫ਼ਤਾਰ ’ਤੇ ਚੱਲ ਸਕਣਗੇ? ਉਨ੍ਹਾਂ ਵਿਚ ਕਿੰਨੇ ਕੁ ਯਾਤਰੀ ਬਹਿ ਸਕਣਗੇ? ਇਸ ਪੁਲਾੜੀ ਯੁੱਗ ਵਿਚ ਅਜਿਹੇ ਸਵਾਲ ਪੁੱਛਣ ਦੀ ਜਗਿਆਸਾ ਹੋਣੀ ਕੁਦਰਤੀ ਹੈ। ਆਓ ਵੇਖੀਏ, ਵਿਗਿਆਨ ਇਨ੍ਹਾਂ ਸਵਾਲਾਂ ਬਾਰੇ ਕੀ ਕਹਿੰਦਾ ਹੈ।ਵਿਗਿਆਨੀਆਂ ਮੁਤਾਬਿਕ ਦਿੱਲੀ ਅਜੇ ਬਹੁਤ ਦੂਰ ਹੈ ਅਤੇ ਇਹ ਕਲਪਨਾ ਲੋਕ ਵਰਗੀ ਮਨਮੋਹਕ ਨਹੀਂ। ਸ਼ਾਇਦ ਪਹਿਲੇ ਸਟਾਰਸ਼ਿਪ ਮਨੁੱਖ ਰਹਿਤ ਹੀ ਹੋਣ। ਫ਼ਿਲਮੀ ਪਰਦੇ ’ਤੇ ਦਿਸਦੇ ਵੱਡੇ ਸੋਹਣੇ ਆਰਾਮਦੇਹ ਸ਼ਿਪਾਂ ਤੋਂ ਅਸਲੋਂ ਵੱਖਰੇ। ਅਜੋਕੇ ਸਮੇਂ ਦੀਆਂ ਨਵੀਨਤਮ ਪੁਲਾੜੀ ਖੋਜਾਂ ਦਾ ਵਿਆਖਿਆਕਾਰ ਮਿਕੀਓ ਕਾਕੂ ਆਪਣੀ ਇਨ੍ਹਾਂ ਦਿਨਾਂ ਵਿਚ ਹੀ ਛਪੀ ਕਿਤਾਬ ‘ਦਿ ਫਿਊਚਰ ਆਫ ਹਿਊਮੈਨਿਟੀ’ ਵਿਚ ਕਹਿੰਦਾ ਹੈ ਕਿ ਸ਼ਾਇਦ ਮੁੱਢਲੇ ਸਟਾਰਸ਼ਿਪ ਮਸਾਂ ਡਾਕ ਟਿਕਟ ਜਿੱਡੇ ਹੀ ਹੋਣ। ਮਰਹੂਮ ਸਟੀਫਨ ਹਾਕਿੰਗ ਨੇ 2016 ਵਿਚ ਬਰੇਕਥਰੂ ਸਟਾਰਸ਼ਾਟ ਪ੍ਰਾਜੈਕਟ ਦੁਆਰਾ ਪੁਲਾੜੀ ਨੈਨੋਸ਼ਿਪਾਂ ਦੇ ਵਿਕਾਸ ਦਾ ਸੁਝਾਅ ਦਿੱਤਾ ਸੀ। ਸੂਖ਼ਮਚਿੱਪਾਂ ਤੇ ਉਨ੍ਹਾਂ ਨੂੰ ਊਰਜਾ ਦੇਣ ਲਈ ਧਰਤੀ ਤੋਂ ਸੁੱਟੀਆਂ ਸ਼ਕਤੀਸ਼ਾਲੀ ਲੇਜ਼ਰ ਬੀਮ। ਅੰਗੂਠੇ ਦੇ ਆਕਾਰ ਦੀਆਂ ਚਿੱਪਾਂ। ਭਾਰ ਇਕ ਔਂਸ ਤੋਂ ਵੀ ਘੱਟ ਅਤੇ ਉੱਤੇ ਅਰਬਾਂ ਟਰਾਂਜ਼ਿਸਟਰ। ਹਾਕਿੰਗ ਦਾ ਦਾਅਵਾ ਸੀ ਕਿ ਦਸ ਅਰਬ ਡਾਲਰ ਨਾਲ ਇਹ ਨੈਨੋ ਸਟਾਰਸ਼ਿਪ ਸਾਡੀ ਪੀੜ੍ਹੀ ਬਣਾ ਕੇ ਵੇਖ ਸਕੇਗੀ। ਸੌ ਅਰਬ ਵਾਟ ਲੇਜ਼ਰ ਪਾਵਰ ਨਾਲ ਇਹ ਰੌਸ਼ਨੀ ਦੀ ਰਫ਼ਤਾਰ ਦੇ ਪੰਜਵੇਂ ਹਿੱਸੇ ਜਿੰਨੀ ਰਫ਼ਤਾਰ ਉੱਤੇ ਚੱਲ ਸਕਣਗੇ। ਇਸ ਸਪੀਡ ਉੱਤੇ ਉਹ ਵੀਹ ਸਾਲ ਵਿਚ ਸਾਡੇ ਸਭ ਤੋਂ ਨੇੜਲੇ ਐਲਫਾ ਸੈਂਟੂਰੀ ਤਾਰਿਆਂ ਦੇ ਵਿਹੜੇ ਜਾ ਵੜਨਗੇ। ਚੇਤੇ ਰਹੇ ਕਿ ਆਮ ਵਰਤੀ ਜਾਂਦੀ ਸਪੇਸ ਸ਼ਟਲ ਦੇ ਲਾਂਚ ਉੱਤੇ ਹੀ ਇਕ ਅਰਬ ਡਾਲਰ ਲੱਗ ਜਾਂਦੇ ਹਨ। ਇੰਜ ਨੈਨੋਸ਼ਿਪ ਉਹ ਕਰ ਦਿਖਾਉਣਗੇ ਜੋ ਰਸਾਇਣਕ ਰਾਕੇਟ ਸ਼ਾਇਦ ਹੀ ਕਦੇ ਕਰ ਸਕਣ।
ਰਸਾਇਣਕ ਬਾਲਣਾਂ ਵਾਲੇ ਸੈਟਰਨ ਵਰਗੇ ਵੱਡੇ ਤੋਂ ਵੱਡੇ ਰਾਕੇਟ ਵੀ ਕਿਸੇ ਤਾਰੇ ਤਕ ਨਹੀਂ ਲਿਜਾ ਸਕਦੇ। ਇਹ ਗੱਲ ਤਸੀਓ ਲਕੋਵਸਕੀ ਦੀ ਰਾਕੇਟ ਸਮੀਕਰਨ ਤੋਂ ਸਾਫ਼ ਸਮਝ ਆ ਚੁੱਕੀ ਹੈ। ਸਪੀਡ ਵਧਾਉਣ ਵਾਸਤੇ ਲੋੜੀਂਦੇ ਕੈਮੀਕਲ ਬਾਲਣ ਦੀ ਮਾਤਰਾ ਸਿੱਧੇ ਅਨੁਪਾਤ ਵਿਚ ਨਹੀਂ, ਐਕਸਪੋਨੈਂਸ਼ਲ ਅਨੁਪਾਤ ਵਿਚ ਵਧਦੀ ਹੈ। ਇਹ ਐਕਸਪੋਨੈਂਸ਼ਲ ਅਨੁਪਾਤ ਕੀ ਹੈ ਭਲਾ? ਦਰਅਸਲ, ਰਾਕੇਟ ਦੀ ਸਪੀਡ ਦੁੱਗਣੀ/ਚੌਗੁਣੀ ਕਰਨ ਵੇਲੇ ਕੈਮੀਕਲ ਬਾਲਣ ਦੀ ਮਾਤਰਾ ਦੂਣੀ-ਚੌਗੁਣੀ ਨਹੀਂ ਸਗੋਂ ਮੂਲ ਬਾਲਣ ਦੇ ਭਾਰ ਦੀ ਤਾਕਤ ਦੋ/ਚਾਰ ਤਕ ਵਧਾਉਣੀ ਪਵੇਗੀ। ਮੂਲ ਬਾਲਣ ਜੇ ਚਾਰ ਟਨ ਹੈ ਤਾਂ ਸਪੀਡ ਦੁੱਗਣੀ/ਚੌਗੁਣੀ ਕਰਨ ਲਈ ਇਸ ਦੀ ਮਾਤਰਾ ਅੱਠ ਜਾਂ ਸੋਲ੍ਹਾਂ ਟਨ ਕਰਕੇ ਨਹੀਂ ਸਰਨਾ। ਇਹ ਚਾਰ ਦੀ ਤਾਕਤ ਦੋ/ਚਾਰ ਕਰਕੇ ਬਾਲਣ ਦੀ ਮਾਤਰਾ ਸੋਲ੍ਹਾਂ/ਦੋ ਸੌ ਛਪੰਜਾ ਟਨ ਕਰਨੀ ਪਵੇਗੀ। ਸਪਸ਼ਟ ਹੈ ਕਿ ਸਪੀਡ ਵਧਾਉਣ ਨਾਲ ਇਹ ਮਾਤਰਾ ਕਰੋੜਾਂ ਟਨ ਤਕ ਜਾ ਪਹੁੰਚੇਗੀ। ਪ੍ਰਾਪਤ ਤਕਨਾਲੋਜੀ, ਬਾਲਣ ਤੇ ਰਫ਼ਤਾਰ ਦੇ ਹਿਸਾਬ ਨਾਲ ਵਧੀਆ ਤੋਂ ਵਧੀਆ ਕੈਮੀਕਲ ਰਾਕੇਟ ਸਾਡੇ ਨੇੜਲੇ ਤੋਂ ਨੇੜਲੇ ਤਾਰੇ ਦੇ ਵਿਹੜੇ ਵਿਚ ਪਹੁੰਚਣ ਲਈ ਸੱਤਰ ਹਜ਼ਾਰ ਵਰ੍ਹੇ ਲਾ ਦੇਵੇਗਾ।
ਦਰਅਸਲ, ਕੈਮੀਕਲ ਰਾਕੇਟ ਦੀ ਬਹੁਤੀ ਊਰਜਾ ਤਾਂ ਇਸ ਦਾ ਆਪਣਾ ਭਾਰ ਚੁੱਕਣ ਵਿਚ ਹੀ ਖਰਚ ਹੋ ਜਾਂਦੀ ਹੈ। ਨੈਨੋਸ਼ਿਪ ਨੂੰ ਊਰਜਾ ਬਾਹਰੋਂ ਲੇਜ਼ਰ ਬੀਮਾਂ ਦੇਣਗੀਆਂ। ਇਸ ਲਈ ਊਰਜਾ ਦੀ ਬਰਬਾਦੀ ਬਿਲਕੁਲ ਨਹੀਂ ਹੋਣੀ। ਸਾਰੀ ਊਰਜਾ ਸ਼ਿਪ ਉੱਤੇ ਹੀ ਖਰਚਣ ਨੂੰ ਮਿਲ ਜਾਵੇਗੀ। ਨੈਨੋਸ਼ਿਪ ਵਿੱਚ ਕੋਈ ਇੰਜਣ ਜਾਂ ਮਕੈਨੀਕਲ ਮਸ਼ੀਨਰੀ ਨਹੀਂ। ਕੋਈ ਵਿਸਫੋਟਕ ਨਹੀਂ। ਇਸ ਲਈ ਨਾ ਮਕੈਨੀਕਲ ਬਰੇਕ-ਡਾਊਨ ਦਾ ਡਰ ਤੇ ਨਾ ਕਿਸੇ ਧਮਾਕੇ ਦਾ ਖ਼ਤਰਾ। ਇਹ ਲਾਂਚ ਪੈਡ ਉੱਤੇ ਤਬਾਹ ਨਹੀਂ ਹੋ ਸਕਦੇ। ਕੰਪਿਊਟਰ ਟੈਕਨੋਲੋਜੀ ਦੇ ਤੇਜ਼ ਵਿਕਾਸ ਨਾਲ ਪੂਰੀ ਵਿਗਿਆਨਕ ਲੈਬਾਰਟਰੀ ਚਿੱਪ ਉੱਤੇ ਬਣ ਸਕਦੀ ਹੈ। ਕੈਮਰੇ, ਸੈਂਸਰ, ਕੈਮੀਕਲ ਕਿੱਟਾਂ, ਸੋਲਰ ਸੈੱਲ, ਰੇਡੀਓ ਸੰਚਾਰ ਪ੍ਰਬੰਧ- ਸਾਰਾ ਕੁਝ। ਕੰਪਿਊਟਰ ਚਿੱਪਾਂ ਸਸਤੀਆਂ ਹੋਣ ਕਾਰਨ ਇਹ ਵੱਡੀ ਗਿਣਤੀ ਵਿਚ ਇਕੋ ਤਾਰੇ ਵੱਲ ਭੇਜੀਆਂ ਜਾ ਸਕਦੀਆਂ ਹਨ। ਰਾਹ ਦੇ ਅਣਕਿਆਸੇ ਖ਼ਤਰਿਆਂ ਤੇ ਹਾਦਸਿਆਂ ਤੋਂ ਬਚ ਕੇ ਕੋਈ ਤਾਂ ਮੰਜ਼ਿਲ ਉੱਤੇ ਪਹੁੰਚੇਗੀ ਹੀ। ਨੈਨੋਸ਼ਿਪ ਜੇ ਰੌਸ਼ਨੀ ਦੀ ਰਫ਼ਤਾਰ ਦੇ ਪੰਜਵੇਂ ਹਿੱਸੇ ਤਕ ਦੀ ਰਫ਼ਤਾਰ ਉੱਤੇ ਚੱਲ ਪੈਣ ਤਾਂ ਅਸੀਂ ਆਪਣੇ ਸੂਰਜ ਮੰਡਲ ਦੇ ਗ੍ਰਹਿਆਂ, ਉਪਗ੍ਰਹਿਆਂ ਤਾਂ ਕੀ ਇਸ ਵਿਹੜੇ ਤੋਂ ਬਾਹਰ ਵੀ ਜੀਵਨ ਦੇ ਨਕਸ਼ਾਂ ਦੀ ਛਾਣ-ਬੀਣ ਕੁਝ ਹੀ ਦਿਨਾਂ ਵਿਚ ਕਰਨ ਵਾਲੇ ਪ੍ਰਾਜੈਕਟ ਉੱਤੇ ਕੰਮ ਕਰ ਸਕਦੇ ਹਾਂ। ਏਲੀਅਨਾਂ ਦਾ ਖੁਰਾ ਖੋਜ ਨੱਪ ਸਕਣ ਲਈ ਵੱਡੇ ਹੰਭਲੇ ਮਾਰ ਸਕਦੇ ਹਾਂ। ਫੇਸਬੁੱਕ ਦੇ ਸੰਸਥਾਪਕ ਜ਼ਕਰਬਰਗ ਨੇ ਬਰੇਕਥਰੂ ਸਟਾਰਸ਼ਾਟ ਪ੍ਰਾਜੈਕਟ ਦੀ ਮਦਦ ਦਾ ਵਾਅਦਾ ਕੀਤਾ ਹੈ। ਰੂਸ ਦੇ ਅਮੀਰ ਭੌਤਿਕ ਵਿਗਿਆਨੀ ਯੂਰੀ ਮਿਲਨਰ ਨੇ ਦਸ ਕਰੋੜ ਡਾਲਰ ਦੀ ਨਿੱਜੀ ਮਦਦ ਦੀ ਪੇਸ਼ਕਸ਼ ਇਸ ਲਈ ਕੀਤੀ ਹੈ।
ਇਸ ਦੇ ਬਾਵਜੂਦ ਇਸ ਪ੍ਰਾਜੈਕਟ ਦੇ ਰਾਹ ਵਿਚ ਅਜੇ ਕਈ ਮੁਸ਼ਕਿਲਾਂ ਹਨ। ਨੈਨੋਸ਼ਿਪਾਂ ਦਾ ਬੇੜਾ ਐਲਫਾ ਸੈਂਟੂਰੀ ਦੇ ਵਿਹੜੇ ਵਿਚ ਭੇਜਣ ਲਈ ਦੋ ਮਿੰਟ ਲਈ ਇਕ ਸੌ ਗੀਗਾਵਾਟ ਦੀਆਂ ਲੇਜ਼ਰ ਬੀਮਾਂ ਇਸ ਬੇੜੇ ਉੱਤੇ
ਸੁੱਟਣੀਆਂ ਪੈਣਗੀਆਂ ਹਨ। ਇਹ ਬੀਮਾਂ ਪੈਣੀਆਂ ਵੀ ਐਨ ਥਾਂ ਸਿਰ ਚਾਹੀਦੀਆਂ ਹਨ। ਸੂਖ਼ਮ ਜਿਹੀ ਗ਼ਲਤੀ ਨਾਲ ਵੀ ਪ੍ਰਾਜੈਕਟ ਫੇਲ੍ਹ ਹੋ ਜਾਵੇਗਾ। ਟੈਕਨਾਲੋਜੀ ਤਾਂ ਚਲੋ ਔਖੇ ਸੌਖੇ ਹੋ ਜਾਵੇਗੀ, ਪਰ ਸਿਧਾਂਤਾਂ ਨਾਲ ਕੰਮ ਨਹੀਂ ਚੱਲਣਾ। ਪੈਸਾ ਕਿੱਥੋਂ ਆਵੇ? ਇਕ ਗੀਗਾਵਾਟ ਲਈ ਹੀ ਕਈ ਅਰਬ ਡਾਲਰ ਲੱਗ ਜਾਂਦੇ ਹਨ। ਇਕ ਸੌ ਗੀਗਾਵਾਟ ਲਈ ਪੈਸੇ ਦਾ ਪ੍ਰਬੰਧ ਔਖਾ ਹੈ। ਇਸ ਲਈ ਨੈਨੋਸ਼ਿਪ ਸੂਰਜ ਦੇ ਵਿਹੜੇ ਵਿਚ ਹੀ ਭੇਜ ਕੇ ਸ਼ੁਰੂਆਤ ਕਰਨੀ ਉਚਿਤ ਤੇ ਸੰਭਵ ਪ੍ਰਤੀਤ ਹੁੰਦੀ ਹੈ। ਚੰਨ ਉੱਤੇ ਪੰਜ ਸਕਿੰਟ ਵਿਚ ਪਹੁੰਚ ਜਾਵੇਗਾ ਨੈਨੋਸ਼ਿਪ। ਉੱਥੋਂ ਲੇਜ਼ਰ ਬੀਮਾਂ ਨਾਲ ਨੈਨੋਸ਼ਿਪ ਦੂਜੇ ਗ੍ਰਹਿਆਂ/ਉਪਗ੍ਰਹਿਆਂ ਤਕ ਭੇਜਣੇ ਸਸਤੇ ਤੇ ਸੌਖੇ ਹੋਣਗੇ। ਚੰਨ ਉੱਤੇ ਸੋਲਰ ਪੈਨਲਾਂ ਨਾਲ ਲੇਜ਼ਰ ਬੀਮਾਂ ਲਈ ਲੋੜੀਂਦੀ ਊਰਜਾ ਮਿਲ ਸਕੇਗੀ। ਧਰਤੀ ਦੁਆਲੇ ਦੇ ਵਾਯੂਮੰਡਲ ਕਾਰਨ ਲੇਜ਼ਰ ਬੀਮ ਦੀ ਲਗਪਗ ਸੱਠ ਫ਼ੀਸਦੀ ਊਰਜਾ ਬਰਬਾਦ ਹੋ ਜਾਂਦੀ ਹੈ। ਚੰਨ ਉੱਤੇ ਵਾਯੂਮੰਡਲ ਨਾ ਹੋਣ ਕਾਰਨ ਇਸ ਪੱਖੋਂ ਵੀ ਊਰਜਾ ਦੀ ਬੱਚਤ ਹੋਵੇਗੀ। ਇੰਜ ਚੰਨ ਅਰਬਾਂ ਡਾਲਰ ਬਚਾਉਣ ਵਿਚ ਸਾਡੀ ਮਦਦ ਕਰ ਸਕਦਾ ਹੈ।
ਵਿਗਿਆਨੀ ਕਹਿੰਦੇ ਹਨ ਕਿ ਬਾਈਵੀਂ ਸਦੀ ਦੇ ਆਰੰਭ ਤਕ ਸੈਲਫ-ਰੈਪਲੀਕੇਟਿੰਗ ਰੋਬੋਟ ਬਣ ਜਾਣਗੇ। ਇਨ੍ਹਾਂ ਨਾਲ ਚੰਨ/ਮੰਗਲ ਉੱਤੇ ਸੋਲਰ ਪੈਨਲ ਲੜੀਆਂ ਤੇ ਲੇਜ਼ਰ ਬੈਟਰੀਆਂ ਸਥਾਪਤ ਕਰਨਗੀਆਂ ਸੌਖੀਆਂ ਹੋ ਜਾਣਗੀਆਂ। ਰੋਬੋਟਾਂ ਨਾਲ ਹੀ ਚੰਨ ਉੱਤੇ ਧਾਤਾਂ ਤੇ ਹੋਰ ਕੱਚੀ ਸਮੱਗਰੀ ਪੁੱਟ ਕੇ ਉੱਥੇ ਹੀ ਨਵੇਂ ਰੋਬੋਟ ਬਣਾਉਣ ਦੀ ਯੋਜਨਾ ਬਣ ਸਕਦੀ ਹੈ। ਸੁਪਨੇ ਤਾਂ ਵਿਗਿਆਨੀ ਥਾਂ ਥਾਂ ਲੇਜ਼ਰ ਬੀਮ ਸਟੇਸ਼ਨ ਬਣਾਉਣ ਦੇ ਲੈ ਰਹੇ ਹਨ। ਨੈਨੋਸ਼ਿਪ ਇਨ੍ਹਾਂ ਲੇਜ਼ਰ ਬੀਮ ਸਟੇਸ਼ਨਾਂ ਤੋਂ ਊਰਜਾ ਦਾ ਧੱਕਾ ਮਰਵਾ ਕੇ ਅਗਾਂਹ ਤੋਂ ਅਗਾਂਹ ਵਧ ਸਕਦੇ ਹਨ। ਜੇ ਉਦੋਂ ਤਕ ਫਿਊਜ਼ਨ ਊਰਜਾ ਦੀ ਵਰਤੋਂ ਸੰਭਵ ਹੋ ਗਈ ਤਾਂ ਇਸ ਦਾ ਲਾਭ ਵੀ ਉਠਾਇਆ ਜਾ ਸਕੇਗਾ।ਵਿਗਿਆਨੀ ਰੌਸ਼ਨੀ ਦੇ ਫੋਟੋਨਾਂ ਦੀ ਵਰਤੋਂ ਵੀ ਸਟਾਰਸ਼ਿਪਾਂ ਵਿਚ ਕਰਨ ਬਾਰੇ ਸੋਚ ਰਹੇ ਹਨ। ਜਪਾਨ ਨੇ ਇਕਾਰੋਸ ਉਪਗ੍ਰਹਿ ਉੱਤੇ ਸੋਲਰ ਲਾਈਟ ਪਰੈਸ਼ਰ ਨਾਲ ਚੱਲਣ ਵਾਲੀ ਜੁਗਤ ਲਾ ਕੇ ਉਸ ਨੂੰ 2010 ਵਿਚ ਛੇ ਮਹੀਨੇ ਵਿਚ ਮੰਗਲ ਤਕ ਪਹੁੰਚਾ ਕੇ ਇਸ ਸੰਭਾਵਨਾ ਨੂੰ ਅਮਲੀ ਰੂਪ ਦੇਣ ਵੱਲ ਪਹਿਲਾ ਕਦਮ ਚੁੱਕਿਆ ਹੈ। ਨਾਸਾ ਦੇ ਜਿਓਫਰੇ ਲੈਂਡਿਸ ਨੇ ਸਿਧਾਂਤਕ ਰੂਪ ਵਿਚ ਐਲਫ਼ਾ ਸੈਂਟੂਰੀ ਲਈ ਰੌਸ਼ਨੀ ਦੇ ਬਾਦਬਾਨ (ਲਾਈਟ ਸੇਲ) ਵਰਤਣ ਦਾ ਸੰਕਲਪ ਪੇਸ਼ ਕੀਤਾ ਹੈ। ਲੱਖਾਂ ਟਨ ਭਾਰੀ ਇਹ ਸ਼ਿਪ ਦੋ ਸਦੀਆਂ ਵਿਚ ਇਹ ਆਪਣੀ ਆਉਣ-ਜਾਣ ਦੀ ਯਾਤਰਾ ਪੂਰੀ ਕਰੇਗਾ। ਇਸ ਦੇ ਵਿਕਾਸ ਨੂੰ ਪੰਜਾਹ ਤੋਂ ਸੌ ਸਾਲ ਲੱਗਣਗੇ। ਇਸ ਯਾਤਰਾ ਨੂੰ ਪੂਰਾ ਕਰਨ ਲਈ ਕਈ ਪੀੜ੍ਹੀਆਂ ਲੱਗ ਜਾਣਗੀਆਂ ਅਤੇ ਬਹੁਤ ਜ਼ਿਆਦਾ ਪੈਸੇ ਦੀ ਲੋੜ ਪਵੇਗੀ। ਇਹ ਪ੍ਰਸਤਾਵ ਨਿਸ਼ਚੇ ਹੀ ਅਜੇ ਵਿਗਿਆਨਕ ਗਲਪ ਦੀ ਸ਼ੈਅ ਪ੍ਰਤੀਤ ਹੁੰਦਾ ਹੈ।
ਅਜਿਹੀਆਂ ਨਵੀਆਂ ਜੁਗਤਾਂ ਵਿਗਿਆਨੀ ਇਸ ਲਈ ਸੋਚਦੇ ਹਨ ਕਿਉਂ ਜੋ ਕੈਮੀਕਲ ਰਾਕੇਟ ਦੀਆਂ ਸੀਮਾਵਾਂ ਉਨ੍ਹਾਂ ਨੂੰ ਪੁਲਾੜ ਵਿਚ ਵੱਡੇ ਮਾਅਰਕੇ ਨਹੀਂ ਮਾਰਨ ਦੇ ਰਹੀਆਂ। ਆਇਨ ਇੰਜਣ ਰਾਕੇਟ ਦੀ ਸਪੈਸਿਫਿਕ ਇੰਪਲਸ 5000 ਹੈ। ਹੁਣ ਸਪੈਸਿਫਿਕ ਇੰਪਲਸ ਕੀ ਹੈ। ਦਰਅਸਲ, ਇਹ ਇਕ ਇਕਾਈ ਪ੍ਰੋਪੈਲੈਂਟ ਭਾਰ ਨਾਲ ਪੈਦਾ ਹੋਈ ਕੁੱਲ ਇੰਪਲਸ ਭਾਵ ਮੋਮੈਂਟਮ ਪਰਿਵਰਤਨ ਹੈ। ਇਹ ਪ੍ਰੋਪੈਲੈਂਟ ਦੀ ਕੁਸ਼ਲਤਾ ਦਾ ਮਾਪ ਹੈ। ਹੁਣ ਇਹ ਵੀ ਸਮਝ ਲਓ ਕਿ ਆਇਨ ਇੰਜਣ ਦੇ ਆਇਨ ਕੀ ਹਨ। ਇਹ ਜ਼ੀਨਾਨ ਜਿਹੀ ਕਿਸੇ ਗੈਸ ਦੇ ਪਰਮਾਣੂ ਵਿਚੋਂ ਇਲੈਕਟਰਾਨ ਤੋੜ ਲੈਣ ਪਿੱਛੋਂ ਬਚੇ ਐਟਮ ਹਨ। ਆਇਨ ਇੰਜਣ ਇਨ੍ਹਾਂ ਆਇਨਾਂ ਨੂੰ ਪ੍ਰਵੇਗਿਤ ਕਰਦਾ ਹੈ। ਇਨ੍ਹਾਂ ਦੀ ਰਫ਼ਤਾਰ ਤੇਜ਼ ਤੋਂ ਵੀ ਤੇਜ਼ ਕਰਦਾ ਹੈ। ਇਸ ਕਾਰਜ ਲਈ ਚੁੰਬਕੀ ਫੀਲਡ ਵਰਤਣੇ ਪੈਂਦੇ ਹਨ। ਵਿਗਿਆਨੀ ਕਹਿੰਦੇ ਹਨ ਕਿ ਆਇਨ ਰਾਕੇਟ ਬਣ ਗਿਆ ਤਾਂ ਮੰਗਲ ਦਾ ਅਜੋਕਾ ਨੌਂ ਮਹੀਨੇ ਦਾ ਸਫ਼ਰ ਚਾਲੀ ਕੁ ਦਿਨਾਂ ਦਾ ਹੋ ਕੇ ਰਹਿ ਜਾਵੇਗਾ।
ਪੀੜ੍ਹੀਆਂ ਤਕ ਚੱਲਣ ਵਾਲੇ ਵੱਡੇ ਸਟਾਰਸ਼ਿਪਾਂ ਦੀਆਂ ਸੰਭਾਵਨਾਵਾਂ ਉੱਤੇ ਚਰਚਾ ਲਈ 2011 ਵਿਚ ਨਾਸਾ ਨੇ 100 ਯੀਅਰ ਸਟਾਰਸ਼ਿਪ ਨਾਂ ਦੀ ਗੋਸ਼ਟੀ ਆਯੋਜਿਤ ਕੀਤੀ। ਇਸ ਗੋਸ਼ਟੀ ਵਿਚੋਂ ਇਹੀ ਨਿਕਲਿਆ ਕਿ ਹਾਲ ਦੀ ਘੜੀ ਅਜਿਹੇ ਪ੍ਰਾਜੈਕਟ ਖਿਆਲੀ ਪੁਲਾਓ ਹੀ ਹਨ।
ਨਵੀਆਂ ਤੋਂ ਨਵੀਆਂ ਯੋਜਨਾਵਾਂ ਸੋਚ ਰਹੇ ਵਿਗਿਆਨੀਆਂ ਨੇ ਨਿਊਕਲੀਅਰ ਰਾਕੇਟ ਬਾਰੇ ਵੀ ਸੋਚਿਆ ਹੈ ਤਾਂ ਕਿ ਨਿਊਕਲੀ ਸ਼ਕਤੀ ਨਾਲ ਹੀ ਕੋਈ ਸਟਾਰਸ਼ਿਪ ਬਣ ਸਕੇ। ਇਹ ਸਿਧਾਂਤ ਸੀ ਕਿ ਸਟਾਰਸ਼ਿਪ ਦੇ ਰਾਕੇਟ ਵਿਚ ਢੇਰ ਸਾਰੇ ਮਿੰਨੀ ਐਟਮ ਬੰਬ ਭਰੋ। ਇਕ ਇਕ ਕਰਕੇ ਇਨ੍ਹਾਂ ਨੂੰ ਹੇਠਲੇ ਸਿਰੇ ਤੋਂ ਬਾਹਰ ਵੱਲ ਕਰਕੇ ਵਿਸਫੋਟ ਕਰੋ। ਬੰਬ ਨਾਲ ਊਰਜਾ ਦੀ ਇਕ ਸ਼ਾਕ ਵੇਵ ਹੇਠਾਂ ਵੱਲ ਜਾਵੇਗੀ ਅਤੇ ਉਨੀ ਹੀ ਤਾਕਤ ਨਾਲ ਸਟਾਰਸ਼ਿਪ ਉਪਰ ਉੱਠੇਗਾ। ਇਹ ਕਿਰਿਆ ਕੁਝ ਨਿਸ਼ਚਿਤ ਵਕਫ਼ੇ ਉੱਤੇ ਦੁਹਰਾਅ ਕੇ ਸਟਾਰਸ਼ਿਪ ਦੀ ਸਪੀਡ ਰੌਸ਼ਨੀ ਦੀ ਸਪੀਡ ਦੇ ਅੱਧੇ-ਪੌਣੇ ਤਕ ਹੋ ਸਕੇਗੀ। ਇਹ ਸੰਕਲਪ ਪੇਸ਼ ਕਰਨ ਵਾਲੇ ਨਿਊਕਲੀ ਬੰਬ ਮਾਹਰ ਟੈਡ ਟੇਲਰ ਅਤੇ ਫਰੀਮੈਨ ਡਾਈਸਨ ਸਨ। ਵਿਹਾਰਕ ਪੱਧਰ ਉੱਤੇ ਕਈ ਮਸਲੇ ਸਾਹਮਣੇ ਸਨ। ਪਹਿਲਾ, ਸਟਾਰਸ਼ਿਪ ਜੋ ਚੱਲਣਾ ਹੀ ਨਿਊਕਲੀ ਬੰਬਾਂ ਆਸਰੇ ਹੈ, ਆਪ ਇਨ੍ਹਾਂ ਤੋਂ ਕਿਵੇਂ ਬਚਾਇਆ ਜਾਵੇ। ਦੂਜਾ, ਸੁਰੱਖਿਅਤ ਕਿਸਮ ਦੇ ਮਾਡਲ ਸਟਾਰਸ਼ਿਪ ਦਾ ਵਿਆਸ ਲਗਪਗ ਸਵਾ ਚਾਰ ਸੌ ਮੀਟਰ ਬਣ ਰਿਹਾ ਸੀ ਅਤੇ ਭਾਰ ਅੱਸੀ ਲੱਖ ਮੀਟਰਿਕ ਟਨ। ਇਸ ਵਿਚ 1080 ਬੰਬ ਰੱਖੇ ਜਾਣੇ ਸਨ। ਇਹ ਰੌਸ਼ਨੀ ਦੀ ਸਪੀਡ ਦੇ ਦਸਵੇਂ ਹਿੱਸੇ ਤਕ ਦੀ ਰਫ਼ਤਾਰ ਹੀ ਪ੍ਰਾਪਤ ਕਰ ਸਕਦਾ ਸੀ। ਇਹ ਸਾਰਾ ਕੁਝ ਅਸੰਭਵ ਹੀ ਪ੍ਰਤੀਤ ਹੋਇਆ। ਤੀਜਾ, ਨਿਊਕਲੀ ਬੰਬਾਂ ਦੇ ਵਿਸਫੋਟ ਨਾਲ ਹੋਣ ਵਾਲੀ ਰੇਡੀਏਸ਼ਨ ਆਪਣੇ ਆਪ ਵਿਚ ਵੱਡੀ ਸਿਰਦਰਦੀ ਹੈ। ਇਹ ਭਾਵੇਂ ਧਰਤੀ ਦੇ ਵਾਯੂਮੰਡਲ ਵਿਚ ਹੋਵੇ ਅਤੇ ਭਾਵੇਂ ਉਪਰ ਪੁਲਾੜ ਵਿਚ। ਇਹ ਹੈ ਤਾਂ ਖ਼ਤਰਨਾਕ ਪ੍ਰਦੂਸ਼ਣ ਹੀ। ਸੋ ਇਹ ਸੰਭਾਵਨਾ ਹੁਣ ਦਮ ਤੋੜ ਚੁੱਕੀ ਹੈ।
ਇਹ ਨਿਊਕਲੀ ਰਾਕੇਟ ਫਿਸ਼ਨ ਭਾਵ ਵਿਖੰਡਨ ਕਿਸਮ ਦੇ ਸਨ। ਇਨ੍ਹਾਂ ਤੋਂ ਉਲਟ ਫਿਊਜ਼ਨ ਕਿਸਮ ਦੂਜੇ ਨਿਊਕਲੀ ਰਾਕੇਟਾਂ ਦੀਆਂ ਸੰਭਾਵਨਾਵਾਂ ਉੱਤੇ ਵੀ ਮਗਜ਼ ਖਪਾਈ ਹੋਈ ਹੈ। ਇਸ ਪੱਖੋਂ ਹਾਈਡਰੋਜਨ ਉੱਤੇ ਆਧਾਰਿਤ ਮਿੰਨੀ ਹਾਈਡਰੋਜਨ ਬੰਬਾਂ ਨੂੰ ਵਰਤਣ ਦਾ ਸੰਕਲਪ ਸੋਚਿਆ ਗਿਆ। ਉਂਜ, ਫਿਊਜ਼ਨ ਰਿਐਕਟਰ ਸੂਰਜ ਨੂੰ ਡੱਬੇ ਵਿਚ ਬੰਦ ਕਰਨ ਵਰਗਾ ਔਖਾ ਕੰਮ ਹੈ। ਫਿਉੂਜ਼ਨ ਆਧਾਰਿਤ ਡੈਡੇਲਸ ਰਾਕੇਟ ਦਾ ਕਲਪਿਤ ਮਾਡਲ 54,000 ਮੀਟਰਿਕ ਟਨ ਭਾਰਾ ਤੇ ਸਵਾ ਛੇ ਸੌ ਫੁੱਟ ਲੰਬਾ ਹੈ ਅਤੇ ਇਹ ਰੌਸ਼ਨੀ ਦੀ ਰਫ਼ਤਾਰ ਦੀ 12 ਫ਼ੀਸਦੀ ਤਕ ਦੀ ਰਫ਼ਾਤਰ ਉੱਤੇ ਚਲ ਸਕਦਾ ਹੈ। ਇਹ ਸਾਰੇ ਅੰਕੜੇ ਤੇ ਟੈਕਨੋਲੋਜੀ ਇਸ ਯਤਨ ਨੂੰ ਵੀ ਅਮਲ ਵਿਚ ਲਿਆਉਣ ਤੋਂ ਅਸਮਰੱਥ ਬਣਾਉਂਦੇ ਹਨ।
ਇਸ ਪੱਖੋਂ ਇਕ ਹੋਰ ਸੰਭਾਵਨਾ ਐਂਟੀਮੈਟਰ ਰਾਕੇਟਾਂ ਵਾਲੇ ਸਟਾਰਸ਼ਿਪਾਂ ਦੀ ਹੈ। ਮੈਟਰ ਤੇ ਐਂਟੀਮੈਟਰ ਦੋਵੇਂ ਟਕਰਾਉਣ ਤਾਂ ਦੋਵੇਂ ਖ਼ਤਮ ਹੋ ਕੇ ਸੌ ਫ਼ੀਸਦੀ ਊਰਜਾ ਵਿਚ ਵਟ ਸਕਦੇ ਹਨ। ਇਹ ਊਰਜਾ ਆਇੰਸਟਾਈਨ ਦੀ ਪਦਾਰਥ ਊੁਰਜਾ ਦੀ ਮੂਲ ਸਮੀਕਰਣ ਨਾਲ ਅਨੁਮਾਨਿਤ ਕੀਤੀ ਜਾ ਸਕਦੀ ਹੈ। ਇਸ ਸਰਲ ਸਿਧਾਂਤਕ ਕਲਪਨਾ ਦੇ ਰਾਹ ਵਿਚ ਵੱਡੀਆਂ ਵਿਹਾਰਕ ਸਮੱਸਿਆਵਾਂ ਹਨ। ਪਹਿਲੀ, ਵੱਡੀ ਮਾਤਰਾ ਵਿਚ ਐਂਟੀਮੈਟਰ ਕਿਵੇਂ ਬਣਾਈਏ। ਦੂਜਾ, ਐਂਟੀਮੈਟਰ ਨੂੰ ਕਿੱਥੇ ਸੰਭਾਈਏ। ਜਿਸ ਵੀ ਭਾਂਡੇ ਵਿਚ ਸੰਭਾਲੋਗੇ ਉਸ ਦਾ ਮੈਟਰ ਵੀ ਤਾਂ ਇਸ ਨਾਲ ਟਕਰਾਏਗਾ। 1995 ਵਿਚ ਪਹਿਲੀ ਵਾਰ ਇਕ ਐਂਟੀ ਹਾਈਡਰੋਜਨ ਐਟਮ ਜੈਨੇਵਾ ਦੀ ਸਰਨ ਪ੍ਰਯੋਗਸ਼ਾਲਾ ਵਿਚ ਬਣਿਆ। ਹਾਲ ਦੀ ਘੜੀ ਇਸ ਸਿਲਸਿਲੇ ਵਿਚ ਹੋਈ ਪ੍ਰਾਪਤੀ ਤਸੱਲੀਬਖਸ਼ ਨਹੀਂ। ਨਿੱਕੇ/ਸੂਖ਼ਮ ਸਟਾਰਸ਼ਿਪ ਤਾਂ ਪ੍ਰਯੋਗਾਂ ਵਾਸਤੇ ਹੀ ਵਰਤੇ ਜਾ ਸਕਦੇ ਹਨ। ਵੱਡੇ ਸਟਾਰਸ਼ਿਪਾਂ ਦੇ ਰਾਹ ਵਿਚ ਵੱਡੀਆਂ ਔਕੜਾਂ ਹਨ। ਉਨ੍ਹਾਂ ਦੇ ਬਣਾਉਣ ਜਾਂ ਚਲਾਉਣ ਦੀ ਕੋਈ ਵਿਹਾਰਕ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜੇ ਕਿਤੇ ਦੂਰ ਭਵਿੱਖ ਵਿਚ ਇਹ ਬਣੇ ਤਾਂ ਇਨ੍ਹਾਂ ਨੂੰ ਪੁਲਾੜ ਵਿਚ ਅੰਨ੍ਹੇਵਾਹ ਤੁਰੇ ਫਿਰਦੇ ਐਸਟਰੌਇਡਾਂ ਤੇ ਕੌਮੇਟਾਂ ਤੋਂ ਬਚਾਉਣਾ ਵੀ ਵੱਡੀ ਸਮੱਸਿਆ ਹੋਵੇਗੀ। ਉੱਚੇ ਵੇਗ ਉੱਤੇ ਚੱਲਣ ਵਾਲੇ ਇਨ੍ਹਾਂ ਵੱਡੇ ਸਟਾਰਸ਼ਿਪਾਂ ਨੂੰ ਮਿੱਥੀ ਮੰਜ਼ਿਲ ਉੱਤੇ ਬਰੇਕ ਲਾਉਣਾ, ਕੰਟਰੋਲ ਕਰਨਾ ਵੀ ਸੌਖਾ ਕੰਮ ਨਹੀਂ।
ਸਪੇਸ-ਐਲੀਵੇਟਰ ਦੇ ਸੰਕਲਪ ਵੱਲ ਵੀ ਵਿਗਿਆਨੀਆਂ ਦਾ ਧਿਆਨ ਗਿਆ ਹੈ। ਐਲੀਵੇਟਰ ਵਿਚ ਬੈਠੋ। ਬਟਨ ਦੱਬੋ ਤੇ ਪੁਲਾੜ ਵਿਚ ਪਹੁੰਚ ਜਾਓ। ਸਿਧਾਂਤ ਕੀ ਹੈ? ਰੱਸੀ ਨਾਲ ਬੰਨ੍ਹੀ ਬਾਲਟੀ ਨੂੰ ਜ਼ੋਰ ਨਾਲ ਘੁਮਾਓ ਤਾਂ ਉਹ ਦੂਰ ਬਾਹਰ ਤਕ ਬਿਨਾਂ ਪਾਣੀ ਡੋਲ੍ਹੇ ਘੁੰਮ ਸਕਦੀ ਹੈ। ਸੈਂਟਰੀਫਿਊਗਲ (ਅਪਕੇਂਦਰੀ) ਬਲ ਇਹ ਕਰਾਮਾਤ ਕਰਦਾ ਹੈ। ਕੀ ਧਰਤੀ ਦੇ ਘੁੰਮਣ ਨਾਲ ਪੈਦਾ ਹੋਏ ਸੈਂਟਰੀਫਿਊਗਲ ਬਲ ਨੂੰ ਵਰਤ ਕੇ ਐਲੀਵੇਟਰ ਧਰਤੀ ਦੀ ਆਰਬਿਟ ਉੱਤੇ ਨਹੀਂ ਪੈ ਸਕਦੇ? ਇਸ ਨੂੰ ਸਿਧਾਂਤਕ ਰੂਪ ਵਿਚ ਸਵੀਕਾਰ ਕਰਕੇ ਵੀ ਵਿਹਾਰਕ ਰੂਪ ਵਿਚ ਮੂਲ ਸਮੱਸਿਆ ਇਹ ਆਈ ਕਿ ਐਲੀਵੇਟਰ ਦੀਆਂ ਕੇਬਲਾਂ ਇਕ ਸੌ ਗੀਗਾਪਾਸਕਲ ਦੇ ਤਣਾਓ (ਟੈਨਸ਼ਨ) ਨੂੰ ਕਿਵੇਂ ਝੱਲਣਗੀਆਂ। ਸਟੀਲ ਦੀ ਮਜ਼ਬੂਤ ਤੋਂ ਮਜ਼ਬੂਤ ਕੇਬਲ ਦੋ ਗੀਗਾਪਾਸਕਲ ਉੱਤੇ ਹੀ ਟੁੱਟ ਜਾਂਦੀ ਹੈ। ਫਿਰ ਵੀ ਆਰਥਰਾ ਕਲਾਰਕ ਦੇ ਨਾਵਲ ‘ਦਿ ਫਾਊਂਟੇਨਜ਼ ਆਫ ਪੈਰਾਡਾਈਜ਼’ ਵਿਚ ਕਲਪਿਤ ਐਲੀਵੇਟਰ ਬਾਰੇ ਵਿਗਿਆਨੀਆਂ ਨੇ ਯਤਨ ਜਾਰੀ ਰੱਖੇ। 1999 ਵਿਚ ਨਾਸਾ ਨੇ ਇਕ ਰਿਪੋਰਟ ਵਿਚ ਕਿਹਾ ਕਿ ਤਿੰਨ ਫੁੱਟ ਚੌੜੀ ਤੇ ਤੀਹ ਹਜ਼ਾਰ ਮੀਲ ਲੰਬੀ ਕੇਬਲ ਨਾਲ ਪੰਦਰਾਂ ਟਨ ਪੇਲੋਡ ਪੁਲਾੜ ਵਿਚ ਭੇਜਣਾ ਸੰਭਵ ਹੈ। 2013 ਵਿਚ ਇੰਟਰਨੈਸ਼ਨਲ ਅਕੈਡਮੀ ਆਫ ਐਸਟਰੋਨਾਟਿਕਸ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ 2035 ਤਕ ਐਲੀਵੇਟਰ ਨਾਲ ਵੀਹ ਟਨ ਪੇਲੋਡ ਪੁਲਾੜ ਵਿਚ ਭੇਜਣ ਦੀ ਸੰਭਾਵਨਾ ਵਿਚਾਰੀ ਜਾ ਸਕਦੀ ਹੈ। ਇਸ ’ਤੇ ਦਸ ਤੋਂ ਪੰਜਾਹ ਅਰਬ ਡਾਲਰ ਖਰਚ ਆਉਣਗੇ। ਕੇਬਲਾਂ ਦੀ ਮਜ਼ਬੂਤੀ ਦੀ ਸਮੱਸਿਆ ਨੂੰ ਹਲਕੀਆਂ ਅਤੇ ਮਜ਼ਬੂਤ ਕਾਰਬਨ ਨੈਨੋ ਟਿਊਬਾਂ ਨਾਲ ਸੁਲਝਾਉਣ ਬਾਰੇ ਸੋਚਿਆ ਜਾ ਸਕਦਾ ਹੈ। ਇਸ ਪੱਖੋਂ ਅਜੇ ਮਸਾਂ ਇਕ ਸੈਂਟੀਮੀਟਰ ਦੀਆਂ ਟਿਊਬਾਂ ਬਣੀਆਂ ਹਨ। ਇਸ ਲਈ 2035 ਵਾਲਾ ਸੁਪਨਾ ਹੋਰ ਅੱਧੀ ਸਦੀ ਅਗਾਂਹ ਪੈਂਦਾ ਪ੍ਰਤੀਤ ਹੋ ਰਿਹਾ ਹੈ।
ਸਪਸ਼ਟ ਹੈ ਕਿ ਦੂਰ ਪੁਲਾੜ ਵਿਚ ਤਾਰੀਆਂ ਲਾਉਣ ਦੇ ਸਾਡੇ ਸਾਰੇ ਸੁਪਨੇ ਅਜੇ ਵਿਗਿਆਨਕ ਸਿਧਾਂਤਾਂ ਦੀਆਂ ਸੰਭਾਵਨਾਵਾਂ ਦੇ ਅਧਿਐਨ ਵਿਸ਼ਲੇਸ਼ਣ ਦੇ ਪੱਧਰ ਉੱਤੇ ਹੀ ਹਨ ਅਤੇ ਉਨ੍ਹਾਂ ਦੀ ਸਮੱਗਰੀ ਫ਼ਿਲਮਾਂ, ਨਾਵਲਾਂ ਜਾਂ ਕਹਾਣੀਆਂ ਨੂੰ ਹੀ ਜਨਮ ਦੇਣ ਜੋਗੀ ਹੈ। ਇਸੇ ਅਧਿਐਨ ਵਿਸ਼ਲੇਸ਼ਣ ਨੇ ਬਲੈਕ ਹੋਲ ਦੇ ਮੁਕਾਬਲੇ ਵਰਮ ਹੋਲ ਦਾ ਸੰਕਲਪ ਉਭਾਰਿਆ ਹੈ। ਬਲੈਕ ਹੋਲ ਵਿਚ ਤਾਂ ਸਾਰਾ ਪਦਾਰਥ/ਵੱਡੇ ਵੱਡੇ ਗ੍ਰਹਿ/ਉਪਗ੍ਰਹਿ ਅੰਨ੍ਹੇ ਖੂਹ ਵਿਚ ਗਰਕ ਹੋਈ ਜਾਂਦਾ ਹੈ। ਕੀ ਪਤਾ ਇਹ ਬਲੈਕ ਹੋਲ ਨਾਲ ਜੁੜੀ ਇਕ ਵਰਮ ਹੋਲ ਵਿਚ ਲੰਘ ਕੇ ਦੂਜੇ ਪਾਸੇ ਵਾਈਟ ਹੋਲ ਵਿਚੋਂ ਬਾਹਰ ਨਿਕਲ ਸਕਦਾ ਹੋਵੇ। ਸਿਧਾਂਤਕ ਤੌਰ ਉੱਤੇ ਵਾਈਟ ਹੋਲ ਪਦਾਰਥ/ਗ੍ਰਹਿ/ਉਪਗ੍ਰਹਿ ਨਿਰੰਤਰ ਬਾਹਰ ਉਗਲਦੀ ਹੈ। ਬਲੈਕ ਹੋਲਾਂ ਤਾਂ ਮਿਲੇ ਹਨ, ਪਰ ਕਿਸੇ ਵਾਈਟ ਹੋਲ ਦਾ ਪਤਾ ਅਜੇ ਤਕ ਕਿਸੇ ਵਿਗਿਆਨੀ ਨੂੰ ਨਹੀਂ ਲੱਗਾ। ਬਲੈਕ ਹੋਲ ਅਤੇ ਵਾਈਟ ਹੋਲ ਨੂੰ ਵਰਮ ਹੋਲ ਜੋੜ ਸਕਦੀ ਹੈ। ਇਸ ਜੋੜ ਲਈ ਨੈਗੇਟਿਵ ਮੈਟਰ/ਨੈਗੇਟਿਵ ਊਰਜਾ ਦੇ ਸੰਕਲਪ ਸੋਚੇ ਗਏ ਹਨ। ਨੈਗੇਟਿਵ ਮੈਟਰ ਅਜੇ ਤਕ ਬ੍ਰਹਿਮੰਡ ਵਿਚ ਕਿਤੇ ਨਹੀਂ ਮਿਲਿਆ। ਪ੍ਰਯੋਗਸ਼ਾਲਾ ਵਿਚ ਵੀ ਨੈਗੇਟਿਵ ਮੈਟਰ ਅਜੇ ਤਕ ਕਿਤੇ ਨਹੀਂ ਬਣਿਆ। ਹਾਂ, ਨੈਗੇਟਿਵ ਊਰਜਾ ਦਾ ਉਤਪਾਦਨ ਜ਼ਰੂਰ ਪ੍ਰਯੋਗਸ਼ਾਲਾ ਵਿਚ ਸੂਖ਼ਮ ਰੂਪ ਵਿਚ ਕਰਨ ਵਿਚ ਸਫਲਤਾ ਮਿਲੀ ਹੈ। ਵਿਗਿਆਨੀਆਂ ਨੇ ਇਹ ਹਿਸਾਬ ਲਾਉਣ ਦਾ ਯਤਨ ਵੀ ਕੀਤਾ ਹੈ ਕਿ ਸਟਾਰਸ਼ਿਪ ਨੂੰ ਚਲਾਉਣ ਲਈ ਕਿੰਨੇ ਨੈਗੇਟਿਵ ਮੈਟਰ/ਐਨਰਜੀ ਦੀ ਲੋੜ ਹੈ। ਉਹ ਕਹਿੰਦੇ ਹਨ ਕਿ ਇਸ ਦੀ ਮਾਤਰਾ ਜੁਪੀਟਰ ਗ੍ਰਹਿ ਦੇ ਭਾਰ ਜਿੰਨੀ ਚਾਹੀਦੀ ਹੈ। ਨਾ ਨੌਂ ਮਣ ਤੇਲ ਲੱਭੇ ਅਤੇ ਨਾ ਰਾਧਾ ਨੱਚੇ ਵਾਲੀ ਸਥਿਤੀ ਹੈ। ਬਸ ਹਾਲ ਦੀ ਘੜੀ ਤੁਸੀਂ ਸਟਾਰਸ਼ਿਪਾਂ ਬਾਰੇ ਸੁਪਨੇ ਲਓ, ਨਾਵਲ ਪੜ੍ਹੋ ਅਤੇ ਫ਼ਿਲਮਾਂ ਦੇਖ ਕੇ ਹੀ ਸਬਰ ਕਰੋ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback