Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਕੱਟੜਤਾ ਦੇ ਕਿੱਸੇ-ਸਵਰਾਜਬੀਰ


    
  

Share
  
ਸ਼ਿਵ ਸੈਨਾ ਨੇ ਆਪਣੇ ਬਾਨੀ ਬਾਲ ਠਾਕਰੇ ਉੱਤੇ ਫ਼ਿਲਮ ‘ਠਾਕਰੇ’ ਬਣਾਈ ਹੈ ਜੋ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਬਾਕੀ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਸੈਂਟਰਲ ਬੋਰਡ ਆਫ਼ ਸਰਟੀਫ਼ਿਕੇਸ਼ਨ, ਜਿਸ ਨੂੰ ਆਮ ਭਾਸ਼ਾ ਵਿਚ ਸੈਂਸਰ ਬੋਰਡ ਕਿਹਾ ਜਾਂਦਾ ਹੈ, ਸਾਹਮਣੇ ਪੇਸ਼ ਕੀਤੀ ਗਈ ਹੈ। ਸੈਂਸਰ ਬੋਰਡ ਦਾ ਕੰਮ ਇਹ ਵੇਖਣਾ ਹੈ ਕਿ ਫ਼ਿਲਮ ਵਿਚ ਇਤਰਾਜ਼ਯੋਗ ਦ੍ਰਿਸ਼ ਨਾ ਹੋਣ; ਫ਼ਿਲਮਾਂ ਦਾ ਵਿਸ਼ਾ, ਸਮੱਗਰੀ, ਭਾਸ਼ਾ ਜਾਂ ਦ੍ਰਿਸ਼ ਕਿਸੇ ਧਾਰਮਿਕ ਫ਼ਿਰਕੇ ਜਾਂ ਵਰਗ/ਜਾਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਨਾ ਹੋਣ; ਬੇਲੋੜੀ ਹਿੰਸਾ ਤੇ ਗ਼ੈਰ-ਸਮਾਜਿਕ ਗਤੀਵਿਧੀਆਂ ਨੂੰ ਵਡਿਆਇਆ ਨਾ ਗਿਆ ਹੋਵੇ। ਬੋਰਡ ਨੇ ਇਸ ਫ਼ਿਲਮ ਉੱਤੇ ਕੁਝ ਇਤਰਾਜ਼ ਜਤਾਏ ਹਨ: ਦੱਖਣੀ ਹਿੰਦੋਸਤਾਨ ਦੇ ਵੱਖ ਵੱਖ ਸੂਬਿਆਂ ਵਿਚ ਰਹਿਣ ਵਾਲੇ ਲੋਕਾਂ ਪ੍ਰਤੀ ਘ੍ਰਿਣਾ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ; ਬਾਬਰੀ ਮਸਜਿਦ ਨਾਲ ਸਬੰਧਿਤ ਵਿਖਾਏ ਗਏ ਕੁਝ ਦ੍ਰਿਸ਼ ਫ਼ਿਰਕੂ ਜਜ਼ਬਾਤ ਭੜਕਾ ਸਕਦੇ ਹਨ। ਸ਼ਿਵ ਸੈਨਾ ਨੇ ਧਮਕੀ ਦਿੱਤੀ ਹੈ ਕਿ ਉਹ ਸੈਂਸਰ ਬੋਰਡ ਦੁਆਰਾ ਲਾਏ ਕੱਟ ਪ੍ਰਵਾਨ ਨਹੀਂ ਕਰੇਗੀ ਅਤੇ ਫ਼ਿਲਮ ਨੂੰ ਓਸੇ ਤਰ੍ਹਾਂ ਹੀ ਵਿਖਾਉਣਾ ਚਾਹੀਦਾ ਹੈ ਜਿਵੇਂ ਉਸ ਨੂੰ ਬਣਾਇਆ ਗਿਆ ਹੈ। ਇਸ ਸਬੰਧੀ ਆਪਣੀ ਦਲੀਲ ਨੂੰ ਨਿਆਂਸੰਗਤ ਠਹਿਰਾਉਂਦਿਆਂ ਹੋਇਆਂ ਫ਼ਿਲਮ ਦੇ ਪ੍ਰੋਡਿਊਸਰ/ਲੇਖਕ ਸੰਜੇ ਰਾਉਤ, ਜੋ ਸ਼ਿਵ ਸੈਨਾ ਦਾ ਐੱਮ.ਪੀ. ਵੀ ਹੈ, ਨੇ ਕਿਹਾ ਹੈ ਕਿ ਬਾਲਾ ਸਾਹਿਬ ਠਾਕਰੇ ਨੂੰ ਫ਼ਿਲਮ ਵਿਚ ਓਦਾਂ ਹੀ ਵਿਖਾਇਆ ਗਿਆ ਹੈ ਜਿਵੇਂ ਉਹ ਜ਼ਿੰਦਗੀ ਵਿਚ ਸੀ; ਸੰਜੇ ਰਾਉਤ ਦੇ ਸ਼ਬਦਾਂ ਵਿਚ ‘ਜ਼ਿੰਦਗੀ ਤੋਂ ਵੱਡਾ’ ਅਤੇ ‘ਸ਼ੇਰ ਮਰਦ’, ਜਿਸ ਨੇ ਜ਼ਿੰਦਗੀ ਵਿਚ ਜੋ ਵੀ ਕੀਤਾ, ਠੀਕ ਕੀਤਾ। ਉਸ ਨੇ ਸੈਂਸਰ ਬੋਰਡ ਨੂੰ ਵੰਗਾਰਿਆ ਹੈ ਕਿ ਉਹ ਕਿਵੇਂ ਬਾਲਾ ਸਾਹਿਬ ਠਾਕਰੇ ਬਾਰੇ ਇਹ ਫ਼ੈਸਲਾ ਕਰ ਸਕਦਾ ਹੈ ਕਿ ਕੀ ਠੀਕ ਹੈ ਤੇ ਕੀ ਗ਼ਲਤ? ਰਾਉਤ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਇਸ ਫ਼ਿਲਮ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਸ਼ਿਵ ਸੈਨਾ ਸੈਂਸਰ ਬੋਰਡ ਤੋਂ ਕਈ ਫ਼ਿਲਮਾਂ ’ਤੇ ਪਾਬੰਦੀ ਲਾਉਣ ਜਾਂ ਉਨ੍ਹਾਂ ਵਿਚੋਂ ਕੁਝ ਦ੍ਰਿਸ਼ ਕੱਟਣ ਦੀ ਮੰਗ ਕਰਦੀ ਰਹੀ ਹੈ ਕਿਉਂਕਿ ਉਨ੍ਹਾਂ ਵਿਚ ਕੁਝ ਇਹੋ ਜਿਹੀ ਵਿਸ਼ਾ-ਸਮੱਗਰੀ ਸੀ ਜੋ ਸ਼ਿਵ ਸੈਨਾ ਨੂੰ ਨਾਪਸੰਦ ਸੀ ਜਾਂ ਉਹਦੇ ਅਨੁਸਾਰ ਬਹੁਗਿਣਤੀ ਵਾਲੇ ਧਾਰਮਿਕ ਫ਼ਿਰਕੇ ਜਾਂ ਉਸ ਦੇ ਕਿਸੇ ਖ਼ਾਸ ਵਰਗ/ਜਾਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸੀ। ਇਨ੍ਹਾਂ ਫ਼ਿਲਮਾਂ ਵਿਚ ਪਦਮਾਵਤ, ਬਾਜੀਰਾਓ ਮਸਤਾਨੀ, ਲਵ ਰਾਤਰੀ, ਮਾਏ ਨੇਮ ਇਜ਼ ਖ਼ਾਨ, ਰਈਸ ਆਦਿ ਪ੍ਰਮੁੱਖ ਹਨ। ਸ਼ਿਵ ਸੈਨਾ ਨੇ ਨਾ ਸਿਰਫ਼ ਫ਼ਿਲਮਾਂ ਨੂੰ ਸੈਂਸਰ ਕਰਨ ਜਾਂ ਉਨ੍ਹਾਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸਗੋਂ ਕਈ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਹੁੱਲੜਬਾਜ਼ੀ ਤੇ ਹਿੰਸਕ ਕਾਰਵਾਈਆਂ ਵੀ ਕੀਤੀਆਂ। ਇਸੇ ਤਰ੍ਹਾਂ ਸ਼ਿਵ ਸੈਨਾ ਨੇ ਸਲਮਾਨ ਰਸ਼ਦੀ ਦੇ ਨਾਵਲ ‘ਮੂਰ’ਜ਼ ਲਾਸਟ ਸਾਈ’ ਅਤੇ ਰੋਹਿੰਗਤਨ ਮਿਸਤਰੀ ਦੇ ਨਾਵਲ ‘ਸਚ ਏ ਲੌਂਗ ਜਰਨੀ’ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਸ਼ਿਵ ਸੈਨਾ ਬਾਰੇ ਇਹ ਪ੍ਰਭਾਵ ਹੀ ਨਹੀਂ ਜਾਂਦਾ ਕਿ ਉਹ ਇਕ ਕੱਟੜਪੰਥੀ ਪਾਰਟੀ ਹੈ ਅਤੇ ਆਪਣੇ ਕੱਟੜਪੰਥੀ ਹੋਣ ਉੱਤੇ ਮਾਣ ਕਰਦੀ ਹੈ ਸਗੋਂ ਇਹ ਪ੍ਰਭਾਵ ਵੀ ਜਾਂਦਾ ਹੈ ਕਿ ਉਹ ਇਸ ਗੱਲ ਦੀ ਛਾਪ ਲੋਕਾਂ ਦੇ ਮਨਾਂ ’ਤੇ ਗੂੜ੍ਹੀ ਕਰਨਾ ਚਾਹੁੰਦੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਬਾਰੇ ਉਸ ਦੇ ਕੱਟੜਪੰਥੀ ਰਵੱਈਏ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਹੁੰਦੇ ਰਹੇ ਕ੍ਰਿਕਟ ਮੈਚ ਵੀ ਨਹੀਂ ਹੋ ਸਕੇ।
ਇਤਿਹਾਸਕਾਰ ਗਿਆਨ ਪ੍ਰਕਾਸ਼ ਨੇ ਆਪਣੀ ਕਿਤਾਬ ‘ਮੁੰਬਈ ਫੇਬਲਜ਼’ ਵਿਚ ਮੁੰਬਈ ਸ਼ਹਿਰ ਦਾ ਇਤਿਹਾਸ ਉਲੀਕਿਆ ਹੈ। 1940ਵਿਆਂ ਵਿਚ ਬੰਬਈ ਹਿੰਦੋਸਤਾਨ ਦਾ ਵੱਡਾ ਸਨਅਤੀ ਕੇਂਦਰ ਬਣਕੇ ਉੱਭਰਿਆ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਜ਼ਦੂਰ ਰੁਜ਼ਗਾਰ ਦੀ ਭਾਲ ਵਿਚ ਇੱਥੇ ਆਏ। ਉਨ੍ਹਾਂ ਦਿਨਾਂ ਵਿਚ ਇਹ ਸੁਪਨਸਾਜ਼ਾਂ ਦਾ ਸ਼ਹਿਰ ਵੀ ਸੀ। ਪਰਮਾਣੂ ਵਿਗਿਆਨਕ ਹੋਮੀ ਭਾਬਾ, ਸੰਗੀਤਕਾਰ ਰਵੀ ਸ਼ੰਕਰ, ਉਰਦੂ ਸਾਹਿਤਕਾਰ ਖਵਾਜ਼ਾ ਅਹਿਮਦ ਅੱਬਾਸ, ਅੰਗਰੇਜ਼ੀ ਸਾਹਿਤਕਾਰ ਮੁਲਕ ਰਾਜ ਆਨੰਦ ਅਤੇ ਸ੍ਰੀਲੰਕਾ ਦੇ ਇਕ ਸਿਆਸਤਦਾਨ ਦੀ ਧੀ ਅਨਿਲ ਡੀਸਿਲਵਾ ਨੇ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਨੀਂਹ ਰੱਖੀ। ਹਿੰਦੋਸਤਾਨ ਦੇ ਵੱਖ-ਵੱਖ ਹਿੱਸਿਆਂ ’ਚੋਂ ਆਏ ਕਲਾਕਾਰ, ਲੇਖਕ ਤੇ ਕਵੀ ਜਿਨ੍ਹਾਂ ਵਿਚੋਂ ਬਲਰਾਜ ਸਾਹਨੀ, ਇਸਮਤ ਚੁਗਤਾਈ, ਅਲੀ ਸਰਦਾਰ ਜਾਫ਼ਰੀ, ਸੱਜਾਦ ਜ਼ਹੀਰ, ਕੈਫ਼ੀ ਆਜ਼ਮੀ, ਕ੍ਰਿਸ਼ਨ ਚੰਦਰ, ਜੋਸ਼ ਇਲਾਹਾਬਾਦੀ, ਚੇਤਨ ਆਨੰਦ ਆਦਿ ਪ੍ਰਮੁੱਖ ਸਨ, ਇਪਟਾ ਵਿਚ ਆਏ ਤੇ ਮੁੰਬਈ ਵਿਚ ਸਭਿਆਚਾਰਕ ਸੁਪਨਿਆਂ ਦਾ ਨਵਾਂ ਸੰਸਾਰ ਬਣਨਾ ਸ਼ੁਰੂ ਹੋਇਆ। ਇਕ ਪਾਸੇ ਸੁਪਨਿਆਂ ਦਾ ਸੰਸਾਰ ਬਣ ਰਿਹਾ ਸੀ ਅਤੇ ਦੂਸਰੇ ਪਾਸੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ। ਦੇਸ਼ ਦੀ ਵੰਡ ਹੋ ਗਈ ਤੇ ਸੁਪਨੇ ਸੰਜੋਣ ਦੀ ਇਸ ਪ੍ਰਕਿਰਿਆ ਨੂੰ ਵੱਡਾ ਧੱਕਾ ਲੱਗਾ। ਆਜ਼ਾਦੀ ਤੋਂ ਬਾਅਦ ਜਿਉਂ ਹੀ ਸ਼ਹਿਰ ਸੰਭਲਿਆ ਤਾਂ ਸੁਪਨਸਾਜ਼ਾਂ ਨੇ ਸੁਪਨਿਆਂ ਨੂੰ ਫਿਰ ਨਵੇਂ ਸਿਰੇ ਤੋਂ ਸੰਜੋਣਾ ਸ਼ੁਰੂ ਕੀਤਾ। ਇਸ ਦੀ ਇਕ ਮਿਸਾਲ ਰਾਜ ਕਪੂਰ ਦੀਆਂ ਫ਼ਿਲਮਾਂ ‘ਆਵਾਰਾ’, ‘ਜਾਗਤੇ ਰਹੋ’ ਤੇ ‘ਸ੍ਰੀ 420’ ਆਦਿ ਵਿਚ ਮਿਲਦੀ ਹੈ। ਇਨ੍ਹਾਂ ਫ਼ਿਲਮਾਂ ਦੇ ਨਾਇਕਾਂ ਨੂੰ ਬੰਬਈ ਵਿਚ ਤਲਖ਼ ਹਕੀਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਿਚ ਵਪਾਰ, ਧੋਖਾ ਤੇ ਜੱਦੋਜਹਿਦ ਹੈ ਅਤੇ ਇਸ ਸਭ ਕੁਝ ਵਿਚ ਵਿਚਰਦਿਆਂ ਨਾਇਕ ਸਨੇਹ ਤੇ ਪ੍ਰੇਮ ਦੀ ਭਾਲ ਕਰਦੇ ਹਨ। ਪ੍ਰੇਮ ਧੋਖੇ ਤੇ ਫ਼ਰੇਬ ਨਾਲ ਉਸਰੀਆਂ ਇਮਾਰਤਾਂ ’ਚੋ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਫੁੱਟਪਾਥਾਂ ’ਤੇ। ਇਸ ਦਾ ਜ਼ਿਕਰ ਕਰਦਿਆਂ ਅਸ਼ੀਸ਼ ਨੰਦੀ ਆਪਣੀ ਕਿਤਾਬ ‘ਐਨ ਇੰਮਬਿਗੂਅਸ ਜਰਨੀ ਟੂ ਦਿ ਸਿਟੀ’ ਵਿਚ ਲਿਖਦਾ ਹੈ ਕਿ ਇਹ ਨਾਇਕ ਸ਼ਹਿਰ ਵਿਚ ਆਪਣੇ ਪਿੰਡ ਤਲਾਸ਼ ਕਰ ਰਹੇ ਸਨ ਅਤੇ ਉਹ ਪਿੰਡ ਉਨ੍ਹਾਂ ਨੂੰ ਫੁੱਟਪਾਥਾਂ ’ਤੇ ਮਿਲਦੇ ਹਨ। ਮੁੰਬਈ ਫੁੱਟਪਾਥਾਂ ਤੇ ਸਲੱਮਜ਼ (ਅਣ-ਅਧਿਕਾਰਤ ਭੀੜੀਆਂ ਬਸਤੀਆਂ) ਤੇ ਨਾਲ ਨਾਲ ਗਗਨ-ਚੁੰਬੀ ਇਮਾਰਤਾਂ ਤੇ ਵੱਡੀ ਆਰਥਿਕਤਾ ਦਾ ਸ਼ਹਿਰ ਵੀ ਹੈ। ਹਕੀਕੀ ਸੰਸਾਰ ਵਿਚ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ। ਇਕ ਪਾਸੇ ਮੁੰਬਈ ਦੀ ਮਜ਼ਦੂਰ ਜਮਾਤ ਜਥੇਬੰਦ ਹੋ ਚੁੱਕੀ ਹੈ ਅਤੇ ਦੂਸਰੇ ਪਾਸੇ ਮਹਾਰਾਸ਼ਟਰ ਨੂੰ ਵੱਖਰਾ ਸੂਬਾ ਬਣਾਉਣ ਦੀ ਮੰਗ ਉੱਠਦੀ ਹੈ। ਸਮਯੁਕਤ ਮਹਾਰਾਸ਼ਟਰ ਕਰਿਤੀ ਸਮਿਤੀ ਬਣਾਈ ਜਾਂਦੀ ਹੈ ਜਿਸ ਦੇ ਨੇਤਾ ਹਨ ਐੱਸ.ਏ. ਡਾਂਗੇ, ਐੱਸ.ਐੱਮ. ਜੋਸ਼ੀ, ਮਧੂ ਦੰਡਵਤੇ, ਆਚਾਰੀਆ ਅਤਰੇ, ਸੇਨਾਪਤੀ ਬਾਬਤ ਤੇ ਬਾਲਾ ਸਾਹਿਬ ਠਾਕਰੇ ਦਾ ਪਿਤਾ ਕੇਸ਼ਵ ਸੀਤਾਰਾਮ ਠਾਕਰੇ। 1960 ਵਿਚ ਮਹਾਰਾਸ਼ਟਰ ਬਣ ਜਾਂਦਾ ਹੈ। ਭਾਵੇਂ ਮਜ਼ਦੂਰਾਂ ਦੀ ਤਾਕਤ ਅਜੇ ਵੀ ਤਕੜੀ ਹੈ ਪਰ ਨਾਲ ਹੀ ਸ਼ਿਵ ਸੈਨਾ ਦਾ ਉਦੈ ਸ਼ੁਰੂ ਹੁੰਦਾ ਹੈ ਜੋ ਮਰਾਠੀ ਸੱਭਿਆਚਾਰਕ ਸ਼ੁੱਧਤਾ ’ਤੇ ਜ਼ੋਰ ਦਿੰਦੀ ਹੈ ਅਤੇ ਆਪਣੇ ਆਪ ਨੂੰ ਮਰਾਠੀ ਮਾਨੁਸ (ਮਨੁੱਖ) ਦੀ ਰਖਵਾਲੀ ਵਜੋਂ ਪੇਸ਼ ਕਰਦੀ ਹੈ। ਕਮਿਊਨਿਸਟਾਂ, ਗੁਜਰਾਤੀਆਂ ਤੇ ਦੱਖਣੀ ਭਾਰਤ ਦੇ ਮਜ਼ਦੂਰਾਂ ’ਤੇ ਪਹਿਲਾ ਨਿਸ਼ਾਨਾ ਸੇਧਿਆ ਜਾਂਦਾ ਹੈ ਅਤੇ ਫਿਰ 1970 ਵਿਚ ਵੱਡੇ ਅਰਥਾਂ ਵਾਲੀ ਘਟਨਾ ਵਾਪਰਦੀ ਹੈ: ਟਰੇਡ ਯੂਨੀਅਨ ਨੇਤਾ ਕ੍ਰਿਸ਼ਨ ਦੇਸਾਈ ਦਾ ਕਤਲ। ਬਾਅਦ ਵਿਚ ਦੱਤਾ ਸਾਮੰਤ ਮਜ਼ਬੂਤ ਮਜ਼ਦੂਰ ਆਗੂ ਵਜੋਂ ਉੱਭਰਦਾ ਹੈ ਪਰ ਉਸ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ। ਮਜ਼ਦੂਰ ਤਾਕਤ ਘਟਦੀ ਹੈ ਤੇ ਹਾਜੀ ਮਸਤਾਨ, ਯੂਸਫ਼ ਪਟੇਲ, ਕਰੀਮ ਲਾਲਾ, ਦਾਊਦ ਇਬਰਾਹੀਮ ਜਿਹੇ ਗੈਂਗਸਟਰਾਂ ਦੀ ਤਾਕਤ ਵਧਦੀ ਹੈ। ਸ਼ਿਵ ਸੈਨਾ ਮਜ਼ਬੂਤ ਹੁੰਦੀ ਹੋਈ ਸੱਭਿਆਚਾਰਕ ਸੰਗਠਨ ਤੋਂ ਸਿਆਸੀ ਪਾਰਟੀ ਬਣ ਜਾਂਦੀ ਹੈ ਅਤੇ ਸਿਆਸੀ ਸੰਕੀਰਣਤਾ ਦਾ ਦੌਰ ਸ਼ੁਰੂ ਹੁੰਦਾ ਹੈ।
ਸ਼ਿਵ ਸੈਨਾ ਨੇ ਬਾਬਰੀ ਮਸਜਿਦ ਨੂੰ ਢਾਹੁਣ ਲਈ ਚੱਲੀ ਲਹਿਰ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਮੁੰਬਈ ਵਿਚ 1992-1993 ਵਿਚ ਹੋਏ ਦੰਗਿਆਂ ਵਿਚ ਵੀ ਇਸ ਦਾ ਨਾਂ ਉੱਭਰਕੇ ਸਾਹਮਣੇ ਆਇਆ। 1995 ਵਿਚ ਇਹ ਪਾਰਟੀ ਸੱਤਾ ਵਿਚ ਆਈ ਅਤੇ ਇਸ ਨੇ ਬੰਬੇ ਦਾ ਨਾਂ ਬਦਲ ਕੇ ਮੁੰਬਈ ਰੱਖ ਦਿੱਤਾ। ਗਿਆਨ ਪ੍ਰਕਾਸ਼ ਅਨੁਸਾਰ ਇਸ ਤਰ੍ਹਾਂ ਦੇਸ਼ ਨੂੰ ਸੁਪਨੇ ਤੇ ਨਵੇਂ ਦਿਸਹੱਦੇ ਪੇਸ਼ ਕਰਨ ਵਾਲਾ ਸ਼ਹਿਰ ਕੱਟੜਪੰਥੀਆਂ ਦੀ ਝੋਲੀ ਵਿਚ ਪੈ ਗਿਆ; ਇਸ ਦਾ ਵੰਨ-ਸੁਵੰਨਤਾ ਵਾਲਾ ਸੱਭਿਆਚਾਰ ਖੁਰਦਾ ਗਿਆ; ਹੁਣ ਇਹ ਇਕਪਾਸੜ ਸੋਚ ਵਾਲਾ ਸ਼ਹਿਰ ਬਣਕੇ ਰਹਿ ਗਿਆ ਹੈ ਅਤੇ ਇਸ ਵਿਚ ਘੱਟਗਿਣਤੀਆਂ ਅਤੇ ਗ਼ੈਰ-ਮਹਾਰਾਸ਼ਟਰੀਆਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ। ਆਪਣੀ ਮਸ਼ਹੂਰ ਕਿਤਾਬ ‘ਫੈਮਿਲੀ ਮੈਟਰਜ਼’ ਵਿਚ ਰੋਹਿੰਗਤਨ ਮਿਸਤਰੀ ਨੇ ਲਿਖਿਆ ਹੈ: ‘‘ਹੁਣ ਕਬਰਾਂ, ਕੀੜਿਆਂ ਤੇ ਖੁਤਬਿਆਂ ਤੋਂ ਬਿਨਾਂ ਦੱਸਣ ਵਾਲਾ ਹੋਰ ਕੁਝ ਨਹੀਂ ਰਹਿ ਗਿਆ…। ਆਓ, ਕੁਰਸੀਆਂ ’ਤੇ ਬੈਠੀਏ ਤੇ ਸ਼ਹਿਰਾਂ ਦੀ ਮੌਤ ਦੀਆਂ ਕਹਾਣੀਆਂ ਦੱਸੀਏ।’’
ਸ਼ਹਿਰਾਂ, ਦੇਸ਼ਾਂ ਤੇ ਸੱਭਿਆਚਾਰਾਂ ਨੂੰ ਕੱਟੜਪੰਥੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਿੰਦੋਸਤਾਨ ਵਿਚ ਬਹੁਗਿਣਤੀ ਧਰਮ ਵਿਚਲੇ ਕੱਟੜਪੰਥੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਾਰਟੀਆਂ ਅਤੇ ਸੰਗਠਨ ਦੇਸ਼ ਦੇ ਕਾਨੂੰਨ ਨੂੰ ਕਿਉਂ ਨਹੀਂ ਮੰਨਣਾ ਚਾਹੁੰਦੇ? ਉਨ੍ਹਾਂ ਨੇ ਬਾਬਰੀ ਮਸਜਿਦ ਦੇ ਵਿਸ਼ੇ ’ਤੇ ਸੁਪਰੀਮ ਕੋਰਟ ਦੇ ਇਰਾਦਿਆਂ ’ਤੇ ਵੀ ਕਿੰਤੂ ਕੀਤਾ ਹੈ ਅਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਇਹ ਪਾਰਟੀਆਂ ਤੇ ਸੰਗਠਨ ਕਹਿ ਰਹੇ ਹਨ, ਸਿਰਫ਼ ਉਹੀ ਸੌ ਫ਼ੀਸਦ ਸੱਚ ਤੇ ਠੀਕ ਹੈ।
ਕਿਸੇ ਵੀ ਖ਼ਿੱਤੇ, ਵਰਗ ਜਾਂ ਧਰਮ ਦੇ ਲੋਕਾਂ ਦੀ ਸੱਭਿਆਚਾਰਕ, ਧਾਰਮਿਕ, ਨਸਲੀ ਜਾਂ ਜਾਤੀ ਉੱਚਤਾ ਤੇ ਸ਼ੁੱਧਤਾ ’ਤੇ ਜ਼ੋਰ ਦੇਣਾ ਦੂਸਰੇ ਵਰਗਾਂ, ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਛੁਟਿਆਉਣ ਵਾਂਗ ਹੁੰਦਾ ਹੈ ਜਿਸ ਦੇ ਬੜੇ ਗੰਭੀਰ ਸਿੱਟੇ ਨਿਕਲਦੇ ਹਨ। ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੀ ਬਹੁਗਿਣਤੀ ਦੇ ਜਜ਼ਬਾਤ ’ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੀਆਂ ਪਾਰਟੀਆਂ ਘੱਟਗਿਣਤੀ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੀਆਂ ਅਤੇ ਕਾਨੂੰਨ ਤੇ ਸੰਵਿਧਾਨ ਨੂੰ ਮੰਨਣ ਦੇ ਚੰਗੇ ਪੂਰਨੇ ਪਾਉਂਦੀਆਂ ਪਰ ਸਿਆਸਤ ਦਾ ਗੇੜ ਇਸ ਤੋਂ ਉਲਟ ਚੱਲਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਸ਼ਿਵ ਸੈਨਾ ਵੱਲੋਂ ਲਿਆ ਜਾ ਰਿਹਾ ਪੈਂਤੜਾ ਇਸ ਦਾ ਪ੍ਰਤੀਕ ਮਾਤਰ ਹੈ। ਇਹੋ ਜਿਹੀਆਂ ਤਾਕਤਾਂ ਦੇ ਵਿਰੁੱਧ ਵਿਸ਼ਾਲ, ਜਮਹੂਰੀ ਮੋਰਚੇ ਬਣਾਉਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ