Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਟਾਹਲੀ ਦੀ ਟਾਹਣੀ ਤੇ ਟੰਗੇ ਸੁਪਨੇ (ਜੁਗਿੰਦਰ ਸੰਧੂ)
ਟਾਹਲੀ ਦੀ ਟਾਹਣੀ ਤੇ ਟੰਗੇ ਸੁਪਨੇ
(ਜੁਗਿੰਦਰ ਸੰਧੂ) - ਦੇਸ਼ ਦੀ ਵੰਡ ਨੇ ਲੱਖਾਂ ਲੋਕਾਂ ਨੂੰ ਅਵੱਲੇ ਜ਼ਖ਼ਮ ਦਿੱਤੇ ਸਨ। ਹੱਸਦੇ-ਵਸਦੇ ਘਰ-ਕਾਰੋਬਾਰ ਛੱਡ ਕੇ, ਤਿੰਨਾਂ ਕੱਪੜਿਆਂ 'ਚ ਲਕੀਰ ਦੇ ਆਰ-ਪਾਰ ਜਾਣ ਲਈ ਮਜਬੂਰ ਹੋਣਾ ਪਿਆ। ਸਮੇਂ ਦੇ ਚੱਕਰ ਨਾਲ ਅਤੇ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਕੁਝ ਲੋਕਾਂ ਦੇ ਜ਼ਖ਼ਮ ਕਿਸੇ ਹੱਦ ਤਕ ਭਰ ਗਏ ਅਤੇ ਉਨ੍ਹਾਂ ਦੀਆਂ ਚੀਸਾਂ ਹੌਲੀ-ਹੌਲੀ ਮੱਧਮ ਹੋ ਗਈਆਂ। ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨਾਲ ਹੋਣੀ ਨੇ ਕੁਝ ਅਜਿਹੀ ਖੇਡ ਖੇਡੀ ਕਿ ਉਨ੍ਹਾਂ ਦੇ ਜ਼ਖ਼ਮ ਵਿਗੜ ਕੇ ਨਾਸੂਰ ਬਣ ਗਏ, ਜਿਨ੍ਹਾਂ ਦੀ ਚੋਭ ਹਰ ਵੇਲੇ ਕਸੀਰ ਵਾਂਗ ਦਿਲ 'ਚ ਰੜਕਦੀ ਰਹਿੰਦੀ ਹੈ।
ਵੰਡ ਦੀ ਨਾ-ਭੁੱਲਣ ਵਾਲੀ ਪੀੜ ਸਹਿਣ ਕਰ ਰਹੇ ਕੁਝ ਲੋਕਾਂ ਨੂੰ ਮਿਲਣ ਦਾ ਮੌਕਾ ਵੀ ਇਕ ਸਬੱਬ ਹੀ ਸੀ। ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਰਾਹਤ ਸਮੱਗਰੀ ਦਾ 493ਵਾਂ ਟਰੱਕ ਲੈ ਕੇ ਰਾਹਤ ਟੀਮ ਸਰਹੱਦ ਕੰਢੇ ਵਸੇ ਪੰਜਾਬ ਦੇ ਸ਼ਹਿਰ ਡੇਰਾ ਬਾਬਾ ਨਾਨਕ ਪੁੱਜੀ ਸੀ। ਅਸੀਂ ਰਾਵੀ ਦਰਿਆ ਦੇ ਬੰਨ੍ਹ 'ਤੇ ਖੜ੍ਹੇ ਹੋ ਕੇ ਮਸਾਂ ਵੀਹ ਕਦਮ ਦੂਰ ਤੋਂ ਲੰਘਦੀ 'ਜ਼ੀਰੋ ਲਾਈਨ' ਅਤੇ ਉਸ ਦੇ ਪਾਰ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੱਲ ਵੇਖ ਰਹੇ ਸਾਂ। ਉਥੇ ਇਕ ਤਰ੍ਹਾਂ ਨਾਲ ਮੇਲਾ ਲੱਗਾ ਹੋਇਆ ਸੀ। ਕੁਝ ਲੋਕ ਨੰਗੀਆਂ ਅੱਖਾਂ ਨਾਲ ਅਤੇ ਕੁਝ ਦੂਰਬੀਨ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਮਹਾਨ ਪਾਵਨ ਗੁਰਧਾਮ ਨੂੰ ਦੇਖਣ ਲਈ ਤਰਲੋ-ਮੱਛੀ ਹੋ ਰਹੇ ਸਨ।
ਲੋਕਾਂ ਦੀ ਭੀੜ ਤੋਂ ਇਕ ਪਾਸੇ ਖੜ੍ਹੇ ਬਜ਼ੁਰਗ ਤੋਂ ਕੁਝ ਜਾਣਨ ਦੀ ਇੱਛਾ ਨਾਲ ਮੈਂ ਉਸ ਕੋਲ ਗਿਆ ਅਤੇ ਪੁੱਛ ਲਿਆ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ। ਇੰਨਾ ਸੁਣਦਿਆਂ ਹੀ ਉਸ ਦੀਆਂ ਅੱਖਾਂ ਭਰ ਆਈਆਂ ਅਤੇ ਰੋਣਹਾਕੀ ਆਵਾਜ਼ ਵਿਚ ਕਹਿਣ ਲੱਗਾ, ''ਖ਼ਲਾਅ ਵਿਚ ਲਟਕ ਰਿਹਾ ਹਾਂ। ਕਿਸੇ ਥਾਂ ਜੋਗਾ ਨਹੀਂ ਰਹਿ ਗਿਆ। ਸਰੀਰ ਭਾਰਤ ਵਿਚ ਹੈ ਅਤੇ ਆਤਮਾ ਲਕੀਰੋਂ ਪਾਰ (ਪਾਕਿਸਤਾਨ) ਭਟਕਦੀ ਫਿਰਦੀ ਹੈ।'' ਥੋੜ੍ਹੀ ਦੇਰ ਚੁੱਪ ਰਹਿ ਕੇ ਅਤੇ ਇਕ ਹਉਕਾ ਭਰ ਕੇ ਕਹਿਣ ਲੱਗਾ–ਔਹ ਟਾਹਲੀ ਵੇਖ ਰਹੇ ਹੋ, ਉਸ ਦੀਆਂ ਟਾਹਣੀਆਂ 'ਚ ਮੇਰੇ ਸੁਪਨੇ ਟੰਗੇ ਰਹਿ ਗਏ, ਜਦੋਂ ਸਾਨੂੰ ਉਜਾੜ ਕੇ ਇਸ ਪਾਸੇ ਵੱਲ ਕੱਢ ਦਿੱਤਾ ਗਿਆ। ਉਸ ਟਾਹਲੀ ਨੂੰ ਵੇਖ-ਵੇਖ ਅੱਜ ਵੀ ਕਾਲਜਾ ਫਟ ਜਾਂਦਾ ਹੈ।
1960 'ਚ ਹੋਇਆ 'ਉਜਾੜਾ'
ਉਸ ਵਿਅਕਤੀ ਦਾ ਨਾਂ ਨਰਿੰਦਰ ਸਿੰਘ ਸੀ ਅਤੇ ਉਮਰ 70-75 ਸਾਲ ਹੋਵੇਗੀ। ਜਿਸ ਟਾਹਲੀ ਵੱਲ ਉਹ ਇਸ਼ਾਰਾ ਕਰ ਰਿਹਾ ਸੀ, ਉਹ ਰਾਵੀ ਦੇ ਬੰਨ੍ਹ ਤੋਂ 50 ਮੀਟਰ ਦੂਰ ਹੋਵੇਗੀ। ਦੇਸ਼ ਦੀ ਵੰਡ ਤੋਂ ਪਹਿਲਾਂ ਉਥੇ 'ਪੱਖੋ ਕੇ' ਨਾਮੀ ਛੋਟਾ ਜਿਹਾ ਪਿੰਡ ਸੀ, ਜਿਸ ਦੇ 30-40 ਘਰਾਂ 'ਚੋਂ ਇਕ ਘਰ ਨਰਿੰਦਰ ਸਿੰਘ ਦਾ ਸੀ। ਉਹ ਟਾਹਲੀ ਉਨ੍ਹਾਂ ਦੀ ਜ਼ਮੀਨ ਵਿਚ ਹੀ ਸੀ। ਜਦੋਂ 1947 ਵਿਚ ਵੰਡ ਹੋਈ ਤਾਂ ਰਾਵੀ ਦਰਿਆ ਨੂੰ ਹੀ ਹੱਦ ਮੰਨ ਲਿਆ ਗਿਆ ਸੀ ਅਤੇ ਉਸ ਅਨੁਸਾਰ 'ਪੱਖੋ ਕੇ' ਦਾ ਇਲਾਕਾ ਭਾਰਤ ਦੇ ਹਿੱਸੇ ਵਿਚ ਸੀ। ਪਿੰਡ ਹੱਸਦਾ-ਵਸਦਾ ਰਿਹਾ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਉਹ ਉਜਾੜੇ ਤੋਂ ਬਚ ਗਏ ਹਨ। ਇਹ ਕਹਿਰ ਤਾਂ 1960 'ਚ ਵਾਪਰਿਆ, ਜਦੋਂ ਨਵੇਂ ਸਿਰੇ ਤੋਂ ਗਿਣਤੀ-ਮਿਣਤੀ ਹੋਈ ਅਤੇ ਸਰਹੱਦ ਵਾਲੀ ਲਕੀਰ ਪਿੰਡ ਪੱਖੋ ਕੇ ਤੋਂ ਅੱਗੇ ਲੰਘ ਕੇ ਭਾਰਤ ਵਾਲੇ ਪਾਸੇ ਆ ਗਈ। ਸਾਰੇ ਪਿੰਡ ਨੂੰ ਉੱਜੜਨਾ ਪਿਆ ਅਤੇ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਦੇ ਨਾਲ ਵਾਲੀ ਜਗ੍ਹਾ 'ਤੇ ਆ ਕੇ ਸ਼ਰਨ ਲੈਣੀ ਪਈ। ਪਾਕਿਸਤਾਨੀਆਂ ਨੇ ਸਾਰਾ ਪਿੰਡ ਢਾਹ ਕੇ ਪੱਧਰਾ ਕਰ ਦਿੱਤਾ। ਹੁਣ ਉਥੇ ਸਿਰਫ 'ਨਰਿੰਦਰ ਸਿੰਘ ਦੀ ਟਾਹਲੀ' ਹੀ ਬਚੀ ਹੈ, ਜਿਸ 'ਤੇ ਜ਼ਮੀਨ ਸਮੇਤ ਪਾਕਿਸਤਾਨ ਦਾ ਨਾਂ ਬੋਲਦਾ ਹੈ।
ਮੁਆਵਜ਼ਾ ਵੀ ਨਹੀਂ ਮਿਲਿਆ
ਪੱਖੋ ਕੇ ਪਿੰਡ 'ਚੋਂ ਉਜਾੜੇ ਗਏ 30-40 ਘਰਾਂ ਨੂੰ ਨਾ ਤਾਂ ਬਣਦੀ ਜ਼ਮੀਨ ਮਿਲੀ ਅਤੇ ਨਾ ਹੀ ਉਸ ਲਈ ਕੋਈ ਮੁਆਵਜ਼ਾ ਮਿਲਿਆ। ਨਰਿੰਦਰ ਸਿੰਘ ਵਰਗੇ ਕਈ ਲੋਕ ਅੱਜ ਵੀ ਇਸ ਦਰਦ ਨੂੰ ਸੀਨੇ 'ਚ ਲੁਕੋਈ ਫਿਰਦੇ ਹਨ। ਸਰਕਾਰੇ-ਦਰਬਾਰੇ ਧੱਕੇ ਖਾ ਕੇ ਇਹ ਲੋਕ ਥੱਕ ਚੁੱਕੇ ਹਨ ਅਤੇ ਅਖੀਰ ਉਨ੍ਹਾਂ ਨੇ ਇਸ ਨੂੰ ਤਕਦੀਰ ਦੀ ਖੇਡ ਸਮਝ ਕੇ ਮੰਨ ਲਿਆ। ਉੱਜੜੇ ਪਰਿਵਾਰਾਂ ਨੇ, ਜਿਹੜੀ ਥੋੜ੍ਹੀ-ਬਹੁਤੀ ਜ਼ਮੀਨ ਮਿਲੀ, ਉਸ ਵਿਚੋਂ ਰੋਟੀ ਪੈਦਾ ਕਰਨ ਲਈ ਹੱਡ ਭੰਨਣੇ ਸ਼ੁਰੂ ਕਰ ਦਿੱਤੇ। ਜ਼ਮੀਨ ਘੱਟ ਕਿਉਂ ਮਿਲੀ, ਉਸ ਦੇ ਵੀ ਕਈ ਕਾਰਨ ਉਨ੍ਹਾਂ ਨੇ ਦੱਸੇ। ਇਕ ਤਾਂ ਸਰਕਾਰੀ ਰਿਕਾਰਡ ਵਿਚ ਘਾਲਾ-ਮਾਲਾ ਹੋ ਗਿਆ ਅਤੇ ਦੂਜਾ ਕੀਮਤ ਦਾ 'ਹੇਰ-ਫੇਰ'। ਪਾਕਿਸਤਾਨ ਵਾਲੀ ਜ਼ਮੀਨ ਦੀ ਕੀਮਤ 'ਚਾਰ ਆਨੇ' ਮਿੱਥੀ ਗਈ ਅਤੇ ਉਸ ਦੇ ਬਦਲੇ ਭਾਰਤ 'ਚ 'ਇਕ ਰੁਪਏ' ਵਾਲੀ ਜ਼ਮੀਨ ਅਲਾਟ ਕੀਤੀ ਗਈ। ਜਿਹੜੇ ਕਿਸਾਨਾਂ ਨਾਲ ਅਜਿਹਾ ਹੋਇਆ, ਉਨ੍ਹਾਂ ਨੂੰ ਚਾਰ ਏਕੜ ਦੇ ਬਦਲੇ ਇਕ ਏਕੜ ਹੀ ਮਿਲਿਆ।
ਹੁਣ ਫਿਰ ਲਟਕ ਰਹੀ ਹੈ 'ਤਲਵਾਰ'
ਪੱਖੋ ਕੇ ਦੇ ਵਾਸੀਆਂ ਨੇ ਦੱਸਿਆ ਕਿ ਹੁਣ ਫਿਰ ਉਨ੍ਹਾਂ ਦੇ ਸਿਰ 'ਤੇ ਤਲਵਾਰ ਲਟਕ ਰਹੀ ਹੈ। ਬਹੁਤੇ ਕਿਸਾਨਾਂ ਦੀਆਂ ਜ਼ਮੀਨਾਂ ਉਸ ਖੇਤਰ ਵਿਚ ਆਉਂਦੀਆਂ ਹਨ, ਜਿਥੋਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਸੜਕ ਬਣਾਈ ਜਾਣੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਜ਼ਮੀਨ ਦੇ ਬਦਲੇ ਜ਼ਮੀਨ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜਿਹੜੇ ਪੈਸੇ ਮੁਆਵਜ਼ੇ ਵਜੋਂ ਮਿਲਦੇ ਹਨ, ਉਹ ਹੋਰ ਲੋੜਾਂ ਕਾਰਨ ਖੁਰ ਜਾਂਦੇ ਹਨ ਅਤੇ ਕਿਸਾਨ ਜ਼ਮੀਨ ਤੋਂ ਵਾਂਝੇ ਹੋ ਜਾਂਦੇ ਹਨ। ਜੇਕਰ ਨੇੜਲੇ ਖੇਤਰਾਂ 'ਚ ਜ਼ਮੀਨ ਨਾ ਮਿਲੀ ਤਾਂ ਉਨ੍ਹਾਂ ਨੂੰ ਘਰ-ਘਾਟ ਛੱਡ ਕੇ ਦੂਰ-ਦੁਰਾਡੀਆਂ ਥਾਵਾਂ 'ਤੇ ਜਾਣਾ ਪਵੇਗਾ ਅਤੇ ਫਿਰ ਉਥੇ ਜਾ ਕੇ ਨਵੇਂ ਸਿਰੇ ਤੋਂ ਘਰ ਅਤੇ ਖੇਤੀਬਾੜੀ ਸਥਾਪਿਤ ਕਰਨੀ ਪਵੇਗੀ।
ਪਿੰਡ ਦੇ ਸਰਪੰਚ ਗੁਰਬਖਸ਼ ਸਿੰਘ ਦਾ ਕਹਿਣਾ ਸੀ ਕਿ ਜਦੋਂ ਧੁੱਸੀ-ਬੰਨ੍ਹ ਬਣਿਆ ਸੀ ਅਤੇ ਉਥੋਂ ਤੱਕ ਜਾਣ ਵਾਲੀ ਸੜਕ, ਵਿਸ਼ਰਾਮ ਘਰ, ਕੰਟੀਨ ਆਦਿ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਉਸ ਵਿਚ ਵੀ ਉਨ੍ਹਾਂ ਦੀ ਅਤੇ ਹੋਰ ਕਿਸਾਨਾਂ ਦੀ ਜ਼ਮੀਨ ਆ ਗਈ ਸੀ। ਹੁਣ ਫਿਰ ਉਨ੍ਹਾਂ ਤੋਂ ਜ਼ਮੀਨਾਂ ਖੋਹਣ ਦੀ ਕਵਾਇਦ ਚੱਲ ਰਹੀ ਹੈ। ਇਸ ਦੇ ਖਿਲਾਫ ਕਿਸਾਨ ਧਰਨੇ-ਮੁਜ਼ਾਹਰੇ ਕਰ ਰਹੇ ਹਨ ਅਤੇ ਖ਼ੁਦਕੁਸ਼ੀਆਂ ਕਰਨ ਵਰਗੀਆਂ ਗੱਲਾਂ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਕ ਹੋਰ 'ਉਜਾੜਾ' ਬਰਦਾਸ਼ਤ ਨਹੀਂ ਕਰ ਸਕਣਗੇ।
ਡੇਨ ਹਾਈ ਸਕੂਲ
ਡੇਰਾ ਬਾਬਾ ਨਾਨਕ ਵਿਚ ਉਹ ਸਕੂਲ ਅੱਜ ਵੀ ਸਥਿਤ ਹੈ, ਜਿਸ ਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਲੁਈਸ ਡੇਨ ਵਲੋਂ 1909 ਵਿਚ ਹਾਈ ਸਕੂਲ ਦਾ ਦਰਜਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਪ੍ਰਾਇਮਰੀ ਸਕੂਲ ਹੀ ਸੀ, ਜਿਸ ਦੀ ਸਥਾਪਨਾ ਅੰਗਰੇਜ਼ਾਂ ਦੇ ਰਾਜ ਵੇਲੇ 1875 'ਚ ਕੀਤੀ ਗਈ ਦੱਸੀ ਜਾਂਦੀ ਹੈ। ਆਜ਼ਾਦੀ ਦੀ ਪ੍ਰਾਪਤੀ ਪਿੱਛੋਂ 1965 ਵਿਚ ਇਸ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਗਿਆ। ਪਹਿਲਾਂ ਇਥੇ ਲੜਕੇ-ਲੜਕੀਆਂ ਇਕੱਠੇ ਵਿੱਦਿਆ ਹਾਸਲ ਕਰਦੇ ਸਨ ਪਰ ਹੁਣ ਸਿਰਫ ਲੜਕਿਆਂ ਲਈ ਹੈ ਅਤੇ ਇਸ ਦਾ ਨਾਂ ਵੀ ਡੇਨ ਹਾਈ ਸਕੂਲ ਦੀ ਜਗ੍ਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਹੋ ਗਿਆ ਹੈ। ਡੇਨ ਦੇ ਨਾਂ ਵਾਲਾ ਪੱਥਰ, ਜੋ ਨਗਰ ਕੌਂਸਲ ਦੇ ਕਮਿਸ਼ਨਰ ਬੇਦੀ ਸਾਹਿਬ ਬਖਸ਼ੀਸ਼ ਸਿੰਘ ਨੇ ਉਸੇ ਵੇਲੇ ਲਗਵਾਇਆ ਸੀ, ਅੱਜ ਵੀ ਮੌਜੂਦ ਹੈ।
ਟੁੱਟਦੇ-ਬਣਦੇ ਰਾਹ
ਅੱਜ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤਕ ਸੰਪਰਕ-ਸੜਕ ਬਣਾਉਣ ਦੀਆਂ ਗੱਲਾਂ ਜ਼ੋਰ-ਸ਼ੋਰ ਨਾਲ ਹੋ ਰਹੀਆਂ ਹਨ। ਪਾਕਿਸਤਾਨ ਤਾਂ ਆਪਣੇ ਖੇਤਰ 'ਚ ਸੜਕ ਨਿਰਮਾਣ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ 1971 ਦੀ ਜੰਗ ਵਿਚ ਉਸ ਸੰਪਰਕ-ਰਾਹ ਨੂੰ ਤਬਾਹ ਕਰ ਦਿੱਤਾ ਗਿਆ ਸੀ, ਜਿਸ ਰਸਤੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ, ਨਾਰੋਵਾਲ ਅਤੇ ਹੋਰ ਪਾਕਿਸਤਾਨੀ ਹਿੱਸਿਆਂ ਤੱਕ ਰੇਲਾਂ ਅਤੇ ਬੱਸਾਂ ਦੀ ਆਵਾਜਾਈ ਸੀ। ਅੰਗਰੇਜ਼ਾਂ ਵਲੋਂ ਦਰਿਆ ਰਾਵੀ 'ਤੇ ਇਕ ਅਜਿਹਾ ਪੁਲ ਬਣਾਇਆ ਗਿਆ ਸੀ, ਜਿਸ ਤੋਂ ਰੇਲ-ਲਾਈਨ ਅਤੇ ਸੜਕ ਵੀ ਗੁਜ਼ਰਦੀ ਸੀ। ਅੱਜ ਇਸ ਪੁਲ ਦੇ ਖੰਡਰ ਹੀ ਬਾਕੀ ਬਚੇ ਹਨ ਅਤੇ ਦੂਜੇ ਪਾਸੇ ਨਵੇਂ ਰਸਤੇ ਖੋਲ੍ਹਣ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ।
(sandhu.js002@gmail.com)
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback