Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮਿੱਟੀ ਦਾ ਮਹੱਤਵ, ਖੇਤੀਬਾੜੀ ਅਤੇ ਮੁਲਕ ਦਾ ਭਵਿੱਖ ਮਹਿੰਦਰ ਸਿੰਘ ਦੋਸਾਂਝ


    
  

Share
  
ਮਹਾਤਮਾ ਗਾਂਧੀ ਨੇ ਆਪਣੀ ਸਵੈ ਜੀਵਨੀ ‘ਸੱਚ ਦੀ ਪ੍ਰਾਪਤੀ ਲਈ ਯਤਨ’ ਵਿਚ ਧਰਤੀ ਵੱਲੋਂ ਸੰਵਾਦ ਰਚਾਉਂਦਿਆਂ ਲਿਖਿਆ ਸੀ: ਮੈਂ (ਧਰਤੀ) ਸਮੂਹ ਮਾਨਵਤਾ ਦਾ ਪੇਟ ਭਰਨ ਲਈ ਅਨਾਜ ਤਾਂ ਪੈਦਾ ਕਰ ਸਕਦੀ ਹਾਂ ਪਰ ਲੋਭ ਦੀ ਪੂਰਤੀ ਨਹੀਂ ਕਰ ਸਕਦੀ।
ਅੱਜ ਅਜਿਹਾ ਹੀ ਹੋ ਰਿਹਾ ਹੈ। ਉੱਤਰ ਪੱਛਮੀ ਭਾਰਤ ਵਿਚ ਲੋਭ ਲਾਲਚ ਲਈ ਜੈਸੀ ਅਤੇ ਜਿਸ ਢੰਗ ਨਾਲ਼ ਖੇਤੀ ਕੀਤੀ ਜਾ ਰਹੀ ਹੈ, ਉਸ ਨਾਲ਼ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ; ਵਿਸ਼ੇਸ਼ ਕਰਕੇ ਪੰਜਾਬ ਤੇ ਹਰਿਆਣੇ ਵਿਚ ਝੋਨੇ ਦੀ ਲਗਾਤਾਰ ਕਾਸ਼ਤ ਨੇ ਮਿੱਟੀ ਦੀ ਸਮਰੱਥਾ ਨੂੰ ਸਖ਼ਤ ਸੱਟ ਮਾਰੀ ਹੈ। ਝੋਨੇ ਦੀ ਲਵਾਈ ਲਈ ਪਾਣੀ ਵਿਚ ਹਲ਼ ਚਲਾ ਕੇ ਮਿੱਟੀ ਵਿਚ 6 ਤੋਂ 9 ਇੰਚ ਦੇ ਵਿਚਾਲੇ ਫਰਸ਼ ਵਰਗੀ ਸਖ਼ਤ ਤਹਿ ਬਣਾਈ ਗਈ ਹੈ। ਇਸ ਨਾਲ਼ ਮਿੱਟੀ ਦਾ ਖਾਸਾ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਇਸ ਨਾਲ਼ ਮਿੱਟੀ ਦੀ ਗੁਣਵੱਤਾ (ਕੁਆਲਿਟੀ) ਦਾ ਸੰਤੁਲਨ ਭੰਗ ਹੋ ਗਿਆ ਹੈ ਤੇ ਅਜਿਹੀ ਤਹਿ ਕਰਕੇ ਮਿੱਟੀ ਨੂੰ ਉਪਜਾਊ ਬਣਾਉਣ ਵਾਲੇ ਤੇ ਮਿੱਟੀ ਵਿਚ ਕੰਮ ਕਰਨ ਵਾਲੇ ਛੋਟੇ ਕੀੜਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਝੋਨੇ ਲਈ ਵਰਤੀਆਂ ਜਾਣ ਵਾਲੀਆਂ ਬਹੁਤੀਆਂ ਰਸਾਇਣਾਂ ਮਿੱਟੀ ਵਿਚ ਰਚਦੀਆਂ ਹਨ ਤੇ ਇਨ੍ਹਾਂ ਕਰਕੇ ਮਿੱਟੀ ਨੂੰ ਉਪਜਾਊ ਬਣਾਉਣ ਵਾਲੇ ਬਹੁਤ ਸਾਰੇ ਕਲਿਆਣਕਾਰੀ ਜੀਵ ਜਿਵੇਂ ਪੂੰਗਰੇ, ਗੰਡੋਏ, ਘੁਮਾਰ ਤੇ ਕਦੇ ਮੌਨਸੂਨ ਦੇ ਪਹਿਲੇ ਮੀਂਹ ਨਾਲ਼ ਖੇਤਾਂ ਵਿਚ ਪੈਦਾ ਹੋਣ ਵਾਲੇ ਅਰਬਾਂ ਖਰਬਾਂ ਡੱਡੂ ਜੋ ਆਪਣੇ ਮਲ ਨਾਲ਼ ਜ਼ਮੀਨ ਨੂੰ ਸਮਰੱਥਾ ਬਖਸ਼ਦੇ ਸਨ, ਅੱਜ ਖਤਮ ਹੋਣ ਦੇ ਕੰਢੇ ‘ਤੇ ਹਨ। ਕਦੇ ਸਾਉਣ ਭਾਦੋਂ ਦੇ ਦਿਨਾਂ ਅੰਦਰ ਸੱਜਰੇ ਵਾਹੇ ਸਿਆੜਾਂ ਵਿਚ ਲਾਲ ਰੰਗ ਦੇ ਛੋਟੇ ਛੋਟੇ ਕੀੜੇ ਭਾਰੀ ਗਿਣਤੀ ਵਿਚ ਨਜ਼ਰ ਆਉਂਦੇ ਸਨ, ਇਨ੍ਹਾਂ ਨੂੰ ਚੀਚ ਵਹੁਟੀਆਂ ਕਿਹਾ ਜਾਂਦਾ ਸੀ ਅਤੇ ਇਨ੍ਹਾਂ ਕੀੜਿਆਂ ਤੇ ਨੇਰ੍ਹੀਆਂ ਰਾਤਾਂ ਅੰਦਰ ਫਸਲਾਂ ਦੇ ਪੱਤਿਆਂ ਵਿਚ ਚਾਨਣ ਖਿਲਾਰਨ ਵਾਲੇ ਟਟਹਿਣੇ (ਜੁਗਨੂੰ) ਫਸਲ ਲਈ ਵਰਤੀਆਂ ਜਾਣ ਵਾਲੀਆਂ ਰਸਾਇਣਾਂ ਦੀ ਭੇਂਟ ਚੜ੍ਹ ਕੇ ਹਮੇਸ਼ਾਂ ਲਈ ਆਪਣੀਆਂ ਪ੍ਰਜਾਤੀਆਂ ਗੁਆ ਚੁੱਕੇ ਹਨ।ਉੱਤਰ ਪੱਛਮ ਦੇ ਸੂਬਿਆਂ ਵਿਚ ਇਨ੍ਹਾਂ ਕਲਿਆਣਕਾਰੀ ਜੀਵਾਂ ਤੇ ਮਿੱਟੀ ਦੀ ਸਮਰੱਥਾ ਨੂੰ ਬਚਾਉਣ ਲਈ ਅੱਜ ਕ੍ਰਾਂਤੀਕਾਰੀ ਅਪਰੇਸ਼ਨ ਦੀ ਸਖ਼ਤ ਲੋੜ ਹੈ। ਅਜਿਹੇ ਅਪਰੇਸ਼ਨ ਨਾਲ਼ ਥੋੜ੍ਹਾ ਬਹੁਤ ਨੁਕਸਾਨ ਤੇ ਤਕਲੀਫ਼ ਤਾਂ ਹੋ ਸਕਦੀ ਹੈ ਪਰ ਇਸ ਦੀ ਲੋੜ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਅੱਜ ਸਮਾਂ ਆ ਗਿਆ ਹੈ ਕਿ ਉੱਤਰ ਪੱਛਮ ਦੇ ਸੂਬਿਆਂ ਵਿਚੋਂ ਝੋਨੇ ਦੀ ਕਾਸ਼ਤ ਨੂੰ ਚੁੱਕ ਕੇ ਇਸ ਨਾਲ਼ ਉੱਤਰ ਪੂਰਬ ਦੇ ਸੂਬਿਆਂ ਵਿਚ ਦੂਜੀ ਹਰੀ ਕ੍ਰਾਂਤੀ ਦੀ ਬੁਨਿਆਦ ਰੱਖੀ ਜਾਵੇ, ਜਿੱਥੇ ਅਣਵਰਤੀ ਜ਼ਮੀਨ, ਖੁੱਲ੍ਹਾ ਪਾਣੀ ਤੇ ਚੌਲਾਂ ਦੇ ਖਪਤਕਾਰ ਵੱਸਦੇ ਹਨ। ਇਉਂ ਪੰਜਾਬ ਤੇ ਹਰਿਆਣੇ ਵਿਚ ਝੋਨੇ ਦੀ ਸਹਾਇਕ ਕੀਮਤ ‘ਤੇ ਖਰੀਦ ਬੰਦ ਕਰ ਦਿੱਤੀ ਜਾਵੇ ਪਰ ਇਸ ਤੋਂ ਪਹਿਲਾਂ ਵਿਦੇਸ਼ਾਂ ਤੋਂ ਹਰ ਸਾਲ ਖਰਬਾਂ ਰੁਪਏ ਦੀਆਂ ਦਾਲਾਂ ਤੇ ਤੇਲ ਬੀਜਾਂ ਦੀ ਦਰਾਮਦ ਬੰਦ ਕਰ ਦਿੱਤੀ ਜਾਵੇ ਤੇ ਸਰਕਾਰ ਤੇਲ ਬੀਜ, ਦਾਲਾਂ ਤੇ ਮੱਕੀ ਦੀਆਂ ਲਾਹੇਵੰਦ ਕੀਮਤਾਂ ਨਿਸਚਿਤ ਕਰਕੇ ਕਣਕ ਝੋਨੇ ਵਾਂਗ ਇਨ੍ਹਾਂ ਨੂੰ ਖਰੀਦਣ ਲਈ ਖੁਦ ਮੰਡੀਆਂ ਵਿਚ ਆਵੇ। ਉੱਤਰ ਪੱਛਮੀ ਭਾਰਤ ਵਿਚ ਦਾਲਾਂ ਤੇ ਤੇਲ ਬੀਜਾਂ ਦੀ ਕਾਸ਼ਤ ਨਾਲ਼ ਇਨ੍ਹਾਂ ਦੀਆਂ ਜੜ੍ਹਾਂ ਤੇ ਬਚਖੁਚ ਜ਼ਮੀਨ ਵਿਚ ਰਲਣ ਨਾਲ਼ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਤੇ ਦਾਲਾਂ ਦੀ ਕਾਸ਼ਤ ਵਿਚ ਲਾਗਤਾਂ ਘੱਟ ਹੋਣ ਕਰਕੇ ਕਿਸਾਨਾਂ ਦੀ ਆਮਦਨ ਵਧੇਗੀ।
ਅਜਿਹੇ ਕਲਿਆਣਕਾਰੀ ਅਪਰੇਸ਼ਨ ਤੋਂ ਪਹਿਲਾਂ ਇਹ ਹਿਸਾਬ ਵੀ ਲਾਇਆ ਜਾਵੇ ਕਿ ਉੱਤਰ ਪੱਛਮ ਦੇ ਭੰਡਾਰਾਂ ਵਿਚ ਪਿਆ ਕਿੰਨੀ ਕੀਮਤ ਦਾ ਝੋਨਾ ਬਰਬਾਦ ਹੋਇਆ? ਝੋਨੇ ਦੇ ਵਪਾਰ ਵਿਚ ਭ੍ਰਿਸ਼ਟਚਾਰ ਰਾਹੀਂ ਕਿੰਨੇ ਰੁਪਏ ਦਾ ਨੁਕਸਾਨ ਹੋਇਆ ਅਤੇ ਦੂਰ ਦੁਰਾਡੇ ਵੱਸਦੇ ਖਪਤਕਾਰਾਂ ਲਈ ਚੌਲ ਲਿਜਾਣ ਨਾਲ਼ ਢੋਆ ਢੁਆਈ ‘ਤੇ ਕਿੰਨਾ ਖਰਚ ਹੋਇਆ? ਅਜਿਹੀਆਂ ਭਾਰੀ ਰਕਮਾਂ ਜੋੜ ਕਰਕੇ ਜਿੰਨਾ ਪੈਸਾ ਬਣੇ, ਉਹ ਝੋਨੇ ਦੀ ਲਾਗਤ ਦਾ ਤਿਆਗ ਕਰਨ ਵਾਲੇ ਕਿਸਾਨਾਂ ਵਿਚ ਹਰ ਸਾਲ ਵੰਡਿਆ ਜਾਵੇ। ਅਜਿਹਾ ਕਰਨ ਨਾਲ਼ ਸਰਕਾਰੀ ਖ਼ਜ਼ਾਨੇ ‘ਤੇ ਇਕ ਕੌਡੀ ਦਾ ਵੀ ਬੋਝ ਨਹੀਂ ਪਵੇਗਾ।
ਇਸ ਖਿੱਤੇ ਵਿਚ ਕਣਕ ਵਿਚ ਜ਼ਮੀਨ ਨੂੰ ਸਮਰੱਥਾ ਬਖਸ਼ਣ ਵਾਲੀਆਂ ਦਾਲਾਂ ਆਦਿ ਵਰਗੀਆਂ ਫਸਲਾਂ ਬੀਜਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਕਦੇ ਕਣਕ ਵਿਚ ਛੋਲਿਆਂ ਦੀ ਕਾਸ਼ਤ ਕੀਤੀ ਜਾਂਦੀ ਸੀ ਤੇ ਇਸ ਨੂੰ ਬੇਰੜਾ ਕਿਹਾ ਜਾਂਦਾ ਸੀ, ਅਜਿਹਾ ਕਰਨ ਨਾਲ਼ ਜ਼ਮੀਨ ਦੀ ਸਮਰੱਥਾ ਵਧ ਸਕਦੀ ਹੈ। ਵੱਖ ਵੱਖ ਤਰ੍ਹਾਂ ਦੇ ਫਸਲਾਂ ਦੇ ਨਦੀਨਾਂ ਨੂੰ ਬੀਜ ਪੈਣ ਤੋਂ ਪਹਿਲਾਂ ਅਤੇ ਨਰਮ ਅਵਸਥਾ ਵਿਚ ਫਸਲਾਂ ਤੇ ਬੰਨੇ ਵੱਟਾਂ ਤੋਂ ਕੱਢ ਕੇ ਖੇਤਾਂ ਦੇ ਖੂੰਜੇ ਢੇਰ ਲਾ ਕੇ ਦੇਸੀ ਰੂੜੀ ਤਿਆਰ ਕਰਨ ਦਾ ਰਵਾਇਤ ਪ੍ਰਚੱਲਤ ਹੋਣੀ ਚਾਹੀਦੀ ਹੈ।
ਜ਼ਮੀਨ ਦੀ ਸ਼ਕਤੀ ਨੂੰ ਸਥਿਰ ਰੱਖਣ ਵਾਸਤੇ ਖੇਤੀ ਖੋਜ ਨੇ ਮਹੱਤਵਪੂਰਨ ਕੰਮ ਕੀਤਾ ਹੈ। ਹੁਣ ਬਿਨਾਂ ਵਹਾਈ ਕੀਤੇ ਮੱਕੀ ਤੇ ਝੋਨੇ ਦੇ ਵੱਢ ਵਿਚ ਕਣਕ ਅਤੇ ਕਣਕ ਦੇ ਵੱਢਾਂ ਵਿਚ ਮੱਕੀ ਬੀਜੀ ਜਾ ਸਕਦੀ ਹੈ। ਮੇਰੇ ਆਪਣੇ ਖੇਤੀ ਫਾਰਮ ‘ਤੇ ਕੀਤੇ ਪਰਤਾਵਿਆਂ (ਤਜਰਬਿਆਂ) ਰਾਹੀਂ ਸਾਬਤ ਹੋਇਆ ਹੈ ਕਿ ਹਮਲਾਵਰ ਨਦੀਨਾਂ ਨੂੰ ਰਸਾਇਣਾਂ ਨਾਲ਼ ਖਤਮ ਕਰਕੇ ਦਾਲਾਂ, ਤੇਲ ਬੀਜਾਂ ਅਤੇ ਫੁੱਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਇੱਥੇ ਬਿਨਾਂ ਵਾਹੇ ਅਰਹਰ ਤੋਂ ਬਾਅਦ ਰਾਜਮਾਂਹ, ਇਸ ਤੋਂ ਬਾਅਦ ਗੇਂਦੇ ਦੀ ਅਤੇ ਇਕੋ ਪਲਾਟ ਵਿਚ ਲਗਾਤਾਰ ਚਾਰ ਸਾਲ ਬਿਨਾਂ ਵਾਹੇ ਗੇਂਦੇ ਦੀ ਸਫਲ ਕਾਸ਼ਤ ਕੀਤੀ ਗਈ ਹੈ, ਪਰ ਅਜਿਹਾ ਸਭ ਕੁਝ ਅਜੇ ਪਰਤਾਵਿਆਂ ਅਧੀਨ ਹੈ। ਇਸ ਵਾਸਤੇ ਖੋਜ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ।
ਅਜਿਹਾ ਕਰਦਿਆਂ ਅਜੇ ਤੱਕ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਨਾਲ ਵਹਾਈ ਦੇ ਖਰਚੇ ਅਤੇ ਖੇਚਲ ਘਟਦੀ ਹੈ, ਸਮੇਂ ਦੀ ਵੀ ਬੱਚਤ ਹੁੰਦੀ ਪਰ ਇਹ ਦੇਖਣਾ ਅਜੇ ਬਾਕੀ ਹੈ ਕਿ ਜ਼ਮੀਨ ਦੀ ਹੇਠਲੀ ਤੇ ਉਪਰਲੀ ਤਹਿ ਦੇ ਲੰਮੇ ਸਮੇਂ ਤੱਕ ਹੇਠ ਉੱਪਰ ਪਏ ਰਹਿਣ ਨਾਲ ਜ਼ਮੀਨ ਦੀ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ ਤਾਂ ਨਹੀਂ ਹੁੰਦੀ? ਇਸ ਬਾਰੇ ਵੀ ਖੋਜ ਦੀ ਜ਼ਰੂਰਤ ਹੈ।
ਮਿੱਟੀ ਹੇਠਲਾ ਪਾਣੀ ਵੀ ਮਿੱਟੀ ਦੀ ਸਮਰੱਥਾ ਅਤੇ ਗੁਣਵੱਤਾ ਨਾਲ਼ ਜੁੜਿਆ ਹੋਇਆ ਹੈ। ਵੱਡੀ ਪੱਧਰ ‘ਤੇ ਵੱਖ ਵੱਖ ਲੋੜਾਂ ਲਈ ਧਰਤੀ ਹੇਠੋਂ ਪਾਣੀ ਕੱਢਣ ਦੀ ਰਫ਼ਤਾਰ ਨੂੰ ਵੀ ਨਿਯਮਬੱਧ ਕਰਨ ਦੀ ਸਖ਼ਤ ਲੋੜ ਹੈ, ਕਿਉਂਕਿ ਧਰਤੀ ਹੇਠੋਂ ਵੱਡੀ ਪੱਧਰ ‘ਤੇ ਪਾਣੀ ਕੱਢਣ ਨਾਲ਼ ਜੋ ਖਲਾਅ ਪੈਦਾ ਹੋਵੇਗਾ, ਉਸ ਨੂੰ ਭਰਨ ਵਾਸਤੇ ਉੱਚੇ ਤੇ ਦੂਰ ਦੁਰਾਡੇ ਪਾਸਿਆਂ ਤੋਂ ਪਾਣੀਆਂ ਦੀ ਹਿਜਰਤ (ਮਾਈਗ੍ਰੇਸ਼ਨ) ਹੋਵੇਗੀ। ਅਜਿਹੇ ਪਾਣੀ ਆਪਣੇ ਨਾਲ਼ ਕਈ ਤਰ੍ਹਾਂ ਦੇ ਲੂਣ, ਜ਼ਹਿਰੀਲੇ ਤੱਤ ਅਤੇ ਔਗੁਣ ਲੈ ਕੇ ਆਉਣਗੇ ਤੇ ਇਹ ਪਾਣੀ ਜਦੋਂ ਸਿੰਜਾਈ ਲਈ ਵਰਤਿਆ ਜਾਵੇਗਾ ਤਾਂ ਇਸ ਨਾਲ਼ ਫਸਲਾਂ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ।
ਧਰਤੀ ਹੇਠ ਪਾਣੀ ਦੇ ਨਾਲ਼ ਨਾਲ਼ ਰੇਤੇ ਅਤੇ ਮਿੱਟੀ ਦੀ ਹਿਜਰਤ (ਮਾਈਗ੍ਰੇਸ਼ਨ) ਵੀ ਹੋ ਰਹੀ ਹੈ। ਇਸ ਦੀ ਪੁਸ਼ਟੀ ਪਿੱਛੇ ਜਿਹੇ ਦੇਹਰਾਦੂਨ ਤੋਂ ਜਾਰੀ ਹੋਈ ਸਾਡੀ ਪੁਲਾੜ ਏਜੰਸੀ ‘ਇਸਰੋ’ ਦੀ ਰਿਪੋਰਟ ਰਾਹੀਂ ਵੀ ਹੋਈ ਹੈ। ਰਿਪੋਰਟ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਧਰਤੀ ਦੇ ਕਈ ਭਾਗਾਂ ਵਿਚ ਪਾਣੀ ਦੇ ਨਾਲ਼ ਮਿੱਟੀ ਦੀ ਮਾਈਗ੍ਰੇਸ਼ਨ ਹੋਣ ਨਾਲ਼ ਭੂਚਾਲ ਦੀ ਅਵਸਥਾ ‘ਚ ਚੰਡੀਗੜ੍ਹ ਤੇ ਇਸ ਦੇ ਆਲੇ ਦੁਆਲੇ ਅਤੇ ਦਿੱਲੀ, ਨੋਇਡਾ ਤੇ ਇਸ ਦੇ ਇਰਦ ਗਿਰਦ ਦੇ ਇਲਾਕੇ ਫਸਲਾਂ, ਬਿਰਛ, ਬੂਟਿਆਂ ਤੇ ਉੱਚੀਆਂ ਬਿਲਡਿੰਗਾਂ ਸਮੇਤ ਧਰਤੀ ਵਿਚ ਗਰਕ ਸਕਦੇ ਹਨ।
ਪਹਾੜੀ ਰਾਜਾਂ ਵਿਸ਼ੇਸ਼ ਕਰਕੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਅੰਦਰ ਵੱਡੀ ਗਿਣਤੀ ਵਿਚ ਬਿਰਛ ਤੇ ਝਾੜ ਝੰਗਾੜ ਦੀ ਕਟਾਈ ਹੋ ਰਹੀ ਹੈ। ਕਦੇ ਪਹਾੜਾਂ ‘ਤੇ ਬਗੜ ਦੀ ਜੰਗਲੀ ਫਸਲ ਹੁੰਦੀ ਸੀ। ਇਸ ਤੋਂ ਤਿਆਰ ਰੱਸੀਆਂ ਨਾਲ਼ ਮੰਜੇ ਬੁਣੇ ਜਾਂਦੇ ਸਨ। ਮੰਜਿਆਂ ਦਾ ਪੁਰਾਣਾ ਸੱਭਿਆਚਾਰ ਖਤਮ ਹੋ ਗਿਆ ਤੇ ਬਗੜ ਵੀ ਖ਼ਤਮ ਹੋ ਗਈ ਹੈ; ਫਲਸਰੂਪ, ਪਹਾੜਾਂ ਦੀ ਮਿੱਟੀ ਰੁੜ੍ਹ ਗਈ ਹੈ ਤੇ ਹੇਠੋਂ ਪੱਥਰ ਨਿੱਕਲ ਆਏ ਹਨ। ਇਸ ਸੂਰਤ ਵਿਚ ਕਈ ਤਰ੍ਹਾਂ ਦੀਆਂ ਫਸਲਾਂ ਦੀ ਕਾਸ਼ਤ ਵਿਚ ਮੁਸ਼ਕਿਲ ਆ ਰਹੀ ਹੈ? ਪਹਾੜੀ ਰਾਜਾਂ ਵਿਚ ਲਵੇਰਿਆਂ ਵਾਸਤੇ ਚਾਰਿਆਂ ਦੀ ਸਖ਼ਤ ਘਾਟ ਹੈ। ਪਹਾੜਾਂ ਦੀ ਮਿੱਟੀ ਨੂੰ ਸੁਰੱਖਿਅਤ ਰੱਖਣ ਅਤੇ ਚਾਰੇ ਵਾਸਤੇ ਗਿੰਨੀ ਘਾਹ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਚਾਹੀਦਾ ਹੈ। ਅਜਿਹੀ ਫਸਲ ਭਰਪੂਰ ਅਤੇ ਪੌਸ਼ਟਿਕ ਚਾਰਾ ਵੀ ਦੇ ਸਕਦੀ ਹੈ ਤੇ ਪਹਾੜਾਂ ਦੀ ਮਿੱਟੀ ਨੂੰ ਫੜ ਕੇ ਰੱਖ ਸਕਦੀ ਹੈ ਤੇ ਰੁੜ੍ਹਨ ਤੋਂ ਬਚਾ ਸਕਦੀ ਹੈ।
ਭਾਰਤ ਸਰਕਾਰ ਵੱਲੋਂ ਮਿੱਟੀ ਬਾਰੇ ਨੀਤੀ (ਸੌਇਲ ਪਾਲਿਸੀ) ਬਣਾਉਣ ਤੋਂ ਪਹਿਲਾਂ ਕੌਮੀ ਖੇਤੀਬਾੜੀ ਸਾਇੰਸ ਅਕਾਦਮੀ ਵੱਲੋਂ ਦਿੱਲੀ ਵਿੱਚ ਬਾਕਾਇਦਾ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਵਿਚ ਇਹ ਵਿਚਾਰ ਸਾਂਝੇ ਕੀਤੇ ਗਏ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ